(ਸਮਾਜ ਵੀਕਲੀ)
ਹਰ ਬਚਪਨ ਭਰੇ ਪਰਿਵਾਰ ‘ਚ ਸੋਹਣਾ ਲਗਦਾ ਹੈ ।
ਪਲੇਠਾ ਕਰਾਵੇ ਜਦੋਂ ਦੀਦਾਰ ‘ਚ ਸੋਹਣਾ ਲਗਦਾ ਹੈ!
ਵੱਖਰੇ ਇਸ਼ਾਰੇ,ਅੰਦਾਜ ਵੀ,ਅਲੌਕਿਕੀ ਸਜਦੇ ਨੇ ਸਦਾ,
ਇਲਾਹੀ ਭਰੇ ਹੁੰਗਾਰੇ,ਪਿਆਰ ‘ਚ ਸੋਹਣਾ ਲਗਦਾ ਹੈ ।
ਕੀ ਖਾਣਾ ਕੀ ਪੀਣਾ ਇਸ਼ਾਰਾ ਬਣੇ,ਕੀ ਦ੍ਰਿਸ਼ ਨੇ ਉਹਦੇ,
ਲੋਚਦੀਆਂ ਜੋ ਬੁੱਲ੍ਹੀਆਂ,ਦੀਦਾਰ ‘ਚ ਸੋਹਣਾ ਲਗਦਾ ਹੈ ।
ਨਾ ਰੋਵੇ ਚੀਖੇ ਬਗੈਰਾ ਉਸਨੂੰ ਨਾ ਮੁਨਾਸਬ ਹੋਵੇ ਕਦੇ !
ਉਹ ਤਾਂ ਖਿੜੇ ਤੇ ਖਿੜਦੇ ਸੰਸਾਰ ‘ਚ ਸੋਹਣਾ ਲਗਦਾ ਹੈ ।
ਨਾਹਵੇਂ ਸੌਂਵੇ ਜਾਗੇ ਅਸਮਾਨ ਵੱਲ ਮਸਤੇ ਭਰ ਨਿਗਾਹ,
ਨਵੇਂ ਜਾਂ ਮੈਲ਼ੇ ਕੱਪੜੇ ਕਿਰਦਾਰ ‘ਚ ਸੋਹਣਾ ਲਗਦਾ ਹੈ ।
ਬਿਨ ਭੇਦ ਆਪੇ ਬਦਨ ਦੀ ਭਿੰਨੀ ਖੁਸ਼ਬੋ ਬਿਖੇਰੀ ਜਵੇ,
ਰੂਹ ਭਰਕੇ,ਹੱਸਦੈ ਭਰੇ ਹੁਲਾਰ ‘ਚ ਸੋਹਣਾ ਲਗਦਾ ਹੈ ।
ਥੱਕ ਜਾਂਦੈ ਆਪਣੀ ਮਰਜੀ ਦੀਆਂ ਖੇਡਾਂ ਖੇਡਦਿਆਂ ਤਾਂ,
ਫੇ’ ਕਿਸੇ ਮੋਢੇ ਤੇ ਸਜੇ ਅਸਵਾਰ ‘ਚ ਸੋਹਣਾ ਲਗਦਾ ਹੈ ।
ਢਿੱਲਾ ਮੱਠਾ ਨਾ ਹੋਵੇ ਕਦੇ ਕੋਈ ਵੀ ਬਚਪਨ,ਏ ਸ਼ਾਲਾ !
ਵੈਸੇ ਦਿਲ ਭਰ ਜਾਵੇ ਬਲਿਹਾਰ ‘ਚ ਸੋਹਣਾ ਲਗਦਾ ਹੈ!
ਹਰ ਵਸੇਬੇ,ਹਰ ਘਰ ਤਾਈਂ ਖੇੜੇ ਖੁਸ਼ੀਆਂ ਦੇ ਮੰਜ਼ਰ ਨੇ ,
ਸਦਾ ਕਿ ਮਹਿਕਦੀ ਰਹੇ ਬਹਾਰ ‘ਚ ਸੋਹਣਾ ਲਗਦਾ ਹੈ ।
ਜੋ ਖਲਕਤ ਵਿਚਲਾ ਅਮੁੱਲੀ ਮਾਨਤਾ ਦਾ ਹੈ ਮੁੱਖ-ਪਾਤਰ,
ਲੜਕਾ /ਲੜਕੀ ,ਦੋਵੇਂ ਕਿਰਦਾਰ ‘ਚ ਸੋਹਣਾ ਲਗਦਾ ਹੈ ।
ਖੇਡਾਂ ਦੀ ਉਮਰਾ ਤੋਂ ਕਦੇ ਮਨਫੀ ਨਾ ਕਰ ਬਹਿਣਾ ਲੋਕੋ,
ਰੋਜ ਚੜ੍ਹਦੇ ਸੂਰਜ ਦੇ ਇਕਰਾਰ ‘ਚ ਸੋਹਣਾ ਲਗਦਾ ਹੈ ।
ਸਮੇਂ ਦੀ ਮਾਰ ਨੇ ਮਾਵਾਂ ਹੱਥੋਂ ਰਿਸ਼ਤੇ ਦੀ ਖੋਹ ਕਰ ਲਈ,
ਤਾਂ ਵੀ ਭਰਦੈ ਚੁੰਗੀਆਂ-ਉਡਾਰ ‘ਚ ਸੋਹਣਾ ਲਗਦਾ ਹੈ ।
ਸੁਖਦੇਵ ਸਿੰਘ ਸਿੱਧੂ