(ਸਮਾਜ ਵੀਕਲੀ) ਹੱਸੋ ਜ਼ਰੂਰ ਪਰ ਕਿਸੇ ਦੇ ਮਨ ਨੂੰ ਹੱਸਣ ਨਾਲ ਨੂੰ ਠੇਸ ਨਾ ਪਹੁੰਚੇ.. ਸਿਆਣੇ ਕਹਿੰਦੇ ਹਨ ਹੱਸਦਿਆਂ ਦੇ ਘਰ ਵਸਦੇ। ਕਈ ਵਾਰੀ ਅਸੀਂ ਹੱਸਦੇ ਹੱਸਦੇ ਕਿਸੇ ਨਾਲ ਇਹੋ ਜਿਹਾ ਮਜ਼ਾਕ ਕਰ ਲੈਂਦੇ ਹਾਂ ਕਿ ਉਸ ਦੇ ਮਨ ਨੂੰ ਠੇਸ ਪਹੁੰਚ ਜਾਂਦੀ ਹੈ ।ਅੱਜ ਕੱਲ੍ਹ ਦੀ ਜ਼ਿੰਦਗੀ ਵਿਚ ਹਾਸਾ ਨਾਂ ਦੀ ਚੀਜ਼ ਮਨਫ਼ੀ ਹੋ ਗਈ ਹੈ। ਸਾਡੇ ਤਨ ਅਤੇ ਮਨ ਨੂੰ ਉਦਾਸੀ , ਚਿੰਤਾ, ਪਰੇਸ਼ਾਨੀ, ਤਣਾਅ, ਅਤੇ ਡਿਪ੍ਰੈਸ਼ਨ ਨੇ ਉਲਝਾ ਰੱਖਿਆ ਹੈ ।ਅੱਜ ਕਲ ਸਾਡੇ ਕੋਲ਼ੇ ਕਿਸੇ ਨੂੰ ਮਜ਼ਾਕ ਕਰਨ ਦਾ ਸਮਾਂ ਨਹੀਂ ਹੈ, ਨਾ ਹੀ ਕੋਈ ਅੱਜ ਕਲ੍ਹ ਮਜ਼ਾਕ ਸਹਿੰਦਾ ਹੈ । ਇਸ ਲਈ ਸਾਨੂੰ ਮਾਨਸਿਕ ਬਿਮਾਰੀਆਂ ਘੇਰ ਰਹੀਆਂ ਹਨ ।ਅਸੀ ਮੱਥੇ ਤੇ ਤਿਉੜੀਆਂ ਪਾ ਕੇ ਰੱਖਦੇ ਹਾਂ ।ਹਾਸਾ ਹੁਣ ਮੁੱਲ ਵਿਕਦੀ ਚੀਜ਼ ਬਣਦਾ ਜਾ ਰਿਹਾ ਹੈ। ਡਾਕਟਰਾਂ ਅਨੁਸਾਰ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਹਾਸੇ ਮਜ਼ਾਕ ਦੌਰਾਨ ਨਾ ਸਿਰਫ ਸਾਨੂੰ ਚਿੰਤਾਵਾਂ ਤੋਂ ਰਾਹਤ ਮਿਲਦੀ ਹੈ ,ਸਗੋਂ ਮੁਸਕਰਾਉਂਦੀ ਜ਼ਿੰਦਗੀ ਵੀ ਮਿਲਦੀ ਹੈ। ਹਾਸੇ ਮਜ਼ਾਕ ਨਾਲ ਅਸੀਂ ਤਣਾਅ ਮੁਕਤ ਹੋ ਜਾਂਦੇ ਹਾਂ, ਪਰ ਕਿਸੇ ਨਾਲ ਮਜ਼ਾਕ ਕਰਦੇ ਸਮੇਂ ਕਈ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ । ਮਜ਼ਾਕ ਇਹੋ ਜਿਹਾ ਹੋਣਾ ਚਾਹੀਦਾ ਹੈ, ਜੋ ਕਿ ਕਿਸੇ ਦੇ ਦਿਲ ਨੂੰ ਠੇਸ ਨਾ ਪੁਚਾਵੇ ।ਕਈ ਵਾਰ ਕਿਸੇ ਨੂੰ ਮਜ਼ਾਕ ਬੁਰਾ ਲੱਗ ਜਾਵੇ ਤਾਂ ਲੜਾਈ ਝਗੜਾ ਸ਼ੁਰੂ ਹੋ ਜਾਂਦਾ ਹੈ ।ਇਹ ਅਕਸਰ ਵੇਖਿਆ ਜਾਂਦਾ ਹੈ ਕਈ ਲੋਕ ਮਖੌਲੀਏ ਸੁਭਾਅ ਦੇ ਹੁੰਦੇ ਹਨ। ਉਹ ਗੱਲ-ਗੱਲ ਤੇ ਮਜ਼ਾਕ ਕਰ ਲੈਂਦੇ ਹਨ । ਪਰ ਜਦੋਂ ਗੱਲ ਉਹਨਾਂ ਤੇ ਆਉਂਦੀ ਹੈ ,ਤਾਂ ਉਨ੍ਹਾਂ ਨੂੰ ਛੋਟਾ ਮਜ਼ਾਕ ਵੀ ਬਹੁਤ ਵੱਡਾ ਲੱਗਦਾ ਹੈ ।ਕਈ ਵਾਰ ਤਾਂ ਛਿੱਤਰੋ-ਛਿੱਤਰੀ ਵੀ ਹੋ ਜਾਂਦੇ ਹਨ। ਸਾਡੇ ਵਿਚੋਂ ਬਹੁਤ ਸਾਰੇ ਲੋਕ ਮਜ਼ਾਕੀਆ ਸੁਭਾਅ ਦੇ ਹੁੰਦੇ ਹਨ। ਉਨ੍ਹਾਂ ਦੀਆਂ ਗੱਲਾਂ ਦਾ ਸਿਲਸਿਲਾ ਜੇ ਇਕ ਵਾਰੀ ਸ਼ੁਰੂ ਹੋ ਜਾਵੇ ਤਾਂ ਉਹ ਆਪਣੀ ਗੱਲ ਨੂੰ ਮਜ਼ਾਕ ਦੀ ਚਾਸ਼ਨੀ ਵਿੱਚ ਲਪੇਟ ਲੈਂਦੇ ਹਨ ਕਿ ਸੁਣਨ ਵਾਲੇ ਦਾ ਚੰਗਾ ਮਨੋਰੰਜਨ ਹੋ ਜਾਂਦਾ ਹੈ। ਉਹ ਮਖੌਲ ਕਰਨ ਵਾਲੇ ਦੀ ਫਰਾਖਦਿਲੀ, ਜ਼ਿੰਦਾਦਿਲੀ ਤੇ ਮਜ਼ਾਕੀਆ ਸੁਭਾਅ ਦੀ ਤਰੀਫ਼ ਕਰਦੇ ਹਨ। ਉਹ ਸੋਚਦੇ ਹਨ ਕਿ ਉਹਨਾ ਵਿੱਚ ਵੀ ਇਹੋ ਜਿਹਾ ਗੁਣ ਹੁੰਦਾ ਜਿਸ ਨਾਲ ਉਹ ਆਪਣੀਆਂ ਗੱਲਾਂ ਦੇ ਢੰਗ ਤਰੀਕੇ ਨਾਲ ਸਭ ਨੂੰ ਮੋਹ ਲੈਂਦੇ। ਇਸ ਗੱਲ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਆਪਸੀ ਗੱਲਬਾਤ ਵਿੱਚ ਮਜ਼ਾਕ ਕੀਤਾ ਜਾਂਦਾ ਹੈ, ਤਾਂ ਮਜਾਕ ਦਾ ਉਦੇਸ਼ ਇਕ ਦੂਜੇ ਨੂੰ ਹਸਾਉਣਾ ਤੇ ਆਪ ਹੱਸਣਾ ਹੁੰਦਾ ਹੈ। ਨਾ ਕਿ ਉਸ ਦੇ ਮਨ ਨੂੰ ਠੇਸ ਪੁਚਾਉਣਾ ਜਾਂ ਉਸਦੀ ਕਿਸੇ ਕਮਜ਼ੋਰੀ ਤੇ ਵਿਅੰਗ ਕਰਨਾ । ਮਖੌਲ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਜਿਸ ਨਾਲ ਗੱਲਬਾਤ ਵਿੱਚ ਹਿੱਸਾ ਲੈਣ ਵਾਲੇ ਦਾ ਦਿਲ ਖੁਸ਼ ਹੋ ਜਾਵੇ ਅਤੇ ਹਾਸੇ ਦਾ ਮਾਹੌਲ ਬਣਿਆ ਰਹੇ। ਮਜ਼ਾਕ ਦੀ ਵੀ ਇੱਕ ਸੀਮਾ ਹੋਣੀ ਚਾਹੀਦੀ ਹੈ। ਲੋੜ ਤੋਂ ਵੱਧ ਮਜ਼ਾਕ ਨਹੀਂ ਕਰਨਾ ਚਾਹੀਦਾ । ਕਿਉਂਕਿ ਸਾਰਿਆਂ ਦੀ ਸ਼ਹਿਣ ਸ਼ਕਤੀ ਇਕੋ ਜਿਹੀ ਨਹੀਂ ਹੁੰਦੀ। ਮਨੋਵਿਗਿਆਨੀਆਂ ਅਤੇ ਵਿਦਵਾਨ ਲੋਕਾਂ ਦਾ ਮੰਨਣਾ ਹੈ ਕਿ ਹਾਸਾ ਤਣਾਅ ਘੱਟ ਕਰਦਾ ਹੈ। ਚਿੰਤਾ ਮੁਕਤ ਕਰਦਾ ਹੈ ।