ਨਵੀਂ ਦਿੱਲੀ— ਮੌਸਮ ਵਿਭਾਗ ਨੇ ਦੇਸ਼ ਦੇ 13 ਸੂਬਿਆਂ ‘ਚ ਮੌਸਮ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਕਸ਼ਮੀਰ ‘ਚ ਬਰਫਬਾਰੀ ਕਾਰਨ ਜੰਮੂ-ਸ੍ਰੀਨਗਰ ਹਾਈਵੇਅ ਬੰਦ ਹੈ। ਇਸ ਕਾਰਨ ਕਰੀਬ 300 ਵਾਹਨ ਫਸੇ ਹੋਏ ਹਨ, ਜਿਨ੍ਹਾਂ ਨੂੰ ਬਚਾਉਣ ਦਾ ਕੰਮ ਜਾਰੀ ਹੈ। ਹਿਮਾਚਲ ਦੇ ਕਈ ਇਲਾਕਿਆਂ ‘ਚ ਬਰਫਬਾਰੀ ਜਾਰੀ ਹੈ। ਰੋਹਤਾਂਗ, ਬਰਾਲਾਚਾ, ਸ਼ਿੰਕੁਲਾ ਅਤੇ ਕੁੰਜਮ ਪਾਸ ‘ਚ ਡੇਢ ਤੋਂ ਦੋ ਫੁੱਟ ਬਰਫ ਦੀ ਚਾਦਰ ਛਾਈ ਹੋਈ ਹੈ।
ਸ਼ਿਮਲਾ ਅਤੇ ਮਨਾਲੀ ਵਿੱਚ ਵੀ ਇਹੀ ਸਥਿਤੀ ਹੈ। ਅਟਲ ਸੁਰੰਗ ਰੋਹਤਾਂਗ ਦੇ ਦੋਵੇਂ ਸਿਰਿਆਂ ‘ਤੇ ਡੇਢ ਫੁੱਟ ਬਰਫ ਫੈਲ ਗਈ ਹੈ। ਹੁਣ ਮੌਸਮ ਵਿਭਾਗ ਨੇ ਕਾਂਗੜਾ, ਚੰਬਾ, ਕੁੱਲੂ ਅਤੇ ਮੰਡੀ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਅਤੇ ਬਰਫ਼ਬਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ। ਅੰਮ੍ਰਿਤਸਰ ਸਮੇਤ ਪੰਜਾਬ ਦੇ ਕਈ ਇਲਾਕਿਆਂ ‘ਚ ਮੀਂਹ ਕਾਰਨ ਤਾਪਮਾਨ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਵਿੱਚ ਤਾਪਮਾਨ 4 ਡਿਗਰੀ ਤੱਕ ਘੱਟ ਗਿਆ ਹੈ। ਇਸ ਦੇ ਨਾਲ ਹੀ ਰਾਜਸਥਾਨ ‘ਚ ਹਲਕੀ ਬਾਰਿਸ਼ ਤੋਂ ਬਾਅਦ ਕਈ ਇਲਾਕਿਆਂ ‘ਚ ਠੰਡ ਵਧ ਗਈ ਹੈ।
ਇਸ ਦੇ ਨਾਲ ਹੀ ਰਾਜਸਥਾਨ ‘ਚ ਤੂਫਾਨ ਅਤੇ ਮੀਂਹ ਤੋਂ ਬਾਅਦ ਹਲਕੀ ਠੰਡ ਵਧ ਗਈ ਹੈ। ਵੀਰਵਾਰ ਦੇਰ ਰਾਤ ਯੂਪੀ ਦੇ ਮੇਰਠ ਅਤੇ ਹਾਪੁੜ ਵਿੱਚ ਕਰੀਬ ਅੱਧੇ ਘੰਟੇ ਤੱਕ ਗੜੇ ਪਏ। ਓਡੀਸ਼ਾ ‘ਚ ਅਗਲੇ ਤਿੰਨ ਦਿਨਾਂ ਯਾਨੀ ਐਤਵਾਰ ਤੱਕ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ। ਕਈ ਜ਼ਿਲ੍ਹਿਆਂ ਵਿੱਚ ਫ਼ਸਲਾਂ ਦਾ ਵੀ ਨੁਕਸਾਨ ਹੋ ਸਕਦਾ ਹੈ। ਇਸ ਕਾਰਨ ਸੂਬਾ ਸਰਕਾਰ ਨੇ 25 ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly



