ਲੋੜ ਹੈ ਅੱਜ ਮਨਾਂ ਅੰਦਰ ਪਿਆਰ ਮੁਹੱਬਤ ਦੇ ਦੀਵੇ ਬਾਲਣ ਦੀ:

ਸੰਜੀਵ ਸਿੰਘ ਸੈਣੀ
ਦੀਵਾਲੀ ਦਾ ਤਿਉਹਾਰ (ਹਿੰਦੂ, ਸਿੱਖ )ਭਾਈਚਾਰੇ ਦੇ ਲੋਕ ਬਹੁਤ ਹੀ ਧੂਮਧਾਮ ਨਾਲ ਮਨਾਉਂਦੇ ਹਨ। ਤਕਰੀਬਨ ਦੁਸਹਿਰੇ ਤੋਂ 20 ਦਿਨ ਬਾਅਦ ਇਹ ਤਿਉਹਾਰ ਮਨਾਇਆ ਜਾਂਦਾ ਹੈ। ਇਸ ਵਾਰ ਦੀਵਾਲੀ ਦਾ ਤਿਆਰ ਨਵੰਬਰ ਮਹੀਨੇ ਦੀ 12 ਤਰੀਕ ਨੂੰ ਮਨਾਇਆ ਜਾ ਰਿਹਾ ਹੈ। ਕਈ ਵਾਰ ਅਕਤੂਬਰ ਮਹੀਨੇ ਵਿੱਚ ਹੀ ਦੀਵਾਲੀ ਦਾ ਤਿਆਰ ਹੁੰਦਾ ਹੈ।ਜਿਸ ਦਾ  ਸਾਰੇ ਹੀ ਧਰਮ ਦੇ ਲੋਕ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਦੀਵਾਲੀ ਤਿਉਹਾਰ ਦੇ ਨਾਲ ਨਾਲ ਠੰਢ ਦੀ ਆਮਦ ਵੀ ਸ਼ੁਰੂ ਹੋ ਜਾਂਦੀ ਹੈ। ਤਕਰੀਬਨ ਝੋਨੇ ਦੀ ਕਟਾਈ ਖਤਮ ਹੋਣ ਵਾਲੀ ਹੁੰਦੀ ਹੈ ।ਕਿਸਾਨ ਖੇਤਾਂ ਵਿੱਚ ਕਣਕ ਦੀ ਬਿਜਾਈ ਸ਼ੁਰੂ ਕਰ ਦਿੰਦੇ ਹਨ। ਖੇਤਾਂ ਵਿੱਚ ਸਰੋਂ, ਪਾਲਕ ,ਲਹੁਸਣ ,ਹਰੇ ਪਿਆਜ ਲਗਾ ਦਿੱਤੇ ਜਾਂਦੇ ਹਨ। ਸਾਗ ਤਕਰੀਬਨ ਤਿਆਰ ਹੋ ਜਾਂਦਾ ਹੈ।ਪਸ਼ੂਆਂ ਲਈ ਚਾਰਾ( ਬਰਸੀਮ) ਬੀਜ ਦਿੱਤੀ ਜਾਂਦੀ ਹੈ।
ਦੀਵਾਲੀ ਹਿੰਦੂਆਂ ਦਾ ਪ੍ਰਸਿੱਧ ਤਿਉਹਾਰ ਹੈ। ਇਸ ਦਿਨ ਸ੍ਰੀ ਰਾਮ ਚੰਦਰ ਜੀ ਬਦੀ ਤੇ ਨੇਕੀ ਦੀ ਜਿੱਤ ਪ੍ਰਾਪਤ ਕਰਕੇ ਵਾਪਸ ਅਯੁੱਧਿਆ ਪਹੁੰਚੇ ਸਨ।ਉਨ੍ਹਾਂ ਦੀ ਆਮਦ ਤੇ ਅਯੁੱਧਿਆ ਵਾਸੀਆਂ ਨੇ ਦੇਸੀ ਘਿਓ ਦੇ ਦੀਵੇ ਜਗਾ ਕੇ ਖੁਸ਼ੀ ਪ੍ਰਗਟਾਈ ਸੀ। ਸਵਾਮੀ ਰਾਮ ਤੀਰਥ ਜੀ ਦਾ ਜਨਮ ਵੀ ਦੀਵਾਲੀ ਵਾਲੇ ਦਿਨ ਹੋਇਆ ਸੀ। ਆਰੀਆ ਸਮਾਜ ਦੇ ਬਾਨੀ ਸਵਾਮੀ ਦਇਆਨੰਦ ਜੀ ਦਾ ਨਿਰਵਾਣ ਵੀ ਦੀਵਾਲੀ ਦੇ ਦਿਨ ਹੋਇਆ ਸੀ।
