(ਸਮਾਜ ਵੀਕਲੀ) ਵਾਲ ਕੱਟਣਾ ਨਾਈ ਦਾ ਧਰਮ ਨਹੀਂ, ਧੰਦਾ ਹੈ।
ਚਮੜੇ ਨੂੰ ਕੱਟਣਾ ਤੇ ਸਿਲਾਈ ਕਰਨਾ ਚਮਿਆਰ ਅਤੇ ਮੋਚੀ ਦਾ ਧਰਮ ਨਹੀਂ, ਧੰਦਾ ਹੈ।
ਓਵੇਂ ਹੀ ਪਾਠ-ਪੂਜਾ ਕਰਨਾ ਬ੍ਰਾਹਮਣ/ਗ੍ਰੰਥੀ/ਮੌਲਵੀ/ਪਾਦਰੀ ਦਾ ਧਰਮ ਨਹੀਂ, ਸਿਰਫ਼ ਧੰਦਾ ਹੈ।
ਇਸ ਨੌਜਵਾਨ ਮੁੰਡੇ ਕੋਲ ਭੰਗੜੇ-ਗਿੱਧੇ ਦੀ ਕਲਾ ਸੀ। ਇਸਨੇ ਆਪਣੀ ਕਲਾਂ ਨੂੰ ਲੋਕਾਂ ‘ਚ ਰੱਖਿਆ। ਮੁੰਡਾ ਸਿਰਫ਼ ਆਪਣੀ ਕਲਾ ਦਿਖਾ ਰਿਹਾ ਸੀ। ਕਲਾ ਦੇ ਦਮ ਤੇ ਲੋਕਾਂ ‘ਚ, ਵੱਡੇ-ਵੱਡੇ ਕਲਾਕਾਰਾਂ, ਅਦਾਕਾਰਾਂ ‘ਚ ਜਾਣਿਆ-ਪਛਾਣਿਆ ਜਾਣ ਲੱਗਾ। ਇਸਦੀ ਕਲਾ ਤੋਂ ਪ੍ਰਭਾਵਿਤ ਹੋਕੇ ਸੋਸ਼ਲ ਮੀਡੀਆ ‘ਤੇ ਲੱਖਾਂ ਲੋਕਾਂ ਨੇ ਇਸਨੂੰ ਫੋਲੋ ਕੀਤਾ।
ਪਰ ਆਖ਼ਰ ਇਸਦਾ ਇੱਕ ਵੱਡਾ ਗੁਨਾਹ ਸਾਹਮਣੇ ਆਇਆ। ਉਸ ਗੁਨਾਹ ਦੀ ਇਸਨੂੰ ਸਜ਼ਾ ਮਿਲਣ ਲੱਗੀ। ਲੋਕਾਂ ਨੇ ਇਸ ਪ੍ਰਤੀ ਗੰਦੀ ਸ਼ਬਦਾਵਲੀ ਵਰਤਣੀ ਸ਼ੁਰੂ ਕੀਤੀ। ਗ਼ਲਤ ਐਡਿਟਿੰਗ ਕਰਕੇ ਇਸਦੀ ਵੀਡੀਓਜ਼ ਵਾਇਰਲ ਕਰਨੀਆਂ ਸ਼ੁਰੂ ਕੀਤੀਆਂ। ਕੂਮੈਂਟਾਂ ‘ਚ ਗ਼ਲਤ ਬੋਲਣ ਲੱਗੇ।
“ਕੀ ਤੁਹਾਨੂੰ ਪਤਾ ਉਹ ਗੁਨਾਹ ਕੀ ਸੀ ?”
“ਇਸਦਾ ਗੁਨਾਹ ਸੀ ਸਿਰ ‘ਤੇ ਪੱਗ ਬੰਨ੍ਹਣਾ, ਨਾਮ ਪਿੱਛੇ ਸਿੰਘ ਲਗਾਉਣਾ ਜਾਂ ਕਹਿ ਲਓ ਇਸਦਾ ਸਿੱਖ ਦਿਸਣਾ।”
… ਤੇ ਆਖ਼ਰ ਇਸ ਨੌਜਵਾਨ ਨੇ ਪੱਗ ਛੱਡਕੇ, ਨਵੀਂ ਦਿੱਖ ਬਣਾ ਲਈ।
ਅਖੌਤੀ ਧਰਮ ਦੇ ਰਾਖਿਓ ਹੁਣ ਖੁਸ਼ ਹੋ ?
ਹੁਣ ਨਿਕਲ ਗਿਆ ਤੁਹਾਡਾ ਧਰਮ ਸੰਕਟ ‘ਚੋਂ ?
ਸਭ ਤੋਂ ਵੱਡੀ ਨਾਕਾਮੀ ਸਰਕਾਰਾਂ ਦੀ ਹੈ। ਜੇਕਰ ਇਸ ਸਮਾਜ ਵਿੱਚ ਕੁੱਟਮਾਰ, ਗਾਲੀ-ਗਲੋਚ, ਧਮਕਾਉਣ ਨੂੰ ਅਪਰਾਧਿਕ ਮਾਮਲਿਆਂ ‘ਚ ਗਿਣਿਆਂ ਜਾਂਦਾ ਤੇ ਕਾਰਵਾਈ ਹੁੰਦੀ ਤਾਂ ਸੋਸ਼ਲ ਮੀਡੀਆ ‘ਤੇ ਏਨੀਂ ਖੁੱਲ ਕਿਉਂ ?
ਅੱਜ ਸੋਸ਼ਲ ਮੀਡੀਆ ‘ਤੇ ਫੇਕ ਆਈਡੀ ਬਣਾਕੇ ਕਿਸੇ ਨੂੰ ਗਾਲ਼ਾਂ ਕੱਢਣਾ, ਧਮਕਾਉਣਾ ਕਿੰਨਾ ਆਮ ਹੋ ਗਿਆ।
ਸੋਸ਼ਲ ਮੀਡੀਆ ‘ਤੇ ਆਪਣੀ ਵੱਡੀ ਥਾਂ ਬਣਾਈ ਬੈਠੇ ਲੋਕਾਂ ਨੂੰ ਸੋਸ਼ਲ ਮੀਡੀਆ ‘ਤੇ ਟਿਕਿਆ ਰਹਿਣਾ ਕਿੰਨਾ ਔਖਾ ਹੋ ਗਿਆ।
ਅੱਜ ਜਿਸ ਪੱਧਰ ‘ਤੇ ਅਜਿਹੇ ਲੋਕਾਂ ਨੂੰ ਬਿਨਾਂ ਕਸੂਰੋਂ ਸੋਸ਼ਲ ਮੀਡੀਆ ‘ਤੇ ਜ਼ਲੀਲ ਕੀਤਾ ਜਾ ਰਿਹਾ ਆਉਣ ਵਾਲੇ ਸਮੇਂ ‘ਚ ਆਤਮਹੱਤਿਆਵਾਂ, ਮਾਨਸਿਕ ਤੌਰ ‘ਤੇ ਬਿਮਾਰੀਆਂ ‘ਚ ਵਾਧਾ ਹੋਵੇਗਾ।
ਜਿਵੇਂ ਇੱਕ ਸਮਾਂ ਸੀ ਔਰਤਾਂ ਤੇ ਕੁੜੀਆਂ ਨੂੰ ਹਨ੍ਹੇਰੇ ‘ਚ ਘਰੋਂ ਨਿਕਲਣ ਤੋਂ ਰੋਕਿਆ ਜਾਂਦਾ ਸੀ। ਜੇਕਰ ਸੋਸ਼ਲ ਮੀਡੀਆ ਨੂੰ ਲੈਕੇ ਸਰਕਾਰਾਂ ਨੇ ਕੋਈ ਠੋਸ ਕਦਮ ਨਾ ਉਠਾਏ ਤਾਂ ਓਵੇਂ ਹੀ ਆਉਣ ਵਾਲੇ ਸਮੇਂ ਵਿੱਚ ਲੋਕ ਆਪਣੇ ਬੱਚਿਆਂ, ਧੀਆਂ, ਭੈਣਾਂ ਨੂੰ ਸੋਸ਼ਲ ਮੀਡੀਆ ‘ਤੇ ਜਾਣ ਤੋਂ ਰੋਕਿਆ ਕਰਨਗੇ।
ਨਾ ਤਾਂ ਲੋਕ ਖ਼ੁਦ ਆਪਣੀ ਜ਼ਿੰਦਗੀ ਜੀਅ ਰਹੇ, ਤੇ ਨਾਹੀਂ ਦੂਜਿਆਂ ਨੂੰ ਜੀਣ ਦੇ ਰਹੇ। ਜਿਹੜੇ ਲੋਕ ਆਪ ਡਿਪਰੈਸ਼ਨ ਦਾ ਸ਼ਿਕਾਰ ਹਨ ਉਹ ਸੋਸ਼ਲ ਮੀਡੀਆ ‘ਤੇ ਜਾਕੇ ਦੂਜਿਆਂ ਨੂੰ ਵੀ ਤੰਗ-ਪ੍ਰੇਸ਼ਾਨ ਕਰ ਰਹੇ ਹਨ।
ਜੋਰਾ ਸਿੰਘ ਬਨੂੜ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


