ਰਹਿਰਾਸ ਦਾ ਵੇਲਾ ਹੈ

(ਸਮਾਜ ਵੀਕਲੀ)

ਭਗਤ ਸਿੰਘ ਕੱਲ੍ਹ ਤੇਰੀ ਪੱਗ ਦੀ ਨਕਲਚੀਏ
ਨਕਲ ਮਾਰਨਗੇ ਤੇ ਇਨਕਲਾਬ ਜ਼ਿੰਦਾਬਾਦ ਦੇ
ਨਾਹਰੇ ਮਾਰਨਗੇ

ਕਿੰਨੇ ਕੁ ਹੋਣਗੇ ?
ਜਿਹਨਾਂ ਨੇ ਤੇਰੀਆਂ ਲਿਖਤਾਂ ਨੂੰ
ਪੜ੍ਹਿਆ ਹੋਇਆ ਹੋਵੇਗਾ ?
ਬਹੁਗਿਣਤੀ ਗਿਣਤੀ ਤਾਂ
ਕਿਤਾਬਾਂ ਤੋਂ ਸੱਖਣੀ ਹੈ

ਤੇਰੀ ਸੋਚ ਤੇ ਵਿਚਾਰਧਾਰਾ
ਪੱਗ ਦੇ ਥੱਲਿਓ ਗਾਇਬ ਹੋਵੇਗੀ ਤੇ
ਹੜ੍ਹ ਵਰਗੀ ਭੀੜ ਜੋਸ਼ ਵਿੱਚ
ਹੋਸ਼ ਭੁਲਾ ਕੇ ਕਾਵਾਂ ਰੌਲੀ ਪਾਵੇਗੀ
ਤੇ ਸਮਝੇਗੀ ਅਸੀਂ
ਦੂਸਰੀ ਆਜ਼ਾਦੀ ਦੀ ਜੰਗ ਜਿੱਤੀ ਹੈ
ਪਰ ਉਹ ਨਹੀਂ ਜਾਣਦੇ ਕਿ
ਉਹਨਾਂ ਨੇ ਆਪਣੇ ਹੱਥਾਂ ਨਾਲ
ਗਲ ਫਰਾਹਾ ਆਪ ਪਾ ਲਿਆ ਹੈ ਤੇ

ਭਗਤ ਸਿੰਘ ਦੂਰ ਕਿਤੇ ਖੜ੍ਹਾ ਸੋਚੇਗਾ ਕਿ
ਭਲਾ ਮੈਂ ਕਦ ਬਸੰਤੀ ਪੱਗ ਬੰਨ੍ਹ ਕੇ ਗਾਇਆ ਸੀ ?
ਮੈਨੂੰ ਤਾਂ ਪੜ੍ਹਨ ਤੋਂ ਵਿਹਲ ਨਹੀਂ ਸੀ
ਤੇ ਕੌਣ ਮੇਰੇ ਇਨਕਲਾਬੀ ਵਿਚਾਰਾਂ ਦੇ ਉਪਰ
ਆ ਬਸੰਤੀ ਰੰਗ ਫੇਰ ਗਿਆ ?

ਉਹ ਆਪਣੀ ਸੋਚ ਤੇ ਵਿਚਾਰਧਾਰਾ ਵਰਗੇ
ਭਗਤ ਸਿੰਘ ਨੂੰ ਲੱਭੇਗਾ
ਕੀ ਉਸਨੂੰ ਮਿਲ ਜਾਵੇਗਾ

ਭਗਤ ਸਿੰਘ ਵਰਗਾ ?
ਉਹ ਉਦਾਸ ਹੋ ਫੇਰ ਸੋਚੇਗਾ

ਕੀ ਸੋਚੇਗਾ ਭਲਾਂ ?
ਮੈਂ ਨਾਸਤਿਕ ਕਿਉਂ ਬਣਿਆ ਸੀ
ਮੈਨੂੰ ਆਸਤਿਕ ਕੌਣ ਬਣਾ ਰਿਹਾ ਹੈ

ਉਹ ਸੁਖਦੇਵ ਨੂੰ ਕਦੇ ਭਗਵਤੀ ਚਰਨ ਨੂੰ
ਕਦੇ ਮਾਂਵਾਂ ਵਰਗੀ ਦੁਰਗਾ ਭਾਬੀ ਨੂੰ ਪੁੱਛਦਾ ਹੈ

ਪਰ ਕੋਈ ਨਹੀਂ ਦੱਸਦਾ
ਪਰੇ ਭਗਵੇਂ ਕੱਪੜਿਆਂ ਵਾਲਾ ਮੁਸਕਾਉਦਾ ਹੈ
ਦੇਖਿਆ ਭਗਤ ਸਿੰਘ ?
ਤੂੰ ਦੇਖ ਸਿਰ ਉਤੇ ਪੱਗ
ਪੱਗ ਤੋਂ ਸੱਖਣੇ ਸਿਰ
ਸਿਰ ਹਨ ਸੱਖਣੇ
ਤੇਰੀ ਵਿਚਾਰਧਾਰਾ ਤੋਂ

ਤੂੰ ਦੇਖ
ਤੂੰ ਦੇਖ
????

ਬੁੱਧ ਸਿੰਘ ਨੀਲੋੰ
9464370823

Previous articleकिसान आंदोलनों की पृष्ठभूमि: किसानों के साथ अन्याय, रोष  और  असंतोष
Next articleਸਿਆਣੇ ਦਾ ਗੁੱਸਾ ਕਦੇ ਨਜ਼ਰ ਨਹੀਂ ਆਉਂਦਾ।