
ਯੂਨੀਅਨ ਨੇ ਆਰ.ਟੀ.ਆਈ ਰਾਹੀਂ ਕਮਿਸ਼ਨਰ ਪੰਜਾਬ ਤੋਂ ਜਾਣਕਾਰੀ ਮੰਗੀ – ਸਕੱਤਰ ਜਨਰਲ
ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਡਿਪਟੀ ਕਮਿਸ਼ਨਰ ਨਵਾਂਸ਼ਹਿਰ ਨੇ ਆਪਣੇ ਜ਼ਿਲ੍ਹੇ ਵਿੱਚ ਸਮੂਹ ਨੰਬਰਦਾਰ ਸਾਹਿਬਾਨਾਂ ਦੇ ਡੋਪ ਟੈਸਟ ਕਰਵਾਉਣ ਦੇ ਹੁਕਮ ਜਾਰੀ ਕਰਕੇ ਜਿੱਥੇ ਨੰਬਰਦਾਰ ਸਾਹਿਬਾਨਾਂ ਦੇ ਮਾਣ ਸਨਮਾਨ ਦਾ ਘਾਣ ਕੀਤਾ ਹੈ ਉੱਥੇ ਗੁਰਪਾਲ ਸਮਰਾ ਨੇ ਉਸੇ ਡਿਪਟੀ ਕਮਿਸ਼ਨਰ ਦੇ ਗੱਲ ਸਰੋਪਾ ਪਾਕੇ ਪੂਰੇ ਪੰਜਾਬ ਦੇ ਨੰਬਰਦਾਰ ਸਾਹਿਬਾਨਾਂ ਦੇ ਮਰਤਬੇ ਨੂੰ ਗਹਿਰੀ ਸੱਟ ਮਾਰੀ ਹੈ ਜੋਕਿ ਅਤਿਅੰਤ ਨਿੰਦਣਯੋਗ ਕਾਰਾ ਹੋਣ ਦੇ ਨਾਲ ਨਾਲ ਇੱਕ ਸ਼ਰਮਨਾਕ ਗੱਲ ਹੈ। ਅਣਖ ਅਤੇ ਸਵੈ-ਅਭਿਮਾਨ ਨੂੰ ਮਾਰ ਕੇ ਜੀਵਨ ਬਤੀਤ ਕਰਨਾ ਮਰਦਾਂ ਦਾ ਕੰਮ ਨਹੀਂ। ਜੇਕਰ ਡੀ.ਸੀ ਨੇ ਨੰਬਰਦਾਰਾਂ ਨੂੰ ਇੱਕ ਮਾਮੂਲੀ ਜਿਹੀ ਸ਼ੈਅ ਸਮਝ ਲਿਆ ਹੈ ਤਾਂ ਨੰਬਰਦਾਰ ਸਾਹਿਬਾਨਾਂ ਨੂੰ ਇਹ ਵੀ ਇਹ ਸੋਝੀ ਹੈ ਕਿ ਕਿਵੇਂ ਡੀ.ਸੀ ਨੂੰ ਕਾਨੂੰਨ ਵਿਵਸਥਾ ਸਮਝਾਉਣੀ ਹੈ। ਸਿਰੋਪਾਓ ਗੁਰੂ ਦੀ ਬਖਸ਼ਿਸ਼ ਹੈ ਇਹ ਅਪਮਾਨ ਜਾਂ ਘਾਣ ਕਰਨ ਵਾਲਿਆਂ ਵਾਸਤੇ ਨਹੀਂ। ਨੰਬਰਦਾਰਾਂ ਵਿੱਚ ਬਹੁਤ ਸਾਰੇ ਨੰਬਰਦਾਰ ਅਜਿਹੇ ਹਨ ਜੋ ਗੁਰੂ ਵਾਲੇ, ਨੇਕ ਚਾਲ ਚੱਲਣ ਅਤੇ ਉੱਚੇ ਸੁੱਚੇ ਰੁਤਬੇ ਵਾਲੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਨੰਬਰਦਾਰ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਕੀਤਾ। ਯੂਨੀਅਨ ਦੇ ਜ਼ਿਲ੍ਹਾ ਸਕੱਤਰ ਜਨਰਲ ਸੁਰਿੰਦਰ ਸਿੰਘ ਨੇ ਦੱਸਿਆ ਕਿ ਯੂਨੀਅਨ ਵੱਲੋਂ ਫਾਇਨਾਂਸ ਕਮਿਸ਼ਨਰ ਪੰਜਾਬ ਨੂੰ ਆਰ.ਟੀ.ਆਈ ਪਾਈ ਗਈ ਹੈ ਜਿਸਦਾ ਜਵਾਬ ਆਉਣ ‘ਤੇ ਡੀ.ਸੀ ਨਵਾਂਸ਼ਹਿਰ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਆਰ.ਟੀ.ਆਈ ਵਿੱਚ ਪ੍ਰਮੁੱਖ ਤੌਰ ਤੇ ਇਹ ਪੁੱਛਿਆ ਗਿਆ ਹੈ ਕਿ ਕੀ ਡੀ.ਸੀ ਨੇ ਨੰਬਰਦਾਰਾਂ ਤੋਂ ਇਲਾਵਾ ਹੋਰ ਕਿਸ-ਕਿਸ ਪ੍ਰਸ਼ਾਸਨਿਕ ਅਧਿਕਾਰੀਆਂ, ਰਾਜਨੀਤਿਕ ਆਕਾਵਾਂ ਸਮੇਤ ਹੋਰ ਕਿਹਨਾਂ ਦੇ ਡੋਪ ਟੈਸਟ ਕਰਵਾਉਣ ਦੇ ਆਦੇਸ਼ ਦਿੱਤੇ ਹਨ ਕਿ ਜਾਂ ਉਹ ਸਾਰੇ ਦੋਸ਼ ਰਹਿਤ ਹਨ ।ਇਸ ਮੌਕੇ ਜ਼ਿਲ੍ਹਾ ਪ੍ਰੈਸ ਸਕੱਤਰ ਤਰਸੇਮ ਲਾਲ, ਪੀ.ਆਰ.ਓ ਜਗਨ ਨਾਥ ਚਾਹਲ, ਸਲਾਹਕਾਰ ਮਹਿੰਦਰ ਸਿੰਘ ਨਾਹਲ, ਦਿਲਾਵਰ ਸਿੰਘ ਗੁਮਟਾਲੀ, ਚਰਨਜੀਤ ਸਿੰਘ ਉੱਪਲ ਭੂਪਾ ਨੇ ਡੀ.ਸੀ ਦੀ ਹੁਕਮਾਂ ਦੇ ਨਾਲ-ਨਾਲ ਗੁਰਪਾਲ ਸਮਰਾ ਦੀ ਬੇਸਮਝੀ ਦੀ ਦੀ ਘੋਰ ਨਿੰਦਾ ਕੀਤੀ। ਉਹਨਾਂ ਡੀ.ਸੀ ਸਾਹਿਬ ਨੂੰ ਸਲਾਹ ਦਿੱਤੀ ਕਿ ਉਹ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਵਿੱਚ ਆਪਣੇ ਕਾਨੂੰਨ ਦੀ ਵਰਤੋਂ ਕਰਨ ਨਾ ਕਿ ਨੰਬਰਦਾਰਾਂ ਖਿਲਾਫ਼ ਆਪਣੀਆਂ ਪਾਵਰਾਂ ਦੀ ਦੁਰਵਰਤੋਂ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly