(ਗੱਲ ਤਰਕ ਦੀ ਹੈ, ਤਕਰਾਰ ਦੀ ਨਹੀਂ) ਬਾਬੇ ਨਾਨਕ ਦਾ ਜਨਮ ਦਿਹਾੜਾ

(ਸਮਾਜ ਵੀਕਲੀ) 
ਉੱਚੀ – ਉੱਚੀ  ਸ਼ੋਰ  ਮਚਾ ਕੇ
ਜਗ੍ਹਾ ਜਗ੍ਹਾ ‘ਤੇ ਲੰਗਰ ਲਾ ਕੇ
ਰੱਜਿਆਂ ਨੂੰ ਹੀ ਹੋਰ ਰਜਾ ਕੇ
ਫਰਜ਼ ਨਿਭਾ ਕੇ ਆ ਗਏ ਹਾਂ
ਬਾਬਾ ਤੇਰਾ ਜਨਮ ਦਿਹਾੜਾ
ਅਸੀਂ ਮਨਾ ਕੇ ਆ ਗਏ ਹਾਂ……
ਸੜਕਾਂ ਉੱਤੇ ਜਾਮ ਲਗਾ ਕੇ
ਭਾਂਤ-ਭਾਂਤ ਦੇ ਲੰਗਰ ਲਾ ਕੇ
ਪਿਕਨਿਕ ਵਾਂਗੂੰ ਅਸੀਂ ਵੀ, ਪੀਜ਼ੇ-
ਬਰਗਰ ਖਾ ਕੇ ਆ ਗਏ ਹਾਂ
ਨਾਨਕ ਤੇਰਾ ਜਨਮ ਦਿਹਾੜਾ
ਅਸੀਂ ਮਨਾ ਕੇ ਆ ਗਏ ਹਾਂ……
ਮੜ੍ਹੀਂ – ਮਸਾਣੀ  ਜਾ  ਝੁਕੇ  ਹਾਂ
ਕਿਰਤ ਕੀਤੀ ਨਾ ਵੰਡ ਛਕੇ ਹਾਂ
ਤੇਰੀਆਂ ਈ ਫੋਟੋਆਂ ਉੱਤੇ ਬਾਬਾ
ਧੂਫ਼  ਧੁਖਾ ਕੇ  ਆ  ਗਏ  ਹਾਂ
ਬਾਬਾ  ਤੇਰਾ ਜਨਮ ਦਿਹਾੜਾ
ਅਸੀਂ  ਮਨਾ ਕੇ ਆ  ਗਏ ਹਾਂ……
ਊਚ-ਨੀਚ ਦਾ ਫਰਕ ਸੀ ਵੱਢਿਆ
ਵਹਿਮ ਭਰਮ ‘ਚੋਂ ਵੀ ਸੀ ਕੱਢਿਆ
ਅਸੀਂ ਤਾਂ ਵਹਿਮਾਂ ਭਰਮਾਂ ਨੂੰ ਹੀ
ਜੀਵਨ  ਵਿੱਚ  ਵਸਾ  ਗਏ  ਹਾਂ
ਨਾਨਕ ਤੇਰਾ ਜਨਮ ਦਿਹਾੜਾ
ਅਸੀਂ  ਮਨਾ ਕੇ  ਆ  ਗਏ  ਹਾਂ……
ਦੋ ਦਿਨ ਤੇਰਾ ਨਾਮ ਧਿਆਇਆ
ਤੇਰਾ ਕਿਹਾ ਨਾ  ਮਨ ਵਸਾਇਆ
“ਖੁਸ਼ੀ ਮੁਹੰਮਦਾ” ਲੋਕ ਵਿਖਾਵਾ
ਕਰਕੇ  ਘਰ ਨੂੰ ਆ ਗਏ ਹਾਂ
ਬਾਬਾ ਤੇਰਾ ਜਨਮ ਦਿਹਾੜਾ
ਅਸੀਂ  ਮਨਾ ਕੇ  ਆ  ਗਏ  ਹਾਂ……
ਖੁਸ਼ੀ ਮੁਹੰਮਦ ਚੱਠਾ
Previous articleਯੂਨੀਅਨ ਦੀ ਮਾਨਤਾ ਲਈ ਚੋਣ ਵਿੱਚ ਇੰਜੀਨੀਅਰਿੰਗ ਐਸੋਸੀਏਸ਼ਨ ਵੱਲੋਂ ਮੈਂਨਸ ਯੂਨੀਅਨ ਨੂੰ ਪੂਰਨ ਸਹਿਯੋਗ
Next articleਭਾਰਤੀ ਰੇਲਵੇ ਨੇ ਲਿਆ ਫੈਸਲਾ: ਜੇਕਰ ਰੇਲ ਦੇ ਅੰਦਰ ਅਤੇ ਪਟੜੀਆਂ ‘ਤੇ ਰੀਲਾਂ ਲਗਾਈਆਂ ਗਈਆਂ ਤਾਂ ਠੀਕ ਹੈ, ਮਾਮਲਾ ਦਰਜ ਕੀਤਾ ਜਾਵੇਗਾ।