ਐਸ ਡੀ ਐਮ ਜਸਪ੍ਰੀਤ ਸਿੰਘ ਵਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੁੜ ਕੇ ਨਸ਼ਿਆਂ ਵਿਰੁੱਧ ਲਾਮਬੰਦ ਹੋਣ ਦਾ ਸੱਦਾ
ਨਸ਼ਿਆਂ ਨੂੰ ਜੜੋਂ ਖਤਮ ਕਰਨ ਦਾ ਲਿਆ ਅਹਿਦ
ਕਪੂਰਥਲਾ/ ਸੁਲਤਾਨਪੁਰ ਲੋਧੀ, (ਕੌੜਾ)- ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ’ਡਰੱਗ ਫ੍ਰੀ ਪੰਜਾਬ’ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਹੋਰ ਉਤਸ਼ਾਹਿਤ ਕਰਨ ਅਤੇ ਨਸ਼ਿਆਂ ਖਿਲਾਫ਼ ਸੁਨੇਹੇ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣ ਲਈ ਸਬ-ਡਵੀਜਨ ਪੱਧਰ ‘ਤੇ ਕਬੱਡੀ ਦੇ ਸ਼ੋਅ ਮੈਚ ਕਰਵਾਏ ਜਾ ਰਹੇ ਹਨ।

ਇਸੇ ਲੜੀ ਦੇ ਤਹਿਤ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਸਮਾਗਮ ਦੌਰਾਨ ਅੱਜ ਕਬੱਡੀ ਪੰਜਾਬ ਸਟਾਈਲ ਦਾ ਸ਼ੋਅ ਮੈਚ ਦੌਰਾਨ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਐਸਡੀਐਮ ਜਸਪ੍ਰੀਤ ਸਿੰਘ ਨੇ ਕਿਹਾ ਕਿ ਜਨਤਾ ਦੇ ਸਹਿਯੋਗ ਨਾਲ ਨਸ਼ਿਆਂ ਦਾ ਮੁਕੰਮਲ ਖਾਤਮਾ ਸੰਭਵ ਹੈ, ਸੂਬੇ ਦੀ ਜਵਾਨੀ ਦੇ ਸੁਨਹਿਰੇ ਭਵਿੱਖ ਲਈ ਆਪਣਾ ਬਣਦਾ ਯੋਗਦਾਨ ਪਾਉਣ ਨੂੰ ਮੁੱਖ ਸਮੂਹ ਹਾਜਰੀਨ ਵਲੋਂ ਨਸ਼ਿਆਂ ਦੇ ਖਾਤਮੇ ਦਾ ਅਹਿਦ ਲਿਆ ਗਿਆ। ਇਸ ਮੌਕੇ ਤੇ ਆਪ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਦੀ ਟੀਮ ਵੱਲੋਂ ਵੀ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਗਈ ਅਤੇ ਨਾਲ ਹੀ ਅੰਤਰਰਾਸ਼ਟਰੀ ਰਿਕਾਰਡ ਧਾਰੀ ਖਿਡਾਰੀ ਹਰਪ੍ਰੀਤ ਸਿੰਘ ਵਿੱਕੀ ਦਿਓਲ ਵਿਸ਼ੇਸ਼ ਤੌਰ ਤੇ ਪੁੱਜੇ।
ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਟੀਮਾਂ ਵਿਚਕਾਰ ਕਬੱਡੀ ਸ਼ੋਂਅ ਮੈਚ ਮੌਕੇ ਖਿਡਾਰੀਆਂ ਨਾਲ ਜਾਣ-ਪਛਾਣ ਉਪਰੰਤ ਐਸਡੀਐਮ ਜਸਪ੍ਰੀਤ ਸਿੰਘ ਨੇ ਕਿਹਾ ਪੰਜਾਬ ਸਰਕਾਰ ਵਲੋਂ ’ਡਰੱਗ ਫ੍ਰੀ ਪੰਜਾਬ’ ਮੁਹਿੰਮ ਵਿੱਢੀ ਗਈ ਹੈ ਜਿਸ ਵਿਚ ਉਨ੍ਹਾਂ ਨੇ ਲੋਕਾਂ ਤੋਂ ਭਰਵੇਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਲਾਮਵੰਦ ਹੋਣਾ ਚਾਹੀਦਾ ਹੈ ਤਾਂ ਜੋ ਇਸ ਅਲਾਮਤ ਨੂੰ ਜੜ੍ਹੋਂ ਖਤਮ ਕੀਤਾ ਜਾ ਸਕੇ।
ਖੇਡਾਂ ਨੂੰ ਹੋਰ ਪ੍ਰਫੁੱਲਤ ਕਰਕੇ ਨੌਜਵਾਨਾਂ ਨੂੰ ਚੰਗਾ ਸੁਨੇਹਾ ਦਿੰਦਿਆਂ ਉਨ੍ਹਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇ ਕੇ ਸਮਾਜ ਨੂੰ ਹੋਰ ਵਧੇਰੇ ਸਿਹਤਮੰਦ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੇ ਲੋਕਾਂ ਖਾਸਕਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੇ ਸਫਾਏ ਲਈ ਇੱਕਮੁੱਠ ਹੋ ਕੇ ਡਟਣ ਦਾ ਸਮਾਂ ਹੈ ਜਿਸ ਵਿਚ ਉਹ ਆਪਣਾ ਬਣਦਾ ਯੋਗਦਾਨ ਪਾ ਕੇ ਸਮਾਜ ਦੇ ਹਿਤਾਂ ਲਈ ਕੰਮ ਕਰਨ। ਪੰਜਾਬ ਸਰਕਾਰ ਦੀ ‘ਡਰੱਗ ਫ੍ਰੀ ਪੰਜਾਬ’ ਮੁਹਿੰਮ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ ਤਾਂ ਜੋ ਨਸ਼ਿਆਂ ਦੇ ਰੁਝਾਨ ਨੂੰ ਠੋਸ ਤਰੀਕੇ ਨਾਲ ਠੱਲ ਪਾਈ ਜਾ ਸਕੇ।
ਇਸ ਸ਼ੋਅ ਮੈਚ ਦੌਰਾਨ ਭਾਗ ਲੈਣ ਵਾਲਿਆਂ ਟੀਮਾਂ ਤਲਵੰਡੀ ਪਾਈ ਅਤੇ ਜੀਪੀ ਕਬੱਡੀ ਕਲੱਬ ਕੈਨੇਡਾ ਦੇ ਖਿਡਾਰੀਆਂ ਨੂੰ ਐਨਆਰਆਈ ਸਤਵਿੰਦਰ ਸਿੰਘ ਥਿੰਦ ਯੂਕੇ ਵੱਲੋਂ ਵਿਸ਼ੇਸ਼ ਵਿਤੀ ਸਹਿਯੋਗ ਦੇਕੇ ਹੋਂਸਲਾ ਅਫਜਾਈ ਕੀਤੀ ਗਈ ਅਤੇ ਇਸ ਸਮੇਂ ਸਿਹਤ ਅਮਲੇ ਦਾ ਵਿਸ਼ੇਸ਼ ਸਹਿਯੋਗ ਰਿਹਾ। ਅੰਤ ਚ ਐਸਡੀਐਮ ਜਸਪ੍ਰੀਤ ਸਿੰਘ ਨੇ ਖਿਡਾਰੀਆਂ ਨੂੰ ਇਨਾਮ ਵੀ ਤਕਸੀਮ ਕੀਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਆਗੂ ਤੇ ਯੂਥ ਬਲਾਕ ਪ੍ਰਧਾਨ ਸੋਨੂੰ ਜੈਨਪੁਰ , ਅਕਾਸ਼ਦੀਪ ਸਿੰਘ ਸ਼ਹਿਰੀ ਪ੍ਰਧਾਨ, ਸੁਰਿੰਦਰ ਅਰੋੜਾ ਪ੍ਰਧਾਨ, ਸਤਪਾਲ ਮਦਾਨ, ਲਕਸ਼ਮੀਕਾਂਤ ਸੋਨੂ, ਲਵਜੀਤ ਸਿੰਘ ਖੇਡ ਅਫ਼ਸਰ, ਲੈਚ. ਸੁਰਜੀਤ ਸਿੰਘ, ਕੋਚ ਗੁਰਪ੍ਰੀਤ ਸਿੰਘ , ਕੋਚ ਅਮਰਜੀਤ ਕੌਰ, ਕੋਚ ਇੰਦਰਜੀਤ ਕੌਰ, ਕੋਚ ਸੁਨੀਤਾ ਠਾਕੁਰ, ਹਰਪ੍ਰੀਤ ਪਾਲ ਸਿੰਘ, ਪਰਮਜੀਤ ਸਿੰਘ, ਸੁਖਜਿੰਦਰ ਸਿੰਘ, ਕੋਚ ਅਜੇ ਡਡਵਿੰਡੀ, ਕਮੈਂਟੇਟਰ ਮੰਗਾ ਅਲੀ, ਜਗਦੀਸ਼ ਰੀਡਰ ਤੋਂ ਇਲਾਵਾ ਇਲਾਕੇ ਦੇ ਲੋਕ ਮੌਜੂਦ ਸਨ।
ਤਿੰਨ ਰਾਡਾਂ ਦੇ ਉੱਤੇ ਹੱਥਾਂ ਦੇ ਅੰਗੂਠਿਆਂ ਦੇ ਸਹਾਰੇ ਹਰਪ੍ਰੀਤ ਨੇ 38 ਸਕਿੰਟਾਂ ‘ਚ 58 ਪੁਸ਼ਅਪਸ ਲਗਾ ਰਚਿਆ ਨਵਾਂ ਇਤਿਹਾਸ
ਆਪਣੇ ਰਿਕਾਰਡਾਂ ਰਾਹੀਂ ਪਹਿਲਾ ਵੀ ਕਈ ਵਾਰ ਪਵਿੱਤਰ ਨਗਰੀ ਦਾ ਨਾਮ ਰੌਸ਼ਨਾਉਣ ਇੰਟਰਨੈਸ਼ਨਲ ਰਿਕਾਰਡ ਧਾਰਕ ਖਿਡਾਰੀ ਹਰਪ੍ਰੀਤ ਸਿੰਘ ਉਰਫ ਵਿੱਕੀ ਦਿਓਲ ਨੇ ’ਡਰੱਗ ਫ੍ਰੀ ਪੰਜਾਬ’ ਮੁਹਿੰਮ ਤਹਿਤ ਕਰਵਾਏ ਸ਼ੋਅ ਮੈਚ ਦੌਰਾਨ ਆਪਣੀ ਸਖ਼ਤ ਮਿਹਨਤ ਸਦਕਾ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ। ਵਿੱਕੀ ਨੇ ਅੰਗੂਠਿਆਂ ਦੇ ਸਹਾਰੇ ਤਿੰਨ ਰਾਡਾਂ ਦੇ ਉੱਤੇ ਇੱਕ ਲੱਤ ਨੂੰ ਹਵਾ ਚ ਰੱਖਦੇ ਹੋਏ 38 ਸਕਿੰਟਾਂ ‘ਚ 58 ਡੰਡ ਲਗਾਕੇ ਸਭ ਨੂੰ ਹੈਰਾਨ ਕਰ ਦਿੱਤਾ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀਂ ਇੰਟਰਨੈਸ਼ਨਲ ਅਥਲੀਟ ਵਿੱਕੀ ਦਿਓਲ ਪਹਿਲਾ ਵੀ ਗੀਨਿਜ ਬੁੱਕ ਆਫ ਵਰਲਡ ਰਿਕਾਰਡ ਅਤੇ ਵਰਲਡ ਬੁੱਕ ਆਫ ਰਿਕਾਰਡਜ਼ ਲੰਡਨ ਯੂਕੇ , ਲਿਮਕਾ ਬੁੱਕ ਆਦਿ ਹੋਰਨਾਂ ‘ਚ ਆਪਣੀਆਂ ਪ੍ਰਾਪਤੀਆਂ ਦਰਜ ਕਰਵਾ ਚੁੱਕਾ ਹੈ। ਉਥੇ ਹੀ ਐਸ ਡੀ ਐਮ ਜਸਪ੍ਰੀਤ ਸਿੰਘ ਵੱਲੋਂ ਵਿੱਕੀ ਦਿਓਲ ਨੂੰ ਵਧਾਈ ਦਿੱਤੀ ਗਈ ਅਤੇ ਖੂਬ ਪ੍ਰਸ਼ੰਸਾਂ ਕੀਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly