ਮੇਰੀ ਕਿਤਾਬ ਦਾ ਨਾਮ ਸੁਣ ਕੇ ਹੀ ਕੀਵੀ ਪਾਠਕ ਕਿਤਾਬਾਂ ਖਰੀਦਣ ਲੱਗੇ- ਇੱਕ ਪਾਠਕ ਨਾਲ ਗੱਲਬਾਤ

ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

(ਸਮਾਜ ਵੀਕਲੀ) ਮੇਰੀ ਤਰਕਸ਼ੀਲ ਵਿਚਾਰਧਾਰਾ ਹੋਣ ਕਾਰਣ ਮੈਨੂੰ ਜਵਾਨੀ ਵੇਲੇ ਤੋਂ ਹੀ ਘਟਨਾਵਾਂ ਨੂੰ ਬਰੀਕੀ ਨਾਲ ਪਰਖਣ ਅਤੇ ਨਵੇਂ ਲੋਕਾਂ ਨੂੰ ਮਿਲਣ ਦੀ ਆਦਤ ਪੈ ਗਈ ਸੀ l ਇਸੇ ਆਦਤ ਕਾਰਣ ਮੈਨੂੰ ਚੁੱਪ ਕਰਕੇ ਬੈਠਣਾ ਬੜਾ ਔਖਾ ਲਗਦਾ ਹੈ l ਮੈਂ ਹਮੇਸ਼ਾਂ ਹੀ ਉਨ੍ਹਾਂ ਥਾਵਾਂ ਤੇ ਜਾਂਦਾ ਹਾਂ ਜਿੱਥੇ ਗੱਲਾਂਬਾਤਾਂ ਜਾਂ ਵਿਚਾਰ ਕਰਨ ਵਾਲੇ ਲੋਕ ਮਿਲਣ l ਇਸ ਦਾ ਇੱਕ ਕਾਰਣ ਇਹ ਵੀ ਸੀ ਕਿ ਮੈਨੂੰ ਹਰ ਵੇਲੇ ਕੁੱਝ ਨਵਾਂ ਸਿੱਖਣ ਦੀ ਚਾਹਤ ਰਹਿੰਦੀ ਸੀ l ਦੂਜੇ ਦੇ ਘਰ ਜਾ ਕੇ ਚਾਹ/ਕੌਫੀ ਪੀ ਕੇ ਜਾਂ ਇਕੱਲੀ ਰੋਟੀ ਖਾ ਕੇ ਆ ਜਾਣਾ ਮੈਨੂੰ ਚੰਗਾ ਨਹੀਂ ਲਗਦਾ l

ਮੇਰੀ ਪੰਜਵੀਂ ਕਿਤਾਬ ਅਤੇ ਅੰਗਰੇਜ਼ੀ ਵਿੱਚ ਲਿਖੀ ਪਹਿਲੀ ਕਿਤਾਬ “Homeless To Multi-Millionaire” ਅਜੇ ਪਿਛਲੇ ਹਫ਼ਤੇ ਹੀ ਨਿਊਜ਼ੀਲੈਂਡ ਵਿੱਚ ਪਹੁੰਚੀ ਹੈ l ਅਜੇ ਆਪਣੀ ਫੇਸਬੁੱਕ ਤੇ ਹੀ ਇਸ ਦੀ ਜਾਣਕਾਰੀ ਪਾਈ ਹੈ l ਹੋਰ ਕੋਈ ਮਸ਼ਹੂਰੀ ਨਹੀਂ ਕੀਤੀ l ਇਸ ਕਿਤਾਬ ਨੂੰ ਪੰਜਾਬੀਆਂ ਦੇ ਨਾਲ ਨਾਲ ਕੀਵੀ ਪਾਠਕਾਂ ਨੇ ਵੀ ਬਹੁਤ ਜਿਆਦਾ ਖਰੀਦਿਆ l ਨਿਊਜ਼ੀਲੈਂਡ ਵਿੱਚ ਜਨਮ ਲੈਣ ਵਾਲਿਆਂ ਨੂੰ ਕੀਵੀ ਕਿਹਾ ਜਾਂਦਾ ਹੈ l
ਕੁੱਝ ਪਾਠਕਾਂ ਨੇ ਅਸਟ੍ਰੇਲੀਆ ਤੋਂ ਵੀ ਕਿਤਾਬ ਨੂੰ ਖਰੀਦਿਆ l ਅੱਜ ਹੀ ਇਸ ਕਿਤਾਬ ਨੂੰ ਅਸਟ੍ਰੇਲੀਆ ਵਾਸਤੇ ਜਦੋਂ ਪੋਸਟ ਆਫਿਸ ਭੇਜਣ ਗਿਆ ਤਾਂ ਮੈਂ ਲਿਫ਼ਾਫ਼ਾ ਲੈ ਕੇ ਕਿਤਾਬ ਪੈਕ ਕਰ ਕੇ ਕਾਉਂਟਰ ਤੇ ਚਲਾ ਗਿਆ l ਉੱਥੇ ਕੰਮ ਕਰਦੀ ਗੋਰੀ ਕਹਿਣ ਲੱਗੀ ਕਿ ਤੈਨੂੰ “ਕਸਟਮ ਡੈਕਲੇਰੇਸ਼ਨ” ਭਰਨੀ ਪੈਣੀ ਹੈ l ਇਹ ਕਹਿ ਕੇ ਉਸ ਨੇ ਮੈਨੂੰ ਫਾਰਮ ਭਰਨ ਨੂੰ ਦਿੱਤਾ l ਮੈਂ ਉਸ ਉੱਪਰ ਹੋਰ ਵਿਸਥਾਰ ਲਿਖਣ ਦੇ ਨਾਲ ਨਾਲ ਕਿਤਾਬ ਦਾ ਨਾਮ ਲਿਖ ਦਿੱਤਾ ਕਿ ਇਹ ਭੇਜ ਰਿਹਾ ਹਾਂ l ਕਿਤਾਬ ਦਾ ਨਾਮ ਪੜ੍ਹ ਕੇ ਉਹ ਕਹਿੰਦੀ ਕਿ ਇਹ ਕਿਤਾਬ ਤੂੰ ਕਿੱਥੋਂ ਖਰੀਦੀ ਹੈ? ਮੈਂ ਕਿਹਾ ਕਿ ਮੈਂ ਇਸ ਕਿਤਾਬ ਦਾ ਲੇਖਕ ਹਾਂ ਅਤੇ ਕੁੱਝ ਵਾਕਾਂ ਵਿੱਚ ਮੈਂ ਕਿਤਾਬ ਬਾਰੇ ਜਾਣਕਾਰੀ ਦਿੱਤੀ l ਉਹ ਕਹਿੰਦੀ “Awesome” (ਬਹੁਤ ਵਧੀਆ) l
ਉਹ ਕਹਿੰਦੀ ਕਿ ਮੈਂ ਇਹ ਕਿਤਾਬ ਕਿੱਥੋਂ ਖਰੀਦ ਸਕਦੀ ਹਾਂ? ਮੈਂ ਕਿਹਾ ਹੋਰ ਕਿਤਾਬਾਂ ਕਾਰ ਵਿੱਚ ਪਈਆਂ ਹਨ, ਮੈਂ ਲਿਆ ਦਿੰਦਾ ਹਾਂ l ਮੈਂ ਜਦ ਕਿਤਾਬ ਲੈ ਕੇ ਆਇਆ ਤਾਂ ਉਹ $35 ਡਾਲਰ ਤਿਆਰ ਕਰਕੇ ਬੈਠੀ ਸੀ l ਉਸ ਸਮੇਂ ਉੱਥੇ ਗਾਹਕ ਘੱਟ ਹੀ ਸਨ l ਉਹ ਕਹਿੰਦੀ ਕਿ Sir (ਸ਼੍ਰੀਮਾਨ ਜੀ) ਜੇ ਗੁੱਸਾ ਨਾ ਕਰੋਂ ਤਾਂ ਤੁਹਾਨੂੰ ਇੱਕ ਗੱਲ ਪੁੱਛਣੀ ਹੈ? ਮੈਂ ਕਿਹਾ ਜੋ ਮਰਜ਼ੀ ਪੁੱਛ ਲੈ, ਗੁੱਸੇ ਵਾਲੀ ਕਿਹੜੀ ਗੱਲ ਹੈ?
ਉਹ ਪੁੱਛਣ ਲੱਗੀ ਕਿ ਕਿਤਾਬ ਦੇ ਟਾਈਟਲ/ਕਵਰ ਦੇ ਅਨੁਸਾਰ ਤੁਸੀਂ ਆਰਥਿਕ ਤੌਰ ਤੇ ਏਨੀ ਕਾਮਯਾਬੀ ਹਾਸਿਲ ਕੀਤੀ ਹੈ ਫਿਰ ਤੁਹਾਨੂੰ ਆਪਣੀ ਕਿਤਾਬ 35 ਡਾਲਰ ਵਿੱਚ ਵੇਚਣ ਦੀ ਕੀ ਲੋੜ ਹੈ? ਮੈਂ ਉਸ ਨੂੰ ਕਿਹਾ ਕਿ ਤੇਰਾ ਸਵਾਲ ਬਹੁਤ ਵਧੀਆ ਹੈ ਪਰ ਇਸ ਦਾ ਜਵਾਬ ਸਮਝਣ ਲਈ ਇੱਕ ਵੱਖਰੇ ਲੈਵਲ ਤੇ ਜਾਣਾ ਪੈਂਦਾ ਹੈ l ਉਹ ਕਹਿੰਦੀ ਫਿਰ ਵੀ ਤੂੰ ਆਪਣੇ ਸ਼ਬਦਾਂ ਵਿੱਚ ਜਵਾਬ ਦੇ l ਮੈਂ ਕਿਹਾ ਕਿ ਮੈਂ ਦੂਜਿਆਂ ਨੂੰ ਆਰਥਿਕ ਤੌਰ ਤੇ ਆਪਣੇ ਵਰਗੇ ਬਣਾਉਣ ਦੀ ਕੋਸ਼ਿਸ਼ ਵਿੱਚ ਹਾਂ l ਪਾਠਕਾਂ ਵਲੋਂ ਦਿੱਤੇ 35 ਡਾਲਰਾਂ ਨਾਲ ਮੇਰਾ ਕੁੱਝ ਨਹੀਂ ਬਣੇਗਾ ਪਰ ਜੇ ਕੋਈ ਪਾਠਕ ਆਰਥਿਕ ਤੌਰ ਤੇ ਕਾਮਯਾਬ ਹੋ ਜਾਵੇਗਾ ਤਾਂ ਉਸ ਦਾ ਬਹੁਤ ਕੁੱਝ ਸੁਧਰ ਜਾਵੇਗਾ l ਇਹ ਮੈਂ ਉਮੀਦ ਰੱਖਦਾ ਹਾਂ l ਉਸ ਦੇ ਮੂੰਹੋਂ ਅਚਾਨਕ ਹੀ ਨਿਕਲਿਆ, “So nice of you/ ਤੁਸੀਂ ਬਹੁਤ ਚੰਗੇ ਹੋ” l
ਏਨੇ ਚਿਰ ਨੂੰ ਹੋਰ ਗਾਹਕ ਆ ਗਏ ਅਤੇ ਸਾਡੀ ਗੱਲਬਾਤ ਟੁੱਟ ਗਈ l ਉਹ ਕਹਿਣ ਲੱਗੀ ਕਿ ਅਗਲੀ ਵਾਰ ਕਿਤਾਬ ਭੇਜਣੀ ਹੋਈ ਤਾਂ ਮੈਨੂੰ ਖੁਸ਼ੀ ਹੋਵੇਗੀ ਤੁਹਾਨੂੰ ਮਿਲ ਕੇ l ਮੈਂ ਵੀ ਕਿਹਾ ਕਿ ਜ਼ਰੂਰ l ਉਹ ਕਹਿੰਦੀ ਕਿ ਮੈਂ ਤੇਰੀ ਕਿਤਾਬ ਵਾਰੇ ਸਾਰੇ ਸਟਾਫ ਨੂੰ ਦੱਸਾਂਗੀ l ਮੈਂ ਧੰਨਵਾਦ ਕਰਦਾ ਹੋਇਆ ਉਥੋਂ ਤੁਰ ਪਿਆ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ 
  ਜੱਦੀ ਪਿੰਡ ਖੁਰਦਪੁਰ (ਜਲੰਧਰ)
  006421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਫਰੇਬੀ ਪੁੱਤ
Next articleਬਿਨ ਬਾਪ ਭਾਈ ਘਰ