ਜਪਾਨ ਵੱਲੋਂ ਭਾਰਤ ਵਿੱਚ ਅਗਲੇ ਪੰਜ ਸਾਲਾਂ ’ਚ 3.20 ਲੱਖ ਕਰੋੜ ਦੇ ਨਿਵੇਸ਼ ਦਾ ਐਲਾਨ

ਨਵੀਂ ਦਿੱਲੀ (ਸਮਾਜ ਵੀਕਲੀ):  ਜਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ੀਦਾ ਭਾਰਤ ਦੇ ਦੋ ਰੋਜ਼ਾ ਦੌਰੇ ਲਈ ਸ਼ਨਿਵਾਰ ਨੂੰ ਦਿੱਲੀ ਪਹੁੰਚੇ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨਾਲ ਆਲਮੀ ਤੇ ਸਥਾਨਕ ਮੁੱਦਿਆਂ ਸਣੇ ਦੋਹਾਂ ਦੇਸ਼ਾਂ ਵਿਚਾਲੇ ਆਰਥਿਕ ਤੇ ਸਭਿਆਚਾਰਕ ਸਾਂਝ ਵਧਾਉਣ ਲਈ ਗੱਲਬਾਤ ਕੀਤੀ। ਇਸੇ ਦੌਰਾਨ ਪ੍ਰਧਾਨ ਮੰਤਰੀ ਫੁਮੀਓ ਕਿਸ਼ੀਦਾ ਨੇ ਭਾਰਤ ਵਿੱਚ ਅਗਲੇ ਪੰਜ ਸਾਲਾਂ ਵਿੱਚ 42 ਬਿਲੀਅਨ ਡਾਲਰ (3.20 ਲੱਖ ਕਰੋੜ ਰੁਪਏ) ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਭਾਰਤ ਤੇ ਜਪਾਨ ਵਿੱਚ ਅੱਜ ਦੇਰ ਸ਼ਾਮ ਸਿਖਰ ਵਾਰਤਾ ਹੋਈ ਜਿਸ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਜਪਾਨੀ ਹਮਰੁਤਬਾ ਫੁਮੀਓ ਕਿਸ਼ਿਦਾ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੂਕਰੇਨ ਵਿੱਚ ਹਿੰਸਕ ਘਟਨਾਵਾਂ ਜਲਦ ਬੰਦ ਹੋਣੀਆਂ ਚਾਹੀਦੀਆਂ ਹਨ।

ਦੋਹਾਂ ਆਗੂਆਂ ਨੇ ਰੂਸ ਤੇ ਯੂਕਰੇਨ ਵਿਚਾਲੇ ਵਿਵਾਦ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਤੇ ਇਸ ਜੰਗੀ ਹਾਲਾਤ ਕਾਰਨ ਇੰਡੋ-ਪ੍ਰਸ਼ਾਂਤ ਖੇਤਰ ’ਤੇ ਪੈਣ ਵਾਲੇ ਦੁਰਪ੍ਰਭਾਵਾਂ ਦਾ ਜਾਇਜ਼ਾ ਲਿਆ। ਜ਼ਿਕਰਯੋਗ ਹੈ ਕਿ ਜਪਾਨ ਨੇ ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਪ੍ਰਾਜੈਕਟ ਸਣੇ ਦੇਸ਼ ਦੇ ਕਈ ਮੈਟਰੋ ਪ੍ਰਾਜੈਕਟਾਂ ਤੇ ਫਰੇਟ ਕਾਰੀਡੋਰ ਲਈ ਭਾਰਤ ਨੂੰ ਕਰਜ਼ੇ ਦਿੱਤੇ ਹੋਏ ਹਨ। ਇਕ ਹੋਰ ਜਾਣਕਾਰੀ ਅਨੁਸਾਰ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਸੋਮਵਾਰ ਨੂੰ ਭਾਰਤ ਦੌਰੇ ’ਤੇ ਪਹੁੰਚ ਰਹੇ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਕਿ ਕਿਸ਼ੀਦਾ ਐਤਵਾਰ ਸਵੇਰੇ 8 ਵਜੇ ਭਾਰਤ ਤੋਂ ਕੰਬੋਡੀਆ ਰਵਾਨਾ ਹੋਣਗੇ। ਜਪਾਨ ਤੋਂ ਭਾਰਤ ਰਵਾਨਾ ਹੋਣ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸ਼ੀਦਾ ਨੇ ਕਿਹਾ ਸੀ ਕਿ ਰੂਸ ਵੱਲੋਂ ਯੂਕਰੇਨ ਖ਼ਿਲਾਫ਼ ਕੀਤੀ ਜਾ ਰਹੀ ਜੰਗੀ ਕਾਰਵਾਈ ਪ੍ਰਵਾਨਯੋਗ ਨਹੀਂ ਹੈ।  ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਸ੍ਰੀ ਕਿਸ਼ੀਦਾ ਦਾ ਸਵਾਗਤ ਕੀਤਾ। ਜ਼ਿਕਰਯੋਗ ਹੈ ਕਿ ਭਾਰਤ ਤੇ ਜਪਾਨ ਵਿੱਚ ਇਸ ਤੋਂ ਪਹਿਲਾਂ ਸ਼ਿਖਰ ਸੰਮੇਲਨ ਟੋਕੀਓ ਵਿੱਚ ਅਕਤੂਬਰ 2018 ਵਿੱਚ ਹੋਇਆ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿਆਰ ਮੁਹੱਬਤਾਂ ਦੀ ਅਨੌਖੀ ਦਾਸਤਾਨ ਫ਼ਿਲਮ ‘ਲੇਖ’
Next articleਪੰਜਾਬ ਮਗਰੋਂ ‘ਆਪ’ ਦੀਆਂ ਨਜ਼ਰਾਂ ਹੁਣ ਛੱਤਿਸਗੜ੍ਹ ’ਤੇ