(ਸਮਾਜ ਵੀਕਲੀ)
ਆਪਣੇ ਦੁਖਾਂ ਨੂੰ ਤਜਰਬਿਆਂ ਨੂੰ, ਮੋਤੀਆਂ ਵਾਂਗ ਪਰੋਣਾ,
ਵਾਰ ਵਾਰ ਕੱਟ-ਵੱਢ ਕਰਕੇ, ਪਾਠਕਾਂ ਤੱਕ ਪਹੁੰਚਾਉਣਾ।
ਮੈਨੂੰ ਤਾਂ ਲੱਗਦੈ ਸਭ ਦੇ ਘਰਾਂ ‘ਚ, ਇਸੇ ਤਰ੍ਹਾਂ ਹੈ ਬਣਦੀ,
ਘਰ ਦਾ ਜੋਗੀ ਜੋਗ ਨਾ, ਪਰ ਬਾਹਰਲੇ ਸਭੇ ਕਰਨ ਹਮਦਰਦੀ।
ਰੱਬ ਅੱਗੇ ਕਰਦਾ ਅਰਜ਼ੋਈਆਂ ,ਉਹ ਕਹਿੰਦਾ ਚੱਲੀਂ ਚੱਲ,
ਤੂੰ ਕਿਹੜਾ ਕਿਸੇ ਦੇ ਮਾਂਹ ਮਾਰੇ ਨੇ, ਆਪਣਾ ਗੱਡਾ ਦੁਵੱਲੀਂ ਚਲ।
ਭਜਾਈਂ ਚੱਲ ਘੋੜਾ, ਕਦੇ ਤਾਂ ਪਿੰਡ ਆਉਗਾ,
ਸਾਥ ਉੱਪਰ ਵਾਲੇ ਦਾ, ਕਾਲਜੇ ‘ਚ ਠੰਡ ਪਾਊਗਾ।
ਮੈਂ ਤਾਂ ਸੁਣਿਆ ਸੀ ਸ਼ੋਹਰਤਾਂ ਬਹੁਤ, ਨਾਲੇ ਹੁੰਦੀਆਂ ਕਮਾਈਆਂ,
ਕਦੀ ਕਦੀ ਤਾਂ ਅੱਕ ਕੇ ਦਿਲ ਛੋਟਾ ਕਰ ਲੈਂਦਾ, ਨਹੀਂ ਜਾਂਦੀਆਂ ਨਿਭਾਈਆਂ।
ਪੱਲਿਓਂ ਖਰਚ ਕਰ ਕਰ, ਵੱਡੇ ਘਾਟੇ ਪੈਂਦੇ,
ਨਾਲੇ ਟੋਟਕੇ ਘਰ ਵਾਲਿਆਂ ਦੇ, ਚੁੱਪ ਚੁਪੀਤੇ ਸਹਿੰਦੇ।
ਇੱਕੋ ਇੱਕ ਉਮੀਦ ਮੇਰੀ, ਪਾਠਕ ਜੋਤ ਜਗਾਈ ਰੱਖਦੇ,
ਹੌਸਲਾ ਅਫਜਾਈ ਕਰਦੇ ਰਹਿਣ, ਚੱਲੇ ਹੋ ਸੱਚਾਈ ਰਸਤੇ।
ਠੋਕਰਾਂ ਜਿੰਦਗੀ ‘ਚ ਬਹੁਤ ਖਾਧੀਆਂ, ਬਿਰਤਾਂਤ ਉਹਨਾਂ ਨੂੰ ਪੜ੍ਹਾਵਾਂ,
ਲੂੰ-ਕੰਡੇ ਖੜੇ ਹੋ ਜਾਂਦੇ, ਉਹ ਕਰਦੇ ਹਿੰਮਤ ਦੀਆਂ ਛਾਵਾਂ।
ਘਰਵਾਲੀ ਨੂੰ ਆਪਣੇ ਪੱਖ ਚ ਰੱਖਣ ਦੀ ਹੁੰਦੀ ਕੋਸ਼ਿਸ਼ ਪੂਰੀ,
ਸਾਰਾ ਟੱਬਰ ਉਸਦੀ ਸ਼ਹਿ ਤੇ, ਵੱਟੀ ਰੱਖਦਾ ਘੂਰੀ।
ਕਈ ਵਾਰੀ ਤਾਂ ਸੋਚੀਦਾ, ਰੁੱਸੇ ਨਾ ਘਰ ਵਾਲੀ ਜੱਗ ਭਾਵੇਂ ਸਾਰਾ ਰੁੱਸਜੇ,
ਖਾਲਾ ਜੀ ਦਾ ਵਾੜਾ ਨ੍ਹੀਂ ਲਿਖਣਾ, ਮਾਹੌਲ ਬਣਾਉਣਾ ਪੈਂਦਾ ਰੁਕ ਰੁਕ ਕੇ।
ਇੱਕ ਵਾਰੀ ਗੁੱਸੇ ਚ ਆ ਕੇ , ਛੇ ਮਹੀਨਿਆਂ ‘ਚ
ਲਿਖੀਆਂ ਕਵਿਤਾਵਾਂ,
ਵਰਕੇ ਸਾਰੇ ਪਾੜ੍ਹ ਕੇ, ਮੈਨਹੋਲ ਵਿੱਚ ਸੁੱਟ ਤੇ,
ਮਾਫ ਕਰਕੇ ਉਹਨਾਂ ਦੀਆਂ ਗਲਤੀਆਂ, ਕਮਜ਼ੋਰੀਆਂ,
ਅਸੀਂ ਵੀ ਸ਼ਾਂਤੀ ਲਿਆਉਣ ਹਿੱਤ,ਗਿਲੇ ਢੱਠੇ ਖੂਹ ਵਿੱਚ ਰਹੀਏ ਸੁੱਟਦੇ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ
ਹਾਲ-ਆਬਾਦ #639/40ਏ ਚੰਡੀਗੜ੍ਹ।
ਫੋਨ ਨੰਬਰ : 9878469639
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly