ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਇੱਥੇ ਸਾਲ 2024 ਦੇ ਆਖਰੀ ਦਿਨ ਦੇ ਮੌਕੇ ਤੇ ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਦੇ ਜ਼ਿਲ੍ਹਾ ਯੂਥ ਅਫ਼ਸਰ ਰਾਕੇਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ਿਆਂ ਦੇ ਪਰਕੋਪ ਤੋਂ ਜਾਗਰੂਕ ਕਰਾਉਣ ਲਈ ਇੱਕ ਸੈਮੀਨਾਰ ਅਤੇ ਅਸ਼ੋਕ ਪੁਰੀ ਦੇ ਨਿਰਦੇਸ਼ਨ ਹੇਠ ਨੁੱਕੜ ਨਾਟਕ ‘‘ਮੈਂ ਪੰਜਾਬ ਬੋਲਦਾ ਹਾਂ” ਦਾ ਪ੍ਰਦਰਸ਼ਨ ਸਥਾਨਕ ਸਰਕਾਰੀ ਆਈ.ਟੀ.ਆਈ. (ਲੜਕੀਆਂ) ਕੱਚਾ ਟੋਬਾ ਹੁਸ਼ਿਆਰਪੁਰ ਵਿਖੇ ਕੀਤਾ ਗਿਆ। ਨਸ਼ਿਆਂ ਤੋਂ ਜਾਗਰੂਕ ਕਰਵਾਉਣ ਲਈ ਸੈਮੀਨਾਰ ਵਿੱਚ ਦੀਪਾ ਰਹੇਲਾ, ਰਜਿੰਦਰ ਕੌਰ, ਹਰਦੀਪ ਕੌਰ ਅਤੇ ਕੁਲਵਿੰਦਰ ਕੌਰ ਦੇ ਨਾਲ ਬਹੁ-ਰੰਗ ਕਲਾ ਮੰਚ ਦੇ ਗੁਰਮੇਲ ਧਾਲੀਵਾਲ, ਡਾ. ਜੀਤ ਸਾਜਨ ਅਤੇ ਅਸ਼ੋਕ ਪੁਰੀ ਨੇ ਵਿਚਾਰ ਚਰਚਾ ਵਿੱਚ ਭਾਗ ਲਿਆ। ਇਸ ਮੌਕੇ ਤੇ ਆਈ.ਪੀ. ਦੀ ਵਿਦਿਆਰਥਣ ਮਨਮੀਤ ਕੌਰ ਨੇ ਸਮਾਜ ਵਿੱਚ ਨਸ਼ਿਆਂ ਦੇ ਆਧਾਰ ਉਪਰ ਵਿਚਾਰ ਚਰਚਾ ਕੀਤੀ। ਨੁਕੜ ਨਾਨਕ ‘‘ਮੈਂ ਪੰਜਾਬ ਬੋਲਦਾ ਹਾਂ” ਵਿੱਚ ਨਾਟਕਕਾਰ ਨੇ ਪੰਜਾਬ ਦੇ ਨੌਜਵਾਨਾਂ ਵਿੱਚ ਨਸ਼ਿਆਂ ਦੇ ਪਰਕੋਪ ਤੋਂ ਦਰਸ਼ਕਾਂ ਨੂੰ ਜਾਗਰੂਕ ਕਰਵਾਇਆ। ਨਾਟਕ ਵਿੱਚ ਗੁਰਮੇਲ ਧਾਲੀਵਾਲ ਪਿੰਡ ਦੇ ਸਰਪੰਚ, ਵਿਵੇਕ ਹਾਸਿਰ ਸਮਗਲਰ, ਜੱਸੀ ਪਿੱਪਲਾਂਵਾਲਾ ਛੂਈ-ਮੂਈ, ਵਿਕਰਮਪ੍ਰੀਤ ਪਿੰਡ ਦਾ ਨੌਜਵਾਨ ਅਤੇ ਸੂਤਰਧਾਰ ਅਸ਼ੋਕ ਪੁਰੀ ਨਾਲ ਡਾ. ਜੀਤ ਸਾਜਨ ਨੇ ਪਿੱਠ ਵਰਤੀ ਗਾਇਕ ਦੇ ਕਰਮ ਨਾਲ ਇਨਸਾਫ ਕੀਤਾ ਹੈ। ਨਾਟਕ ਦੀ ਬਣਤਰ ਇੱਕ ਪਿੰਡ ਦੇ ਮੁਹੱਲੇ ਤੋਂ ਸ਼ੁਰੂ ਹੋ ਕੇ ਸੰਸਾਰ ਭਰ ਵਿੱਚ ਨਸ਼ਿਆਂ ਦੇ ਇਸਤੇਮਾਲ ਦੁਆਲੇ ਘੁੰਮਦੀ ਹੈ। ਇਸ ਨਾਟਕ ਵਿੱਚ ਬਹੁ-ਰੰਗ ਕਲਾਮੰਚ ਦੇ ਨਾਟਕਕਾਰ ਅਸ਼ੋਕ ਪੁਰੀ ਅਤੇ ਉਨ੍ਹਾਂ ਦੀ ਟੀਮ ਆਪਣੇ ਉਦੇਸ਼ ਵਿੱਚ ਸਫਲ ਹੋਈ ਹੈ। ਇਸ ਮੌਕੇ ਤੇ ਆਈ.ਟੀ.ਆਈ. ਵੱਲੋਂ ਰਜਿੰਦਰ ਕੌਰ ਨੇ ਨਹਿਰੂ ਯੁਵਾ ਕੇਂਦਰ ਅਤੇ ਬਹੁ-ਰੰਗ ਕਲਾਮੰਚ ਹੁਸ਼ਿਆਰਪੁਰ ਵੱਲੋਂ ਕੀਤੇ ਗਏ ਇਸ ਪ੍ਰੋਗਰਾਮ ਲਈ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj