ਗੁਰਦੇਵ ਸਿੰਘ ਘਾਰੂ ਦਾ ਨਾਵਲ “ਛਲਾਵਾ” ਕੀਤਾ ਲੋਕ ਅਰਪਣ

ਸ੍ਰੀ ਮੁਕਤਸਰ ਸਾਹਿਬ, (ਸਮਾਜ ਵੀਕਲੀ) (ਪੱਤਰ ਪ੍ਰੇਰਕ) ਪੰਜਾਬੀ ਸਾਹਿਤ ਸਭਾ (ਰਜਿ.) ਸ੍ਰੀ ਮੁਕਤਸਰ ਸਾਹਿਬ ਵੱਲੋਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਵਾਸੀ ਨੌਜਵਾਨ ਸ਼ਾਇਰ ਜਸਵੰਤ ਗਿੱਲ ਸਮਾਲਸਰ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਉੱਘੇ ਆਲੋਚਕ ਡਾ.ਸੁਰਜੀਤ ਬਰਾੜ, ਨੌਜਵਾਨ ਸ਼ਾਇਰ ਚਰਨਜੀਤ ਸਮਾਲਸਰ, ਪ੍ਰਮਾਣਿਤ ਗੀਤਕਾਰ ਅਤੇ ਸਾਹਿਤਕਾਰ ਗੁਰਾਂਦਿੱਤਾ ਸਿੰਘ ਸੰਧੂ ਅਤੇ ਲੋਕ ਸ਼ਾਇਰ ਜਸਵੰਤ ਗਿੱਲ ਸਮਾਲਸਰ ਬਿਰਾਜਮਾਨ ਹੋਏ। ਮੰਚ ਸੰਚਾਲਨ ਕਰਦਿਆਂ ਸਭਾ ਦੇ ਜਨਰਲ ਸਕਤੱਰ ਕੁਲਵੰਤ ਸਰੋਤਾ ਨੇ ਮਹਿਮਾਨ ਸ਼ਾਇਰ ਨਾਲ ਜਾਣ-ਪਛਾਣ ਕਰਾਉਂਦਿਆ ਕਿਹਾ ਕਿ ਜਸਵੰਤ ਗਿੱਲ ਸਮਾਲਸਰ ਨੇ ਥੋੜ੍ਹੇ ਅਰਸੇ ਦੌਰਾਨ ਹੀ ਆਪਣੀ ਵਿਲੱਖਣ ਸ਼ਾਇਰੀ ਨਾਲ ਪੰਜਾਬੀ ਸਾਹਿਤ ਜਗਤ ਵਿਚ ਵਿਸ਼ੇਸ਼ ਥਾਂ ਬਣਾ ਲਈ ਹੈ। ਸਮਾਜ ਵੱਲੋਂ ਹਾਸ਼ੀਏ ਵੱਲ ਧੱਕੇ ਵਰਗ ਦੀ ਗੱਲ ਕਰਨ ਵਾਲੇ ਜਸਵੰਤ ਗਿੱਲ ਦਾ ਹਾਲ ਵਿੱਚ ਹੀ ਰਿਲੀਜ਼ ਹੋਇਆ ਕਾਵਿ-ਸੰਗ੍ਰਹਿ “ਜ਼ਿੰਦਗੀ ਦੇ ਪਰਛਾਵੇਂ” ਕਾਫੀ ਚਰਚਿਤ ਰਿਹਾ। ਚਰਨਜੀਤ ਸਮਾਲਸਰ ਨੇ ਆਪਣੇ ਛੋਟੇ ਭਰਾਤਾ ਜਸਵੰਤ ਗਿੱਲ ਸਮਾਲਸਰ ਦੇ ਜੀਵਨ ਅਤੇ ਸਾਹਿਤਕ ਸਿਰਜਣਾ ਬਾਰੇ ਸੰਖੇਪ ਪਰ ਭਾਵਪੂਰਤ ਜਾਣਕਾਰੀ ਦਿੱਤੀ। ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਉੱਘੇ ਆਲੋਚਕ ਡਾਕਟਰ ਸੁਰਜੀਤ ਬਰਾੜ ਨੇ ਕਿਹਾ ਕਿ ਜਸਵੰਤ ਲੋਕ ਪੱਖੀ ਵਿਚਾਰਧਾਰਾ ਨੂੰ ਪ੍ਰਣਾਇਆ ਨੌਜਵਾਨ ਸ਼ਾਇਰ ਹੈ ਪੰਜਾਬੀ ਸਾਹਿਤ ਜਗਤ ਨੂੰ ਜਸਵੰਤ ਤੋਂ ਕਾਫੀ ਉਮੀਦਾਂ ਹਨ ਤੇ ਉਹ ਪ੍ਰਤੀਬੱਧ ਸਾਹਿਤਕਾਰ ਹੈ। ਜਸਵੰਤ ਗਿੱਲ ਨੇ ਹਾਜ਼ਰੀਨ ਨਾਲ ਰੂਬਰੂ ਹੁੰਦਿਆਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਆਪਣੀਆਂ ਕੁੱਝ ਚੋਣਵੀਆਂ ਰਚਨਾਵਾਂ ਵੀ ਸਰੋਤਿਆਂ ਨਾਲ਼ ਸਾਂਝੀਆਂ ਕੀਤੀਆਂ। ਰਚਨਾਵਾਂ ਦੇ ਦੌਰ ‘ਚ ਪ੍ਰਿਤਪਾਲ ਮਲਕਾਣਾ, ਚਰਨਜੀਤ ਸਮਾਲਸਰ, ਗੁਰਦੇਵ ਘਾਰੂ, ਧਰਮ ਪਰਵਾਨਾ, ਸਤੀਸ਼ ਧਵਨ ਭਲੂਰ, ਗੁਰਦੀਪ ਭਾਵਾ ਮਾਨਸਾ, ਬਲਦੇਵ ਇਕਵੰਨ, ਹਰਸੰਗੀਤ ਗਿੱਲ, ਬਸ਼ਰ ਪਰਮਿੰਦਰ ਸਿੰਘ, ਬਲਵਿੰਦਰ ਰਾਏ ਦੋਦਾ, ਉਸਤਾਦ ਸ਼ਾਇਰ ਬਿੱਕਰ ਸਿੰਘ ਵਿਯੋਗੀ, ਵਤਨਵੀਰ ਜ਼ਖਮੀ, ਕੁਲਵਿੰਦਰ ਵਿਰਕ ਕੋਟਕਪੂਰਾ, ਸਰਬਜੀਤ ਸਿੰਘ, ਜਸਵੀਰ ਫੀਰਾ, ਸੁਖਜਿੰਦਰ ਭੰਗਚੜੀ, ਕੁਲਵਿੰਦਰ ਸਿੰਘ ਦਿਲਗੀਰ ਆਦਿ ਕਵੀਆਂ ਨੇ ਆਪੋ ਆਪਣੀਆਂ ਰਚਨਾਵਾਂ ਦੀ ਸ਼ਾਨਦਾਰ ਪੇਸ਼ਕਾਰੀ ਕਰ ਕੇ ਹਾਜ਼ਰੀਨ ਦਾ ਮਨ ਮੋਹ ਲਿਆ। ਇਸ ਮੌਕੇ ਪੰਜਾਬੀ ਦੇ ਉੱਘੇ ਨਾਵਲਕਾਰ ਗੁਰਦੇਵ ਸਿੰਘ ਘਾਰੂ ਦਾ ਨਵਪ੍ਰਕਾਸ਼ਿਤ ਨਾਵਲ “ਛਲਾਵਾ” ਲੋਕ ਅਰਪਣ ਕੀਤਾ ਗਿਆ। ਸਭਾ ਦੇ ਮੁੱਖ ਸਰਪ੍ਰਸਤ ਗੁਰਾਂਦਿੱਤਾ ਸਿੰਘ ਸੰਧੂ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਅਖ਼ੀਰ ‘ਚ ਸਾਹਿਤ ਸਭਾ ਵੱਲੋਂ ਜਸਵੰਤ ਗਿੱਲ ਸਮਾਲਸਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