ਸਿੱਖ ਧਰਮ ਵਿੱਚ ਦੀਵਾਲੀ ਬਹੁਤ ਧੂਮ-ਧਾਮ ਨਾਲ ਮਨਾਈ ਜਾਂਦੀ ਹੈ ।ਇਹ ਦਿਨ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿਚੋਂ 52  ਰਾਜਸੀ ਕੈਦੀਆਂ ਨੂੰ ਰਿਹਾ ਕਰਵਾ ਕੇ ਹਰਿਮੰਦਰ ਸਾਹਿਬ ਪੁੱਜੇ ਸਨ।ਉਹਨਾਂ ਦੇ ਅੰਮ੍ਰਿਤਸਰ ਆਉਣ ਤੇ ਲੋਕਾਂ ਨੇ ਦੇਸੀ ਘਿਓ ਦੇ ਦੀਵੇ ਜਗਾ ਕੇ ਤੇ ਮਠਿਆਈਆਂ ਵੰਡ ਕੇ ਖੁਸ਼ੀ ਜ਼ਾਹਿਰ ਕੀਤੀ ਸੀ।ਸਿੱਖਾਂ ਵਿੱਚ ਇਸ ਦਿਨ ਦੀਵੇ ਜਗਾਉਣ ਦੀ ਰਸਮ ਬਾਬਾ ਬੁੱਢਾ ਜੀ ਨੇ ਸ਼ੁਰੂ ਕੀਤੀ ਸੀ ,ਕਿਉਂਕਿ ਹਰਗੋਬਿੰਦ ਸਾਹਿਬ ਦੀਵਾਲੀ ਵਾਲੇ ਦਿਨ ਗਵਾਲੀਅਰ ਦੇ ਕਿਲ੍ਹੇ ਤੋਂ ਅੰਮ੍ਰਿਤਸਰ ਪੁੱਜੇ ਸਨ। ਅੰਮ੍ਰਿਤਸਰ ਦੀ ਦੀਵਾਲੀ ਪੰਜਾਬ ਵਿੱਚ ਹੀ ਨਹੀਂ, ਸਗੋਂ ਪੂਰੇ ਦੇਸ਼ ਭਰ ਵਿੱਚ ਪ੍ਰਸਿੱਧ ਹੈ।
ਵਿਦੇਸ਼ਾਂ ਤੋਂ ਵੀ ਲੋਕ ਦੀਵਾਲੀ ਮਨਾਉਣ ਲਈ ਦਰਬਾਰ ਸਾਹਿਬ ਨਤਮਸਤਕ ਹੁੰਦੇ ਹਨ।
“ਦਾਲ ਰੋਟੀ ਘਰ ਦੀ ,
ਦੀਵਾਲੀ ਅੰਮ੍ਰਿਤਸਰ ਦੀ।”
ਦੇਸ਼-ਵਿਦੇਸ਼ ਤੋਂ ਲੋਕ ਜਾਤ-ਪਾਤ ਧਰਮ ਤੋਂ ਉੱਪਰ ਉੱਠ ਕੇ ਦਰਬਾਰ ਸਾਹਿਬ ਨਤਮਸਤਕ ਹੁੰਦੇ ਹਨ ।ਲੱਖਾਂ ਦੀ ਗਿਣਤੀ ਸ਼ਰਧਾਲੂ ਇਸ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰ ਕੇ ਆਨੰਦ ਲੈਂਦੇ ਹਨ। ਸ਼ਾਮ ਨੂੰ ਪਰਿਕਰਮਾ ਵਿਚ ਦੀਵੇ ਤੇ ਮੋਮਬੱਤੀਆਂ ਜਗਾਏ ਜਾਂਦੇ ਹਨ। ਸਰਬਤ ਦੇ ਭਲੇ ਲਈ ਅਰਦਾਸ ਕੀਤੀ ਜਾਂਦੀ ਹੈ।ਇਸ ਤੋਂ ਪਹਿਲਾਂ ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਠ ਮਗਰੋਂ ਆਤਿਸ਼ਬਾਜ਼ੀ ਸ਼ੁਰੂ ਹੋ ਜਾਂਦੀ ਹੈ।ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਦਰਸ਼ਨੀ ਡਿਉਢੀ ਤੋਂ ਸਿੱਖ ਕੌਮ ਦੇ ਨਾਂ ਸੰਦੇਸ਼ ਦਿੱਤਾ ਜਾਂਦਾ ਹੈ ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ  ਵਲੋਂ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀ ਮੁਬਾਰਕਬਾਦ ਦਿੱਤੀ ਜਾਂਦੀ ਹੈ।
ਦੀਵਾਲੀ ਤੋਂ ਕੁਝ ਦਿਨ ਪਹਿਲਾਂ ਹੀ ਲੋਕ ਆਪਣੇ ਘਰਾਂ ਦੀ ਸਫਾਈ ਕਰਨੀ ਸ਼ੁਰੂ ਕਰ ਦਿੰਦੇ ਹਨ। ਰੰਗ ਰੋਗਨ ਕਰਵਾਉਂਦੇ ਹਨ। ਲੋਕਾਂ ਵਿੱਚ ਚਾਅ ਬਹੁਤ ਹੁੰਦਾ ਹੈ। ਪਰ ਅਸੀਂ ਅੱਜ ਕੱਲ ਦੇਖਦੇ ਹਾਂ ਕਿ ਲੋਕਾਂ ਵਿੱਚ ਤਿਉਹਾਰਾਂ ਦਾ ਉਤਸ਼ਾਹ ਘੱਟਦਾ ਜਾ ਰਿਹਾ ਹੈ। ਇੱਕ ਤਾਂ ਮਹਿੰਗਾਈ ਬਹੁਤ ਵੱਧ ਚੁੱਕੀ ਹੈ। ਮਹਿੰਗਾਈ ਲਗਾਤਾਰ ਬੇਲਗਾਮ ਹੁੰਦੀ ਜਾ ਰਹੀ ਹੈ। ਕੁੱਝ ਲੋਕ ਆਨਲਾਈਨ ਚੀਜ਼ਾਂ ਨੂੰ ਤਰਜੀਹ ਦੇਣ ਲੱਗ ਪਏ ਹਨ।
ਦੀਵਾਲੀ ਵਾਲੀ ਰਾਤ ਨੂੰ ਲੋਕ ਪਟਾਕੇ ਚਲਾਉਂਦੇ ਹਨ ।ਰਿਸ਼ਤੇਦਾਰਾਂ ਵਿੱਚ ਮਠਿਆਈਆਂ ਵੰਡਦੇ ਹਨ। ਪੱਟਾਕੇ  ਚਲਾਉਣ ਕਾਰਨ ਵਾਤਾਵਰਨ ਪ੍ਰਦੂਸ਼ਿਤ ਹੋ ਜਾਂਦਾ ਹੈ ।ਹਰ ਸਾਲ ਸੂਬਾ ਸਰਕਾਰ ਪਟਾਕੇ ਚਲਾਉਣ ਲਈ ਸਮਾਂ ਨਿਰਧਾਰਿਤ ਕਰਦੀ ਹੈ।
  ਕਈ ਮੂਰਖ ਲੋਕ ਰਾਤ ਨੂੰ ਦਾਰੂ ਪੀ ਕੇ  ਜੂਆ ਖੇਡਦੇ ਹਨ ।ਅਸੀਂ ਆਪਣੇ ਰਿਸ਼ਤੇਦਾਰਾਂ ,ਦੋਸਤਾਂ ਨੂੰ ਮਿਠਾਈਆਂ ਵੰਡਦੇ ਹਨ। ਅਕਸਰ ਤਿਉਹਾਰਾਂ ਦੇ ਸੀਜ਼ਨ ਵਿੱਚ ਸਿਹਤ ਮੰਤਰਾਲਾ ਇਨ੍ਹਾਂ ਦੁਕਾਨਾਂ ਦੀ ਚੈਕਿੰਗ ਕਰਦਾ ਹੈ।ਵੇਖਣ ਵਿੱਚ ਵੀ ਆਉਂਦਾ  ਹੈ ਕਿ ਨਕਲੀ ਦੁੱਧ ,ਖੋਆ ,ਪਨੀਰ ਕੁਇੰਟਲ ਦੇ ਹਿਸਾਬ ਨਾਲ ਫੜਿਆ ਜਾਂਦਾ ਹੈ।ਇਹ ਨਕਲੀ ਦੁੱਧ ਖੋਆ ਸਾਡੀ ਸਿਹਤ ਲਈ ਬਹੁਤ ਨੁਕਸਾਨਦਾਇਕ ਹੁੰਦਾ ਹੈ। ਇਨਾਂ ਮਿਠਾਈਆਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।ਦੀਵਾਲੀ ਵੇਲੇ ਬਾਜ਼ਾਰੀ ਦੁੱਧ ਤੇ ਖੋਏ ਵਾਲੀ ਮਿਠਾਈਆਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ । ਇਹਨਾਂ ਦੀ  ਥਾਂ ਡਰਾਈ ਫਰੂਟ ਦੀ ਵਰਤੋਂ ਕਰਨੀ ਚਾਹੀਦੀ ਹੈ ।ਜੇ ਹੋ ਸਕੇ ਤਾਂ ਅਮਰਤੀ ,  ਜਲੇਬੀ ਜਾਂ ਡਰਾਈ ਪੇਠੇ ਦੀ ਵਰਤੋਂ ਕਰਨੀ ਚਾਹੀਦੀ ਹੈ।
 ਸਾਨੂੰ  ਦੀਵਾਲੀ ਤੇ  ਮਹਿੰਗੇ  ਤੋਹਫ਼ੇ ਵੰਡਣ ਤੇ ਲੈਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਅਸੀਂ ਆਪਣੇ ਦੋਸਤ ਨੂੰ ਵਧੀਆ ਰਸਾਲਾ , ਕਿਤਾਬ  ਗਿਫ਼ਟ ਦੇ ਸਕਦੇ ਹਨ।ਕੀ ਪਤਾ ਉਹ ਕਿਤਾਬ ਜਾਂ ਵਧੀਆ ਮੈਗਜ਼ੀਨ ਪੜ੍ਹ ਕੇ ਉਸ ਨੂੰ ਜੀਵਨ ਜਿਊਣ ਦਾ ਸਲੀਕਾ ਹੀ ਆ ਜਾਵੇ?ਇੱਕ ਦੂਜੇ ਦੇ ਨਾਲ ਨਫ਼ਰਤ ਬਿਲਕੁੱਲ ਵੀ ਨਹੀਂ ਕਰਨੀ ਚਾਹੀਦੀ। ਪਿਆਰ ਕਰਨਾ ਚਾਹੀਦਾ ਹੈ।
ਦੀਵਾਲੀ ਦੇ ਪਵਿੱਤਰ ਮੌਕੇ ਤੇ ਸਾਨੂੰ ਨਸ਼ਿਆਂ ਤੇ ਭ੍ਰਿਸ਼ਟਾਚਾਰ ਮੁਕਤ ਸਮਾਜ ਉਸਾਰਨ ਲਈ ਸੰਜੀਦਾ ਯਤਨ ਕਰਨੇ ਚਾਹੀਦੇ ਹਨ।ਅੱਜ ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵੱਗ ਰਿਹਾ ਹੈ। ਹਰ ਰੋਜ਼ ਨੌਜਵਾਨ ਨਸ਼ਿਆਂ ਦੀ ਭੇਂਟ ਚੜ ਰਹੇ ਹਨ।ਸਾਨੂੰ ਆਪਣੇ ਅੰਦਰ ਗਿਆਨ ਰੂਪੀ ਦੀਵਿਆਂ ਨੂੰ ਜਗਾਉਣਾ ਚਾਹੀਦਾ ਹੈ। ਨਫ਼ਰਤ, ਵੈਰ ,ਵਿਰੋਧ ,ਈਰਖਾ ਨੂੰ ਛੱਡ ਕੇ ਪਿਆਰ ਦੇ ਦੀਵੇ ਬਾਲਣੇ ਚਾਹੀਦੇ ਹਨ।ਆਓ ਆਪਣੇ ਮਨਾਂ ਦੇ ਅੰਦਰ ਅਜਿਹੇ ਦੀਵੇ ਜਗਾਈਏ, ਜੋ ਦੂਜਿਆਂ ਲਈ ਚਾਨਣ-ਮੁਨਾਰਾ ਬਨਣ।ਗਿਆਨ ਰੂਪੀ ਦੀਵੇ ਜਗਾ ਕੇ ਅਸੀਂ ਝੂਠ ਦਾ ਹਨੇਰਾ ਦੂਰ ਕਰ ਸਕਦੇ ਹਨ।ਹੁਣ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਇਸ ਤਿਉਹਾਰ ਨੂੰ ਕਿਸ ਤਰ੍ਹਾਂ ਮਨਾਉਂਦੇ ਹਨ। ਆਪਣੇ ਮਨਾਂ ਦੇ ਅੰਦਰ ਦੀਵੇ ਬਾਲੀਏ। ਆਓ ਦੀਵਾਲੀ ਦੇ ਤਿਉਹਾਰ ਤੇ ਬਾਹਰਲੀ ਸਫ਼ਾਈ ਦੇ ਨਾਲ ਨਾਲ ਅੰਦਰਲੀ ਸਫ਼ਾਈ ਵੀ ਜਰੂਰ ਕਰੀਏ।
ਸੰਜੀਵ ਸਿੰਘ ਸੈਣੀ,
ਮੋਹਾਲੀ7888966168

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleTop UK lawyers fear Jagtar Johal won’t receive ‘due process’ in India: Report
Next articleਯੂ ਕੇ ‘ਚ “ਦੀਵਾਲੀ ਮੇਲਾ” ਡਾਂਸ ਐਂਡ ਡਿਨਰ  11 ਨੂੰ