ਖੁਸ਼ ਰਹਿਣ ਲਈ ਇਹ ਵੀ ਜ਼ਰੂਰੀ ਹੈ

(ਸਮਾਜ ਵੀਕਲੀ)

ਖੁਸ਼ ਰਹਿਣਾ ਅਸੀਂ ਸਾਰੇ ਚਾਹੁੰਦੇ ਹਾਂ।ਪਰ ਖੁਸ਼ ਕਿਵੇਂ ਰਹਿਣਾ ਉਹ ਹੀ ਸਾਨੂੰ ਪਤਾ ਨਹੀਂ। ਜਿਵੇਂ ਹਿਰਨ ਕਸਤੂਰੀ ਦੀ ਖੁਸ਼ਬੂ ਲਈ ਦੌੜਦਾ ਰਹਿੰਦਾ ਹੈ,ਅਸੀਂ ਵੀ ਖੁਸ਼ੀ ਲਈ ਭੱਜੇ ਫਿਰਦੇ ਹਾਂ। ਅਸਲ ਵਿੱਚ ਖੁਸ਼ੀ ਸਾਡੇ ਅੰਦਰ ਹੈ।ਹਾਂ,ਸਾਡੇ ਸਾਰਿਆਂ ਦੇ ਖੁਸ਼ ਹੋਣ ਦੇ ਢੰਗ ਤਰੀਕੇ ਸਾਡੀ ਸੋਚ ਤੇ ਨਿਰਭਰ ਕਰਦੇ ਹਨ।ਚਾਣਕਿਆ ਅਨੁਸਾਰ,”ਪੁਜਾਰੀ ਭੋਜਨ ਨਾਲ ਖੁਸ਼ ਹੁੰਦੇ ਹਨ।ਨੇਕ ਬੰਦੇ ਦੂਸਰਿਆਂ ਦੀ ਖੁਸ਼ੀ ਵੇਖਕੇ ਖੁਸ਼ ਹੁੰਦੇ ਹਨ ਅਤੇ ਮਾੜੇ ਬੰਦਾ ਦੂਸਰੇ ਨੂੰ ਬਿਪਤਾ ਵਿੱਚ ਫਸੇ ਦੇਖਕੇ ਖੁਸ਼ ਹੁੰਦਾ ਹੈ।”ਖੁਸ਼ ਰਹਿਣ ਲਈ ਸਾਰਾ ਕੁੱਝ ਆਪਣੇ ਤੇ ਨਿਰਭਰ ਕਰਦਾ ਹੈ ਜੇਕਰ ਅਸੀਂ ਖੁਸ਼ ਰਹਿਣਾ ਚਾਹੁੰਦੇ ਹਾਂ ਤਾਂ ਦੂਸਰੇ ਕੋਲੋਂ ਖੁਸ਼ੀਆਂ ਦੀ ਆਸ ਨਾ ਕਰੀਏ।ਆਪ ਖੁਸ਼ ਰਹੀਏ ਅਤੇ ਦੂਸਰੇ ਨੂੰ ਖੁਸ਼ ਰੱਖੀਏ।ਇਹ ਜ਼ਰੂਰੀ ਨਹੀਂ ਕਿ ਜਿਸ ਕੋਲੋਂ ਅਸੀਂ ਖੁਸ਼ੀ ਦੀ ਆਸ ਕਰ ਰਹੇ ਹਾਂ,ਉਹ ਸਾਨੂੰ ਸਾਡੇ ਮੁਤਾਬਿਕ ਸਮਝੇ।

ਜਦੋਂ ਉਹ ਸਾਡੀਆਂ ਆਸਾਂ ਅਤੇ ਉਮੀਦਾਂ ਮੁਤਾਬਿਕ ਸਾਨੂੰ ਤਵੱਜੋਂ ਨਹੀਂ ਦਿੰਦਾ ਤਾਂ ਅਸੀਂ ਦੁੱਖੀ ਹੋ ਜਾਂਦੇ ਹਾਂ। ਆਪਣੀਆਂ ਖੁਸ਼ੀਆਂ ਦੂਸਰੇ ਦੇ ਹੱਥ ਨਾ ਦਿਉ। ਜਦੋਂ ਅਸੀਂ ਸੰਤੁਸ਼ਟ ਹੁੰਦੇ ਹਾਂ ਤਾਂ ਅਸੀਂ ਆਪਣੇ ਆਪ ਹੀ ਖੁਸ਼ੀ ਮਹਿਸੂਸ ਕਰਦੇ ਹਾਂ।ਹਕੀਕਤ ਇਹ ਹੈ ਕਿ ਸਾਡੇ ਕੋਲ ਜੋ ਕੁੱਝ ਹੁੰਦਾ ਹੈ,ਅਸੀਂ ਉਸ ਨਾਲ ਖੁਸ਼ ਹੋਣ ਦੀ ਥਾਂ,ਜੋ ਨਹੀਂ ਉਸਦੇ ਪਿੱਛੇ ਦੌੜਦੇ ਹਾਂ। ਅਸੀਂ ਦੌੜਦੇ ਹਾਂ, ਥੱਕਦੇ ਹਾਂ, ਅੱਕ ਦੇ ਹਾਂ ਅਤੇ ਆਪਣੀਆਂ ਖੁਸ਼ੀਆਂ ਦਾ ਗਲਾ ਘੁੱਟ ਲੈਂਦੇ ਹਾਂ। ਜੇਕਰ ਕਿਸੇ ਕੋਲ ਤੁਹਾਡੇ ਨਾਲੋਂ ਜ਼ਿਆਦਾ ਹੈ ਤਾਂ ਵੇਖਕੇ ਖੁਸ਼ ਹੋਵੋ।ਈਰਖਾ ਕਰਨ ਨਾਲ ਦੂਸਰੇ ਦਾ ਕੋਈ ਨੁਕਸਾਨ ਨਹੀਂ ਹੁੰਦਾ,ਅਸੀਂ ਆਪਣੇ ਆਪਨੂੰ ਦੁੱਖੀ ਤੇ ਪ੍ਰੇਸ਼ਾਨ ਕਰ ਲੈਂਦੇ ਹਾਂ।

ਖੁਸ਼ ਹੋਵਾਂਗੇ ਤਾਂ ਅਸੀਂ ਵੀ ਖੁਸ਼ ਅਤੇ ਦੂਸਰੇ ਨੂੰ ਵੀ ਅਸੀਂ ਖੁਸ਼ੀ ਦੇ ਸਕਾਂਗੇ। ਆਰ.ਡਬਲਿਊ.ਐਮਰਸਨ ਅਨੁਸਾਰ,”ਖੁਸ਼ੀ ਉਹ ਇਤਰ ਹੈ ਜਿਹੜਾ ਤੁਸੀਂ ਦੂਜਿਆਂ ਉਪਰ ਤਦ ਤੱਕ ਹੀ ਛਿੜਕ ਸਕਦੇ ਹੋ ਜੇ ਤੁਹਾਡੇ ਆਪਣੇ ਕੋਲ ਵੀ ਉਸਦੀਆਂ ਕੁੱਝ ਬੂੰਦਾ ਮੌਜੂਦ ਹੋਣ”।ਜੇਕਰ ਅਸੀਂ ਆਪ ਖੁਸ਼ ਨਹੀਂ ਤਾਂ ਦੂਸਰੇ ਵੀ ਸਾਨੂੰ ਖੁਸ਼ੀਆਂ ਨਹੀਂ ਦੇ ਸਕਦੇ ਅਤੇ ਨਾ ਅਸੀਂ ਦੂਜਿਆਂ ਨੂੰ ਖੁਸ਼ ਕਰ ਸਕਦੇ ਹਾਂ। ਬਹੁਤੇ ਵੱਡੇ ਘਰ,ਮਹਿੰਗੀਆਂ ਕਾਰਾਂ, ਮਹਿੰਗੇ ਸੂਟ,ਬਰੈਂਡਿਡ ਪਰਸ ਅਤੇ ਜੁੱਤੀਆਂ ਕਦੇ ਵੀ ਖੁਸ਼ੀ ਨਹੀਂ ਦੇ ਸਕਦੇ।ਕਈ ਵਾਰ ਇਹ ਸਾਰਾ ਕੁੱਝ ਇਕੱਠਾ ਕਰਨ ਵਿੱਚ ਇੰਨੀ ਭੱਜ ਦੌੜ ਕਰਦੇ ਹਾਂ ਕਿ ਸਿਹਤ ਖਰਾਬ ਹੋ ਜਾਂਦੀ ਹੈ।

ਜੇਕਰ ਖੁਸ਼ ਰਹਿਣਾ ਹੈ ਤਾਂ ਸਿਰਫ਼ ਵਰਤਮਾਨ ਵਿੱਚ ਜਿਊਣਾ ਸਿੱਖਣਾ ਬਹੁਤ ਜ਼ਰੂਰੀ ਹੈ।ਬਹੁਤੀ ਵਾਰ ਅਸੀਂ ਇਹ ਹੀ ਨਹੀਂ ਸਮਝਦੇ।ਅਸੀਂ ਦਿਮਾਗ਼ ਨੂੰ ਜ਼ਰੂਰਤ ਤੋਂ ਵੱਧ ਵਰਤਦੇ ਹਾਂ।ਜਦੋਂ ਦਿਮਾਗ ਥੱਕਦਾ ਹੈ ਤਾਂ ਅਸੀਂ ਮਾਨਸਿਕ ਤੌਰ ਤੇ ਥੱਕ ਜਾਂਦੇ ਹਾਂ ਅਤੇ ਛੋਟੀ ਛੋਟੀ ਗੱਲ ਤੇ ਖਿਝਦੇ ਹਾਂ। ਇਸ ਨਾਲ ਆਪ ਤਾਂ ਖੁਸ਼ ਰਹਿੰਦੇ ਨਹੀਂ,ਜਿਹੜੇ ਸਾਡੇ ਆਸਪਾਸ ਹੁੰਦੇ ਹਨ ਉਨ੍ਹਾਂ ਨੂੰ ਵੀ ਖੁਸ਼ ਨਹੀਂ ਰਹਿਣ ਦਿੰਦੇ।ਨਿਉ ਸੀਰੋਸਟਨ ਨੇ ਲਿਖਿਆ ਹੈ,”ਖੁਸ਼ੀ ਉਦੋਂ ਹੀ ਹਾਸਲ ਹੁੰਦੀ ਹੈ ਜਦੋਂ ਅਸੀਂ ਆਪਣੇ ਦਿਮਾਗ਼ ਅਤੇ ਦਿਲਾਂ ਨੂੰ ਆਪਣੀ ਸਮਰਥਾ ਦੀਆਂ ਹੱਦਾਂ ਤੱਕ ਖਿੱਚ ਲੈਂਦੇ ਹਾਂ”।

ਜਿਹੜੇ ਖੁਸ਼ ਵਿਖਾਈ ਦਿੰਦੇ ਹਨ ਜ਼ਰੂਰੀ ਨਹੀਂ ਉਨ੍ਹਾਂ ਕੋਲ ਦੁਨੀਆਂ ਦੀਆਂ ਸਾਰੀਆਂ ਚੀਜ਼ਾਂ ਹੋਣ।ਉਹ ਖੁਸ਼ ਹਨ ਕਿਉਂਕਿ ਉਨ੍ਹਾਂ ਨੇ ਜੋ ਕੁੱਝ ਹੈ ਉਸ ਵਿੱਚ ਰਹਿਣਾ ਤੇ ਉਸੇ ਵਿੱਚ ਖੁਸ਼ ਰਹਿਣਾ ਸਿਖ ਲਿਆ ਹੈ।ਸਿਆਣੇ ਕਹਿੰਦੇ ਨੇ,”ਦੂਸਰੇ ਦੀ ਥਾਲੀ ਵਿੱਚ ਲੱਡੂ ਵੱਡਾ ਲੱਗਦਾ ਹੈ।”ਹਾਂ, ਕਦੇ ਆਪਣੇ ਤੋਂ ਘੱਟ ਆਮਦਨ ਵਾਲਿਆਂ ਨੂੰ ਵੀ ਵੇਖਿਆ ਲਿਆ ਕਰੀਏ।ਬਹੁਤ ਲੋਕਾਂ ਕੋਲ ਛੋਟਾ ਜਿਹਾ ਘਰ ਹੁੰਦਾ ਹੈ ਪਰ ਉਹ ਉਸ ਘਰ ਵਿੱਚ ਖੁਸ਼ ਰਹਿੰਦੇ ਹਨ।ਗੱਲ ਤਾਂ ਸੋਚ ਦੀ ਹੈ।

ਬਹੁਤ ਵਾਰ ਅਸੀਂ ਦੂਜਿਆਂ ਦੇ ਹੱਥ ਆਪਣੀਆਂ ਖੁਸ਼ੀਆਂ ਦੀ ਚਾਬੀ ਫੜਾ ਦਿੰਦੇ ਹਾਂ।ਜਦੋਂ ਅਸੀਂ ਅਜਿਹਾ ਕਰਦੇ ਹਾਂ ਤਾਂ ਅਸੀਂ ਕਦੇ ਵੀ ਖੁਸ਼ ਨਹੀਂ ਰਹਿਣ ਸਕਦੇ।ਆਪਣੇ ਲਈ ਜਿਊਣਾ ਅਤੇ ਆਪਣੇ ਆਪ ਨੂੰ ਆਪ ਖੁਸ਼ ਰੱਖਾਂਗੇ ਤਾਂ ਹੀ ਖੁਸ਼ ਰਹਾਂਗੇ।ਦੂਸਰੇ ਦੀ ਖੁਸ਼ੀ ਵੇਖਕੇ ਖੁਸ਼ ਖੁਸ਼ ਹੋਣਾ ਸਿਖੀਏ।ਮਿਹਨਤ ਕਰਕੇ ਜੋ ਵੀ ਸਾਡੇ ਕੋਲ ਹੈ ਉਸ ਵਿੱਚ ਖੁਸ਼ ਰਹੀਏ।ਖਾਹਿਸ਼ਾਂ ਰੱਖੋ ਪਰ ਖਾਹਿਸ਼ਾਂ ਨੂੰ ਆਪਣੇ ਤੇ ਭਾਰੂ ਇੰਨਾ ਨਾ ਹੋਣ ਦਿਉ ਕਿ ਸਾਡੀ ਸੋਚ ਕਿਸੇ ਗਲਤ ਪਾਸੇ ਤੁਰ ਪਵੇ।ਸਿਆਣੇ ਕਹਿੰਦੇ ਨੇ ਖੁਸ਼ੀ ਆਪਣੇ ਮਨ ਦੀ ਹੈ।ਜੇਕਰ ਮਨ ਨੂੰ ਜਿੱਤ ਲਿਆ ਤਾਂ ਵਾਧੂ ਦਾ ਵਿਖਾਵਾ ਅਤੇ ਭੱਜ ਦੌੜ ਨਹੀਂ ਕਰਾਂਗੇ।ਮੈਨੂੰ ਲੱਗਦਾ ਹੈ ਕਿ ਖੁਸ਼ ਰਹਿਣ ਲਈ ਬਹੁਤ ਸਾਰੇ ਮਹਿੰਗੇ ਸਮਾਨ ਦੀ ਜ਼ਰੂਰਤ ਨਹੀਂ ਹੈ।ਜੋ ਹੈ ਉਸ ਵਿੱਚ ਖੁਸ਼ ਰਹਿਣ ਨਾਲ ਹੀ ਖੁਸ਼ ਰਿਹਾ ਜਾ ਸਕਦਾ ਹੈ ਅਤੇ ਖੁਸ਼ ਰਹਿਣ ਲਈ ਇਹ ਬਹੁਤ ਜ਼ਰੂਰੀ ਹੈ।

ਪ੍ਰਭਜੋਤ ਕੌਰ ਢਿੱਲੋਂ

ਮੁਹਾਲੀ ਮੋਬਾਈਲ ਨੰਬਰ 9815030221

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleBharat Jodo Yatra continues in Kamareddy district on last day in T’gana
Next article*ਸੱਚੇ ਮਾਰਗ ਚੱਲਣਾ*