ਮੂਡ ਨੂੰ ਚੜ੍ਹਦੀ ਕਲਾ ਵਿੱਚ ਰੱਖਦਾ ਹੈ ।ਇਹੋ ਕਾਰਨ ਹੈ ਕਿ ਅੱਜ ਕੱਲ੍ਹ ਵੱਡੇ ਵੱਡੇ ਸ਼ਹਿਰਾਂ ਵਿਚ ਉੱਚੀ ਉੱਚੀ ਹੱਸਣ ਬਾਰੇ ਆਖਿਆ ਜਾਂਦਾ ਹੈ। ਇਸ ਸਾਡੇ ਸਰੀਰ ਦੀ ਵਰਜਿਸ਼ ਹੋ ਜਾਂਦੀ ਹੈ। ਅੱਜ ਕੱਲ੍ਹ ਵੱਡੇ ਵੱਡੇ ਸ਼ਹਿਰਾਂ ਵਿੱਚ ਲਾਫ਼ਟਰ ਕਲੱਬ ਬਣਾਏ ਹੋਏ ਹਨ । ਪਰ ਇਹ ਸਭ ਠੀਕ ਨਹੀਂ। ਸਾਨੂੰ ਹਾਸਾ ਸੁਭਾਵਕ ਹੀ ਆਉਣਾ ਚਾਹੀਦਾ ਹੈ ।ਸਾਨੂੰ ਲਾਫ਼ਟਰ ਕਲੱਬਾਂ ਦੀ ਸਹਾਇਤਾ ਨਹੀਂ ਲੈਣੀ ਚਾਹੀਦੀ। ਬਣਾਉਟੀ ਹਾਸਾ ਨਹੀਂ ਚਾਹੀਦਾ, ਹਾਸਾ-ਮਜ਼ਾਕ ਕਰਦੇ ਸਮੇਂ ਯਾਦ ਰੱਖਣ ਵਾਲੀ ਗੱਲ ਹੈ, ਕਿ ਆਮ ਗੱਲਬਾਤ ‘ਚੋਂ ਇੱਕ ਦੂਜੇ ਨੂੰ ਮਜ਼ਾਕ ਕਰਨਾ ਠੀਕ ਹੈ। ਪਰ ਕਿਸੇ ਤੇ ਵਿਅੰਗ ਨਾ ਕਰੋ ।ਉਸ ਨੂੰ ਤਾਹਨੇ ਮਿਹਣੇ ਨਾ ਮਾਰੋ। ਉਸਦੀਆਂ ਕਮਜ਼ੋਰੀਆਂ ਨਾ ਗਿਣਾਈਆਂ ਜਾਣ । ਹਾਸਾ ਖੁੱਲ੍ਹ ਕੇ ਹੱਸਣਾ ਚਾਹੀਦਾ ਹੈ ਤੇ ਚੰਗੀ ਗੱਲਬਾਤ ਕਰਨੀ ਚਾਹੀਦੀ ਹੈ। ਕਿਸੇ ਤੇ ਵਿਅੰਗ ਨਹੀ ਕਰਨਾ ਚਾਹੀਦਾ। ਹਾਸਾ ਕਿਸੇ ਹੱਦ ਤੱਕ ਸੀਮਤ ਹੁੰਦਾ ਹੈ। ਹੱਸਦੇ ਹੱਸਦੇ ਢਿੱਡੀਂ ਪੀੜਾਂ ਪੈਂਦੀਆਂ ਹਨ ਤਾਂ ਕਈ ਬੀਮਾਰੀਆਂ ਦਾ ਇਲਾਜ਼ ਹੋ ਜਾਂਦਾ ਹੈ । ਲੰਮੀ ਉਮਰ ਦਾ ਰਾਜ਼ ਹਾਸਾ ਹੈ ।ਜੋ ਸਾਡੇ ਤੋਂ ਦੂਰ ਹੁੰਦਾ ਜਾ ਰਿਹਾ ਹੈ। ਤਾਹੀਓ ਸਿਆਣੇ ਕਹਿੰਦੇ ਹਨ ਹੱਸਦਿਆਂ ਦੇ ਘਰ ਵਸਦੇ। ਸੋ ਸਾਨੂੰ ਰੋਂਦਿਆਂ ਵਰਗਾ ਮੂੰਹ ਨਹੀਂ ਬਣਾਉਣਾ ਚਾਹੀਦਾ ਅਤੇ ਹੱਸਦੇ ਰਹਿਣਾ ਚਾਹੀਦਾ ਹੈ।
ਸ਼ੁੱਭ-ਚਿੰਤਕ ਪਾਠਕ
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


