ਨਵੀਂ ਦਿੱਲੀ (ਸਮਾਜ ਵੀਕਲੀ) : ਜੰਤਰ-ਮੰਤਰ ’ਤੇ ਧਰਨਾ ਲਾਈ ਬੈਠੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੇ ਭਾਰਤੀ ਓਲੰਪਿਕ ਐਸੋਸੀੲੇਸ਼ਨ (ਆਈਓੲੇ) ਵੱਲੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਸਾਰੀਆਂ ਸਰਗਰਮੀਆਂ ਦੀ ਕਮਾਨ ਆਪਣੇ ਹੱਥਾਂ ਵਿੱਚ ਲੈਣ ਦੇ ਫੈਸਲੇ ਨੂੰ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਵਿੱਢੀ ਲੜਾਈ ਵੱਲ ‘ਪਹਿਲਾ ਕਦਮ’ ਕਰਾਰ ਦਿੱਤਾ ਹੈ। ਬਜਰੰਗ ਪੂਨੀਆ, ਸਾਕਸ਼ੀ ਮਲਿਕ ਤੇ ਵਿਨੇਸ਼ ਫੋਗਾਟ ਸਣੇ ਦੇਸ਼ ਦੇ ਸਿਖਰਲੇ ਪਹਿਲਵਾਨ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਪਿਛਲੇ 22 ਦਿਨਾਂ ਤੋਂ ਧਰਨੇ ’ਤੇ ਬੈਠੇ ਹਨ। ਇਸ ਦੌਰਾਨ ਪਹਿਲਵਾਨਾਂ ਨੇ ਸੋਮਵਾਰ ਤੋਂ ਸੱਤਾਧਾਰੀ ਪਾਰਟੀ ਦੀਆਂ ਮਹਿਲਾ ਸੰਸਦ ਮੈਂਬਰਾਂ ਨੂੰ ਦਸਤੀ ਜਾਂ ਈਮੇਲ ਰਾਹੀਂ ਪੱਤਰ ਭੇਜ ਕੇ ਹਮਾਇਤ ਮੰਗਣ ਦਾ ਫੈਸਲਾ ਕੀਤਾ ਹੈ।
ਆਈਓਏ ਨੇ 12 ਮਈ ਨੂੰ ਲਿਖੇ ਪੱਤਰ ਵਿੱਚ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਕੱਤਰ ਜਨਰਲ ਨੂੰ ਵਿੱਤੀ ਅਸਾਸਿਆਂ ਸਣੇ ਸਾਰੇ ਅਧਿਕਾਰਤ ਦਸਤਾਵੇਜ਼ ਐਡਹਾਕ ਕਮੇਟੀ ਨੂੰ ਸੌਂਪਣ ਦੀ ਤਾਕੀਦ ਕੀਤੀ ਸੀ। ਐਸੋਸੀਏਸ਼ਨ ਨੇ ਸਾਫ਼ ਕਰ ਦਿੱਤਾ ਸੀ ਕਿ ਅਹੁਦਾ ਛੱਡ ਰਹੇ ਅਹੁਦੇਦਾਰਾਂ ਦੀ ਫੈਡਰੇਸ਼ਨ ਨੂੰ ਚਲਾਉਣ ਵਿੱਚ ਕੋਈ ਭੂਮਿਕਾ ਨਹੀਂ ਰਹੇਗੀ। ਉਧਰ ਡਬਲਿਊਐੱਫਆਈ ਨੇ ਕਿਹਾ ਸੀ ਕਿ ਉਸ ਨੂੰ ਆਈਓਏ ਦੇ ਹੁਕਮਾਂ ਦੀ ਪਾਲਣਾ ਕਰਨ ਵਿੱਚ ਕੋਈ ਦਿੱਕਤ ਨਹੀਂ ਕਿਉਂਕਿ ਉਹ ਪਹਿਲਾਂ ਹੀ ਅਥਾਰਿਟੀਜ਼ ਨਾਲ ਸਹਿਯੋਗ ਕਰ ਰਹੀ ਹੈ। ਬਜਰੰਗ ਨੇ ਕਿਹਾ, ‘‘ਮੌਜੂਦਾ ਕੁਸ਼ਤੀ ਫੈਡਰੇਸ਼ਨ ਨੂੰ ਭੰਗ ਕਰਨਾ, ਇਨਸਾਫ਼ ਲਈ ਸਾਡੀ ਲੜਾਈ ਵੱਲ ਪਹਿਲਾ ਕਦਮ ਹੈ। ਸਾਡੀ ਲੜਾਈ ਦਾ ਸਹੀ ਦਿਸ਼ਾ ਵੱਲ ਆਗਾਜ਼ ਹੋਇਆ ਹੈ, ਸਾਡੇ ਲਈ ਇਹ ਜਿੱਤ ਹੈ…ਇਨਸਾਫ਼ ਮਿਲਣ ਤੱਕ ਸਾਡੀ ਲੜਾਈ ਜਾਰੀ ਰਹੇਗੀ।’’ ਉਧਰ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਗਿਲਾ ਜ਼ਾਹਿਰ ਕੀਤਾ ਕਿ ਸੱਤਾਧਾਰੀ ਪਾਰਟੀ ਦੇ ਕਿਸੇ ਇਕ ਸੰਸਦ ਮੈਂਬਰ ਨੇ ਪਹਿਲਵਾਨਾਂ ਨੂੰ ਮਿਲ ਕੇ ‘ਮਹਿਲਾਵਾਂ ਦੇ ਗੌਰਵ ਦੀ ਇਸ ਲੜਾਈ ’ਚ ਉਨ੍ਹਾਂ ਦੀ ਹਮਾਇਤ ਨਹੀਂ ਕੀਤੀ।’
ਫੋਗਾਟ ਨੇ ਕਿਹਾ ਕਿ ਪਹਿਲਵਾਨ ਸੋਮਵਾਰ ਤੋਂ ਸੱਤਾਧਾਰੀ ਪਾਰਟੀ ਨਾਲ ਸਬੰਧਤ ਸਾਰੀਆਂ ਮਹਿਲਾ ਸੰਸਦ ਮੈਂਬਰਾਂ ਨੂੰ ਈਮੇਲ ਜਾਂ ਫਿਰ ਦਸਤੀ ਪੱਤਰ ਦੇ ਕੇ ਉਨ੍ਹਾਂ ਦੀ ਹਮਾਇਤ ਵਿੱਚ ਨਿੱਤਰਨ ਲਈ ਕਹਿਣਗੇ। ਮਹਿਲਾ ਪਹਿਲਵਾਨ ਨੇ ਕਿਹਾ, ‘‘ਜਦੋਂ ਉਹ ਦੇਸ਼ ਦੀਆਂ ਮਹਿਲਾਵਾਂ ਦੀ ਸੁਰੱਖਿਆ ਬਾਰੇ ਗੱਲ ਕਰਦੀਆਂ ਹਨ, ਤਾਂ ਫਿਰ ਅਸੀਂ ਵੀ ਉਨ੍ਹਾਂ ਦੀਆਂ ਧੀਆਂ ਹਾਂ ਤੇ ਉਨ੍ਹਾਂ ਨੂੰ ਅੱਗੇ ਆ ਕੇ ਸਾਡੀ ਹਮਾਇਤ ਕਰਨੀ ਚਾਹੀਦੀ ਹੈ।’’ਚੇਤੇ ਰਹੇ ਕਿ ਆਈਓਏ ਦੀ ਤਿੰਨ ਮੈਂਬਰੀ ਐਡਹਾਕ ਕਮੇਟੀ ਪਹਿਲਾਂ ਹੀ ਸਾਫ਼ ਕਰ ਚੁੱਕੀ ਹੈ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਦਾ ਅਮਲ 45 ਦਿਨਾਂ ਦੇ ਨਿਰਧਾਰਿਤ ਸਮੇਂ ’ਚ ਪੂਰਾ ਕੀਤਾ ਜਾਵੇਗਾ ਤੇ ਇਸ ਮਗਰੋਂ ਹੀ ਚੁਣੀ ਹੋਈ ਫੈਡਰੇਸ਼ਨ ਨੂੰ ਵਾਪਸ ਚਾਰਜ ਸੌਂਪਿਆ ਜਾਵੇਗਾ। ਇਕ ਅਧਿਕਾਰੀ ਨੇ ਇਸ ਖ਼ਬਰ ੲੇਜੰਸੀ ਨੂੰ ਦੱਸਿਆ, ‘‘ਇਕ ਵਾਰ ਚੋਣਾਂ ਹੋ ਜਾਣ, ਡਬਲਿਊਐੱਫਆਈ ਨੂੰ ਪ੍ਰਸ਼ਾਸਕੀ ਤਾਕਤਾਂ ਵਾਪਸ ਮਿਲ ਜਾਣਗੀਆਂ। ਨਵੀਂ ਚੁਣੀ ਟੀਮ ਵੱਲੋਂ ਫੈਡਰੇਸ਼ਨ ਦਾ ਕੰਮਕਾਜ ਚਲਾਇਆ ਜਾਵੇਗਾ। ਐਡਹਾਕ ਕਮੇਟੀ ਵੱਲੋਂ ਫੈਡਰੇਸ਼ਨ ਦਾ ਪ੍ਰਬੰਧ ਦੇਖਣਾ ਆਰਜ਼ੀ ਪ੍ਰਬੰਧ ਹੈ।’’
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly