ਸੱਚੋ-ਸੱਚ / ਫੇਸਬੁੱਕੀ ਵੈਦਾਂ ਦੇ ਚੁੰਗਲ਼ ‘ਚੋਂ ਭੋਲ਼ੇ-ਭਾਲੇ ਲੋਕਾਂ ਨੂੰ ਬਚਾਉਣਾ ਜ਼ਰੂਰੀ

ਰਣਜੀਤ ਸਿੰਘ ਨੂਰਪੁਰਾ

(ਸਮਾਜ ਵੀਕਲੀ)- ਸਿਹਤ ਮਹਿਕਮੇ ਦੀ ਚੁੱਪੀ ਦੇ ਰਹੀ  ਅਨੇਕਾਂ ਸਵਾਲਾਂ ਨੂੰ ਜਨਮ 

      ਸੋਸ਼ਲ ਮੀਡੀਆ ‘ ਫੇਸਬੁੱਕੀ 
ਵੈਦਾਂ ‘ ਨੂੰ ਬਹੁਤ ਰਾਸ ਆਇਆ ਹੈ। ਖਾਸ ਕਰ ਅਖੌਤੀ ਵੈਦ , ਜਿਹੜੇ ਦੇਸੀ ਦਵਾਈਆਂ ਨਾਲ ਨਸ਼ਾ ਛੁਡਾਉਣ ਦਾ ਠੋਕ-ਵਜਾ ਕੇ ਦਾਅਵਾ ਕਰਦੇ ਹਨ, ਅੱਜਕਲ੍ਹ ਖੂਬ ਹੱਥ ਰੰਗ ਰਹੇ ਹਨ। ਸੋਸ਼ਲ ਮੀਡੀਆ ‘ਤੇ ਇਨ੍ਹਾਂ ਵੱਲੋਂ ਕੀਤਾ ਜਾਂਦਾ ਲੱਛੇਦਾਰ ਪ੍ਰਚਾਰ ਨਸ਼ਈ ਨੌਜਵਾਨਾਂ ਨੂੰ ਅਜਿਹੇ ‘ ਗਧੀਗੇੜ ‘ ਪਾਉਂਦਾ ਹੈ ਕਿ ਉਹ ਆਰਥਿਕ ਪੱਖ ਤੋਂ ਕਮਜ਼ੋਰ ਹੋਣ ਦੇ ਬਾਵਜੂਦ ਵੀ ਕਿਸੇ ਨਾ ਕਿਸੇ ਤਰੀਕੇ ਇਨ੍ਹਾਂ ਇਨ੍ਹਾਂ ਦੀਆਂ ਜੇਬ੍ਹਾਂ ਭਰਦਾ ਹੈ। ਇਨ੍ਹਾਂ ਫੇਸਬੁੱਕੀ ਵੈਦਾਂ ਵਿੱਚੋਂ ਕਈਆਂ ਦੀਆਂ ਤਾਂ ਹਾਲੇ ਮੁੱਛਾਂ ਵੀ ਨਹੀਂ ਫੁੱਟੀਆਂ ਹੋਈਆਂ ਪਰ ਉਨ੍ਹਾਂ ਵੱਲੋਂ ਨਸ਼ਾ ਛੁਡਾਉਣ ਦੇ ਦਾਅਵੇ ਇਸ ਤਰ੍ਹਾਂ ਕੀਤੇ ਜਾਂਦੇ ਹਨ ਜਿਵੇਂ ਉਨ੍ਹਾਂ ਦਾ ਪੁਨਰ ਜਨਮ ਹੋਇਆ ਹੋਵੇ ਤੇ ਉਨ੍ਹਾਂ ਦੇ ਦਾਦੇ-ਪੜਦਾਦੇ ਖਾਨਦਾਨੀ ਵੈਦ ਰਹੇ ਹੋਣ। ਇਨ੍ਹਾਂ ਲੁਟੇਰਿਆਂ ਦਾ ਅਸਲ ਮਕਸਦ ਨਸ਼ੇੜੀ ਨੂੰ ਆਪਣੇ ਵੱਲੋਂ ਤਿਆਰ ਕੀਤੀ ਗਈ ਨਸ਼ੇ ਵਾਲ਼ੀ ਦਵਾਈ ‘ਤੇ ਲਾਉਣਾ ਹੁੰਦਾ ਹੈ। ਇਸ ਗੋਰਖਧੰਦੇ ਵਿੱਚ ਹੁਣ ਕੁੱਝ ‘ ਔਰਤਾਂ ‘ ਵੀ ਨਿੱਤਰ ਆਈਆਂ ਹਨ ਜਿਹੜੀਆਂ ਇੱਕ ਤਰ੍ਹਾਂ ਨਾਲ਼ ਵਗਦੀ ਗੰਗਾ ਵਿੱਚ ਹੱਥ ਧੋਅ ਰਹੀਆਂ ਹਨ। ਇਸ ਗੋਰਖਧੰਦੇ ਵਿੱਚ ਕੁੱਝ ‘ ਫੇਸਬੁੱਕੀ ਪੱਤਰਕਾਰ ‘ ਵੀ ਸ਼ਾਮਿਲ ਹਨ ਜਿਹੜੇ ਇੱਕ ਤਰ੍ਹਾਂ ਨਾਲ਼ ਇਨ੍ਹਾਂ ਫੇਸਬੁੱਕੀ ਵੈਦਾਂ ਨੂੰ ਇਹ ਗੋਰਖਧੰਦਾ ਚਲਾਉਣ ਦਾ ਵਲ ਵੀ ਦੱਸਦੇ ਹਨ ਤੇ ਇਨ੍ਹਾਂ ਕੋਲੋਂ ਆਪਣੀ ‘ ਚੁੰਝ ‘ ਵੀ ਹਰੀ ਕਰਦੇ ਹਨ। ਇਸ ਤਰ੍ਹਾਂ ਮਿਲ ਮਿਲਾ ਕੇ ਚੱਲ ਰਹੇ ਇਸ ਗੋਰਖਧੰਦੇ ਦੀਆਂ ਜੜ੍ਹਾਂ ਦਿਨ-ਬ-ਦਿਨ ਫ਼ੈਲ ਰਹੀਆਂ ਹਨ। ਇਨ੍ਹਾਂ ‘ ਫੇਸਬੁੱਕੀ ਅਖੌਤੀ ਵੈਦਾਂ ‘ ਵਿੱਚੋਂ ਇੱਕ ਜਣਾ ਦਾਅਵਾ ਕਰਦਾ ਆਖਦਾ ਹੈ ਕਿ ਨਸ਼ਈ ਭਾਵੇਂ ਜਿਨ੍ਹਾਂ ਮਰਜ਼ੀ ‘ ਗੂੜ੍ਹਾ ‘ ਹੋਵੇ ਪਰ ਸਾਡੀ ਦਵਾਈ ਦੀ ਪਹਿਲੀ ਖੁਰਾਕ ਨਾਲ ਹੀ ਨਸ਼ੇ ਨੂੰ ਅਲਵਿਦਾ ਆਖ ਦਿੰਦਾ ਹੈ। ਉਹ ਆਪਣੇ ‘ ਅਖੌਤੀ ਦਾਅਵੇ ‘ ‘ਚ ਇਹ ਵੀ ਆਖਦਾ ਹੈ ਕਿ ” ਨਸ਼ਈ ਆਪਣੇ ਨਾਲ ਕੈਮਰਾ ਮੈਨ ਲੈ ਕੇ ਆਉਣ ।”
ਇੱਕ ਹੋਰ ‘ ਫੇਸਬੁੱਕੀ ਮਹਿਲਾ ਵੈਦ ” ਸਿਰਫ਼ ਵੀਹ ਦਿਨਾਂ ਵਿੱਚ ਹਰ ਪ੍ਰਕਾਰ ਦਾ ਨਸ਼ਾ ਛੁਡਾਉਣ ਦਾ ਦਾਅਵਾ ਕਰ ਰਹੀ ਹੈ। ਵੀਹ ਸਾਲ ਤੋਂ ਭੁੱਕੀ-ਅਫੀਮ ਦੀ ਵਰਤੋਂ ਕਰਨ ਵਾਲ਼ਾ ‘ ਗੂੜ੍ਹਾ ‘ ਨਸ਼ੱਈ ਕੀ ਵੀਹ ਦਿਨ ਦੀ ਦੇਸੀ ਦਵਾਈ ਨਾਲ ਨਸ਼ਾ ਮੁਕਤ ਹੋ ਸਕਦਾ ਹੈ ? ਇਹ ਅਹਿਮ ਸਵਾਲ ਹੈ ਜਿਸ ਬਾਰੇ ‘ ਫੇਸਬੁੱਕੀ ਪੱਤਰਕਾਰ ‘ ਵੀ ਉਸ ਮਹਿਲਾ ਵੈਦ ਨੂੰ ਸਵਾਲ ਨਹੀਂ ਕਰਦੇ। ਹਾਂ, ਇਨਾਂ ਜ਼ਰੂਰ ਕਿ ਇਹ ਮਹਿਲਾ ਵੈਦ ਨਸ਼ੱਈਆਂ ਨੂੰ ਆਪਣੀ ‘ ਨਸ਼ੀਲੀ ਦਵਾਈ ‘ ਦੇ ਆਦੀ ਬਣਾ ਆਪਣਾ
‘ ਪਰਸ ‘ ਗਰਮ ਰੱਖਣ ‘ਚ ਜ਼ਰੂਰ ਕਾਮਯਾਬ ਹੋ ਰਹੀ ਹੋਵੇਗੀ।
     ਅਤਿ ਹੈਰਾਨੀ ਵਾਲੀ ਗੱਲ ਇੱਥੇ ਇਹ ਕਿ ਪੰਜਾਬ ਸਰਕਾਰ ਦਾ ‘ ਸਿਹਤ
ਮਹਿਕਮਾ ‘ ਇਨ੍ਹਾਂ ਅਖੌਤੀ ਵੈਦਾਂ ਪ੍ਰਤੀ ਇੰਨਾਂ ‘ ਲਚਕਦਾਰ ‘ ਕਿਉਂ ਹੈ? ਨਸ਼ਾ ਸਿਰਫ ਮਾਨਸਿਕ ਸਮੱਸਿਆਵਾਂ ਦਾ ਮਾਹਿਰ ਡਾਕਟਰ ( ਸਾਈਕੈਟਰੀ ) ਹੀ ਛੁਡਵਾ ਸਕਦਾ ਹੈ ਤੇ ਸਾਈਕੈਟਰੀ ਨੂੰ ਹੀ ਸਿਹਤ ਵਿਭਾਗ ਵੱਲੋਂ ਇਹ ਮਾਨਤਾ ਦਿੱਤੀ ਹੋਈ ਹੈ। ਨਸ਼ਾ ਛੱਡਣ ਵਾਸਤੇ ਮਿਲਦੇ ‘ ਰੇਡੀਮੇਡ ਪਰੋਡਕਟ ‘ ਸਭ ਗੈਰ-ਕਾਨੂੰਨੀ ਹਨ ਤੇ ਇਹ ‘ ਅੰਡਰਗਰਾਊਂਡ ‘ ਤਿਆਰ ਕਰ ਅਜਿਹੇ ‘ ਫੇਸਬੁੱਕੀ ਵੈਦਾਂ ‘ ਤੱਕ ਪਹੁੰਚਾਏ ਜਾਂਦੇ ਹਨ। ਨਸ਼ਾ ਕਰਨ ਵਾਲ਼ਾ ਵਿਅਕਤੀ ਇਨ੍ਹਾਂ ‘ ਨਸ਼ਈ ਪ੍ਰੋਡਕਟਾਂ ‘ ਦਾ ਪੱਕਾ ਆਦੀ ਬਣ ਇਨ੍ਹਾਂ ਅਖੌਤੀ ਵੈਦਾਂ ਦੀਆਂ ਜੇਬ੍ਹਾਂ ਗ਼ਰਮ ਕਰਨ ਜੋਗਾ ਰਹਿ ਜਾਂਦਾ ਹੈ। ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੀ
‘ ਗੁੱਝੀ ਚੁੱਪ ‘ ਇੱਥੇ ਅਨੇਕਾਂ ਸਵਾਲ ਖੜ੍ਹੇ ਕਰ ਰਹੀ ਹੈ। ਕੀ ਕਾਰਨ ਹੈ ਕਿ ਉਹ ਸ਼ਰੇਆਮ ਚੱਲ ਰਹੇ ਇਸ ਗੋਰਖਧੰਦੇ ਨੂੰ ਬੰਦ ਕਰਵਾਉਣ ‘ਚ ਪਾਸਾ ਵੱਟ ਰਿਹਾ ਹੈ?—- ਇਨ੍ਹਾਂ ਅਖੌਤੀ ਵੈਦਾਂ ਵੱਲੋਂ ਦਵਾਈ ਦੀ ਆੜ ਹੇਠ ਸ਼ਰੇਆਮ ਵੇਚੇ ਜਾ ਰਹੇ ਇਸ ਨਸ਼ੇ ਨੂੰ ਆਖ਼ਰ ਕੌਣ ਬੰਦ ਕਰਵਾਏਗਾ?
ਜਦ ‘ ਸਾਈਕੈਟਰੀ ‘ ਤੋਂ ਬਿਨਾਂ ਹੋਰ ਕਿਸੇ ਵੈਦ / ਡਾਕਟਰ ਨੂੰ ਨਸ਼ਾ ਮੁਕਤ ਦਵਾਈ ਦੇਣ ਦਾ ਅਧਿਕਾਰ ਹੀ ਨਹੀਂ ਤਾਂ ਫਿਰ ‘ ਫੇਸਬੁੱਕ ‘ ਰਾਹੀਂ ਚਲਾਏ ਜਾ ਰਹੇ ਇਸ ਗੋਰਖਧੰਦੇ ਨੂੰ ਨੱਥ ਕਿਉਂ ਨਹੀਂ ਪਾਈ ਜਾ ਰਹੀ?
       ਪੰਜਾਬ ਸਰਕਾਰ ਨੂੰ ਇਸ ਸੰਵੇਦਨਸ਼ੀਲ ਮਾਮਲੇ ਵਿੱਚ ਇੰਨੀਂ ਘੇਸਲ ਨਹੀਂ ਮਾਰਨੀ ਚਾਹੀਦੀ ਕਿਉਂਕਿ ਨਸ਼ਿਆਂ ਕਾਰਨ ਪੰਜਾਬ ਦੀ ਇੱਕ ਪੀੜ੍ਹੀ ਪਹਿਲਾਂ ਹੀ ਸੰਤਾਪ ਹੰਢਾਅ ਰਹੀ ਹੈ। ਸਰਗਰਮੀਆਂ ਨਾਲ ਨਸ਼ਾ ਮੁਕਤ ਦਵਾਈਆਂ ਦਾ ਗੋਰਖਧੰਦਾ ਚਲਾਉਣ ਵਾਲਿਆਂ ਦੇ ਬਿਸਤਰੇ ਗੋਲ ਕੀਤੇ ਜਾਣ ਤੇ ਹਰ ਸਰਕਾਰੀ ਹਸਪਤਾਲ ਵਿੱਚ ਸਾਈਕੈਟਰੀ ਦੀ ਤਾਇਨਾਤੀ ਯਕੀਨੀ ਬਣਾਈ ਜਾਵੇ।
-ਰਣਜੀਤ ਸਿੰਘ ਨੂਰਪੁਰਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ,
Next article“ਗੌਣ ਕਿਰਦਾਰ’ ਕਾਮਾਂ !