ਜਹਾਂਗੀਰਪੁਰੀ ਹਿੰਸਾ: ਦਿੱਲੀ ਪੁਲੀਸ ਵੱਲੋਂ 20 ਗ੍ਰਿਫ਼ਤਾਰ

ਹੁਬਲੀ (ਸਮਾਜ ਵੀਕਲੀ): ਹਨੂੰਮਾਨ ਜੈਅੰਤੀ ਮੌਕੇ ਸ਼ਨਿਚਰਵਾਰ ਨੂੰ ਕੌਮੀ ਰਾਜਧਾਨੀ ਦਿੱਲੀ ਤੋਂ ਇਲਾਵਾ ਆਂਧਰਾ ਪ੍ਰਦੇਸ਼ ਅਤੇ ਉੱਤਰਾਖੰਡ ’ਚ ਵੀ ਫਿਰਕੂ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ ਹਨ। ਉਧਰ ਕਰਨਾਟਕ ਦੇ ਹੁਬਲੀ ’ਚ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਇਕ ਹਸਪਤਾਲ ਅਤੇ ਮੰਦਰ ’ਤੇ ਭੀੜ ਨੇ ਹਮਲਾ ਕਰ ਦਿੱਤਾ ਜਿਸ ’ਚ 12 ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ। ਦਿੱਲੀ ਦੇ ਜਹਾਂਗੀਰਪੁਰੀ ’ਚ ਹੋਈ ਹਿੰਸਾ ਦੇ ਮਾਮਲੇ ’ਚ 20 ਵਿਅਕਤੀਆਂ ਨੂੰ ਗ੍ਰਿਫ਼ਤਾਰ ਜਦਕਿ ਦੋ ਨਾਬਾਲਗਾਂ ਨੂੰ ਫੜਿਆ ਗਿਆ ਹੈ। ਕਾਬੂ ਕੀਤੇ ਗਏ ਵਿਅਕਤੀਆਂ ’ਚ 21 ਵਰ੍ਹਿਆਂ ਦਾ ਮੁਹੰਮਦ ਅਸਲਮ ਵੀ ਸ਼ਾਮਲ ਹੈ ਜਿਸ ਨੇ ਕਥਿਤ ਤੌਰ ’ਤੇ ਗੋਲੀ ਚਲਾਈ ਸੀ ਜੋ ਪੁਲੀਸ ਦੇ ਸਬ-ਇੰਸਪੈਕਟਰ ਨੂੰ ਲੱਗੀ ਹੈ।

ਇਸ ਦੌਰਾਨ ਦਿੱਲੀ ਪੁਲੀਸ ਨੇ ਜਹਾਂਗੀਰਪੁਰੀ ਹਿੰਸਾ ਮਾਮਲੇ ਨੂੰ ਕ੍ਰਾਈਮ ਬ੍ਰਾਂਚ ਨੂੰ ਟਰਾਂਸਫਰ ਕਰ ਦਿੱਤਾ ਹੈ। ਅਧਿਕਾਰਤ ਬਿਆਨ ਮੁਤਾਬਕ ਦੋਵੇਂ ਧਿਰਾਂ ਹੁਣ ਤੋਂ ਇਸ ਮਾਮਲੇ ਦੀ ਸਾਂਝੇ ਤੌਰ ’ਤੇ ਜਾਂਚ ਕਰਨਗੀਆਂ। ਪੁਲੀਸ ਇਸ ਮਾਮਲੇ ’ਤੇ ਵਿਸਥਾਰਤ ਰਿਪੋਰਟ ਵੀ ਤਿਆਰ ਕਰ ਰਹੀ ਹੈ ਜੋ ਗ੍ਰਹਿ ਮੰਤਰਾਲੇ ਨੂੰ ਭੇਜੀ ਜਾਵੇਗੀ। ਪੁਲੀਸ ਨੇ ਮੁਹੰਮਦ ਅਸਲਮ ਅਤੇ ਇਕ ਹੋਰ ਮੁਲਜ਼ਮ ਮੁਹੰਮਦ ਅਨਸਾਰ ਨੂੰ ਅਦਾਲਤ ’ਚ ਪੇਸ਼ ਕੀਤਾ ਜਿਥੇ ਦੋਹਾਂ ਨੂੰ ਸੋਮਵਾਰ ਤੱਕ ਲਈ ਪੁਲੀਸ ਹਿਰਾਸਤ ’ਚ ਭੇਜ ਦਿੱਤਾ ਗਿਆ ਜਦਕਿ 12 ਹੋਰ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜਿਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਜਹਾਂਗੀਰਪੁਰੀ ਦੇ ਸੀਡੀ ਪਾਰਕ ਦੀ ਬਸਤੀ ਦੇ ਵਸਨੀਕ ਮੁਹੰਮਦ ਅਸਲਮ ਕੋਲੋਂ ਉਹ ਪਿਸਤੌਲ ਬਰਾਮਦ ਕੀਤਾ ਗਿਆ ਹੈ ਜਿਸ ਤੋਂ ਉਸ ਨੇ ਸ਼ਨਿਚਰਵਾਰ ਨੂੰ ਕਥਿਤ ਤੌਰ ’ਤੇ ਗੋਲੀ ਚਲਾਈ ਸੀ। ਉਨ੍ਹਾਂ ਕਿਹਾ ਕਿ ਦੋ ਫਿਰਕਿਆਂ ਵਿਚਕਾਰ ਪਥਰਾਅ ਅਤੇ ਅਗਜ਼ਨੀ ਕਾਰਨ 8 ਪੁਲੀਸ ਮੁਲਾਜ਼ਮ ਅਤੇ ਇਕ ਸਥਾਨਕ ਵਿਅਕਤੀ ਜ਼ਖ਼ਮੀ ਹੋਇਆ ਹੈ। ਇਸ ਦੌਰਾਨ ਕੁਝ ਵਾਹਨਾਂ ਨੂੰ ਵੀ ਸਾੜ ਦਿੱਤਾ ਗਿਆ ਸੀ।

ਡੀਸੀਪੀ (ਉੱਤਰ-ਪੱਛਮੀ) ਊਸ਼ਾ ਰੰਗਨਾਨੀ ਨੇ ਕਿਹਾ ਕਿ ਧਾਰਾ 307, 120 ਬੀ, 147 ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਅਸਲਮ ਖ਼ਿਲਾਫ਼ ਜਹਾਂਗੀਰਪੁਰੀ ਪੁਲੀਸ ਸਟੇਸ਼ਨ ’ਚ 2020 ’ਚ ਧਾਰਾ 324, 188, 506 ਅਤੇ 34 ਤਹਿਤ ਕੇਸ ਦਰਜ ਕੀਤਾ ਗਿਆ ਸੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ’ਚ ਅਨਸਾਰ (35) ਵੀ ਸ਼ਾਮਲ ਹੈ ਜੋ ਹਿੰਸਾ ਦਾ ਮੁੱਖ ਸਾਜ਼ਿਸ਼ਘਾੜਾ ਦੱਸਿਆ ਜਾ ਰਿਹਾ ਹੈ। ਉਸ ’ਤੇ ਪਹਿਲਾਂ ਵੀ ਹਮਲੇ ਦੇ ਦੋ ਕੇਸ ਦਰਜ ਹਨ ਅਤੇ ਉਹ ਕਈ ਵਾਰ ਗ੍ਰਿਫ਼ਤਾਰ ਹੋ ਚੁੱਕਾ ਹੈ। ਅਨਸਾਰ ਦੀ ਪਤਨੀ ਨੇ ਕਿਹਾ ਕਿ ਉਹ ਬੇਕਸੂਰ ਹੈ ਅਤੇ ਉਹ ਝਗੜਾ ਰੁਕਵਾਉਣ ਲਈ ਗਿਆ ਸੀ। ਗ੍ਰਿਫ਼ਤਾਰ ਕੀਤੇ ਗਏ ਬਾਕੀ ਵਿਅਕਤੀਆਂ ਦੀ ਪਛਾਣ ਜ਼ਾਹਿਦ, ਸ਼ਾਹਜ਼ਾਦ, ਮੁਖਤਿਆਰ ਅਲੀ, ਮੁਹੰਮਦ ਅਲੀ, ਆਮਿਰ, ਅਕਸਰ, ਨੂਰ ਆਲਮ, ਜ਼ਾਕਿਰ, ਅਕਰਮ, ਇਮਤਿਆਜ਼, ਮੁਹੰਮਦ ਅਲੀ, ਅਹੀਰ, ਸ਼ੇਖ ਸੌਰਭ, ਸੂਰਜ, ਨੀਰਜ, ਸੁਕੇਨ, ਸੁਰੇਸ਼ ਅਤੇ ਸੁਜੀਤ ਸਰਕਾਰ ਵਜੋਂ ਹੋਈ ਹੈ।

ਫੜੇ ਗਏ ਵਿਅਕਤੀਆਂ ਕੋਲੋਂ ਤਿੰਨ ਦੇਸੀ ਪਿਸਤੌਲ ਤੇ ਪੰਜ ਤਲਵਾਰਾਂ ਬਰਾਮਦ ਕੀਤੀਆਂ ਗਈਆਂ ਹਨ। ਪੁਲੀਸ ਅਧਿਕਾਰੀ ਨੇ ਕਿਹਾ ਕਿ ਜ਼ਖ਼ਮੀ ਹੋਏ 9 ਵਿਅਕਤੀਆਂ ਦਾ ਬਾਬੂ ਜਗਜੀਵਨ ਰਾਮ ਮੈਮੋਰੀਅਲ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਗੋਲੀ ਨਾਲ ਜ਼ਖ਼ਮੀ ਹੋਏ ਸਬ-ਇੰਸਪੈਕਟਰ ਦੀ ਹਾਲਤ ਸਥਿਰ ਹੈ। ਡੀਸੀਪੀ ਨੇ ਕਿਹਾ ਕਿ ਜਹਾਂਗੀਰਪੁਰੀ ਦੇ ਝੜਪਾਂ ਵਾਲੇ ਇਲਾਕੇ ’ਚ ਰੈਪਿਡ ਐਕਸ਼ਨ ਫੋਰਸ ਦੀ ਟੀਮ ਦੇ ਨਾਲ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਇਕ ਹੋਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਹੰਗਾਮਾ ਕਰਨ ਵਾਲੇ ਲੋਕਾਂ ਦੀ ਡਰੋਨਾਂ ਅਤੇ ਚਿਹਰੇ ਦੀ ਪਛਾਣ ਕਰਨ ਵਾਲੇ ਸਾਫ਼ਟਵੇਅਰ ਨਾਲ ਸ਼ਨਾਖ਼ਤ ਕੀਤੀ ਜਾ ਰਹੀ ਹੈ।

ਇਲਾਕੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਅਤੇ ਸਾਰੇ ਮੋਬਾਈਲਾਂ ਦੀ ਫੁਟੇਜ ਸਕੈਨ ਕਰਕੇ ਵੀ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਕੌਮੀ ਰਾਜਧਾਨੀ ਦੇ ਬਾਕੀ ਰਹਿੰਦੇ ਸਾਰੇ 14 ਪੁਲੀਸ ਜ਼ਿਲ੍ਹਿਆਂ ’ਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਗਏ ਹਨ ਤਾਂ ਜੋ ਕਿਸੇ ਵੀ ਥਾਂ ’ਤੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਇਸ ਦੌਰਾਨ ਦਿੱਲੀ ਪੁਲੀਸ ਨੇ ਕਿਹਾ ਕਿ ਹਨੂੰਮਾਨ ਜੈਅੰਤੀ ’ਤੇ ਪਥਰਬਾਜ਼ੀ ਕਰਕੇ ਫਿਰਕੂ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇੰਸਪੈਕਟਰ ਰਾਜੀਵ ਰੰਜਨ ਦੁਆਰਾ ਦਰਜ ਐੱਫਆਈਆਰ ’ਚ ਇਹ ਦਾਅਵਾ ਕੀਤਾ ਗਿਆ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁੱਖ ਮੰਤਰੀ ਵੱਲੋਂ ਕਣਕ ’ਤੇ ਬੋਨਸ ਦੇਣ ਲਈ ਹੁੰਗਾਰਾ
Next articleਹਿੰਸਾ ’ਚ ਬੱਚਿਆਂ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਮੰਗ