(ਸਮਾਜ ਵੀਕਲੀ)-ਉੱਚੇ-ਉੱਚੇ ਪਹਾੜਾਂ ਦਾ ਸੀਨਾ ਚੀਰ ਕੇ ਚੜ੍ਹਦੇ ਸੂਰਜ ਦੀ ਸੁੰਦਰਤਾ ਵਿਲੱਖਣ ਕਿਸਮ ਦੀ ਹੁੰਦੀ ਹੈ। ਮੈਦਾਨੀ ਇਲਾਕਿਆਂ ਵਿਚ ਚੜ੍ਹਦਾ ਸੂਰਜ ਆਮ ਤੌਰ ਤੇ ਅਣਦੇਖਿਆ ਹੀ ਰਹਿ ਜਾਂਦਾ ਹੈ। ਪਰ ਸੂਰਜ ਤਾਂ ਸੂਰਜ ਹੀ ਹੁੰਦਾ ਹੈ। ਬਿਲਕੁਲ ਇਸੇ ਤਰ੍ਹਾਂ ਹਰ ਕਾਮਯਾਬ ਔਰਤ ਵੀ ਪਹਾੜਾਂ ਵਿੱਚ ਉੱਗਦੇ ਸੂਰਜ ਵਾਂਗ ਹੁੰਦੀ ਹੈ।ਉਸ ਦੀ ਕਾਮਯਾਬੀ ਪਿੱਛੇ ਕੋਈ ਨਾ ਕੋਈ ਸੰਘਰਸ਼ ਕਹਾਣੀ ਜ਼ਰੂਰ ਛੁਪੀ ਹੁੰਦੀ ਹੈ। ਘਰੇਲੂ ਔਰਤ ਅਣਦੇਖੇ ਚੜ੍ਹਦੇ ਸੂਰਜ ਵਾਂਗ ਹੁੰਦੀ ਹੈ। ਲੜਕੀ ਦਾ ਜੰਮਣਾ, ਪਲਣਾ, ਵਿਆਹ ਕਰਾਉਣਾ ਤੇ ਘਰ ਵਸਾਉਣਾ ਇਹ ਤਾਂ ਆਮ ਜਿਹੀ ਗੱਲ ਹੈ ਇਸ ਵਿਚ ਸੰਘਰਸ਼ ਕਿੱਥੇ ਹੈ? ਇਹ ਤਾਂ ਦੁਨੀਆਂ ਚਲਾਉਣ ਦੀ ਇੱਕ ਪ੍ਰਕਿਰਿਆ ਹੈ।ਜੀ ਨਹੀਂ, ਬਹੁਤ ਘੱਟ ਔਰਤਾਂ ਹਨ ਜਿਨ੍ਹਾਂ ਨੂੰ ਇਸ ਪ੍ਰਕਿਰਿਆ ਦੇ ਵਿੱਚੋਂ ਗੁਜ਼ਰਦੇ ਹੋਏ ਸੰਘਰਸ਼ ਨਹੀਂ ਕਰਨਾ ਪੈਂਦਾ। ਸਾਡੇ ਮਰਦ ਪ੍ਰਧਾਨ ਸਮਾਜ ਵਿੱਚ ਹਰ ਔਰਤ ਕਿਸੇ ਨਾ ਕਿਸੇ ਕਦਮ ਤੇ ਜ਼ਰੂਰ ਸੰਘਰਸ਼ ਕਰਦੀ ਨਜ਼ਰ ਆਵੇਗੀ ਚਾਹੇ ਉਹ ਅਮੀਰ-ਗ਼ਰੀਬ, ਉਹ ਆਜ਼ਾਦ ਖਿਆਲੀ ਹੋਵੇ ਜਾਂ ਅਧੀਨਤਾ ਸਵੀਕਾਰਨ ਵਾਲੀ ਹੋਵੇ, ਘਰੇਲੂ ਹੋਵੇ ਜਾਂ ਕੰਮਕਾਜੀ। ਮਰਿਆਦਾ ਦੀ ਡੌਂਡੀ ਪਿੱਟਣ ਵਾਲੇ ਦੇਸ਼ਾਂ ਵਿੱਚ ਔਰਤ ਦੀ ਸਥਿਤੀ ਜ਼ਿਆਦਾ ਖ਼ਰਾਬ ਹੁੰਦੀ ਹੈ ਕਿਉਂਕਿ ਮਰਿਆਦਾ ਦੀਆਂ ਕੰਧਾਂ ਏਨੀਆਂ ਉੱਚੀਆਂ ਹੁੰਦੀਆਂ ਹਨ ਕਿ ਉਸ ਨੂੰ ਪਾਰ ਕਰਨ ਲਈ ਪਹਾੜ ਜਿੱਡੇ ਜੇਰੇ ਦਾ ਹੋਣਾ ਜ਼ਰੂਰੀ ਹੁੰਦਾ ਹੈ ਤੇ ਜੇ ਕੋਈ ਔਰਤ ਅਜਿਹਾ ਕਰ ਵੀ ਲੈਂਦੀ ਹੈ ਤਾਂ ਉਸ ਨੂੰ ਸਮਾਜ ਵਿੱਚ ਖੂਬ ਭੰਡਿਆ ਜਾਂਦਾ ਹੈ।
ਅੱਠ ਮਾਰਚ ਨੂੰ ਵਿਸ਼ਵ ਪੱਧਰ ਤੇ ਔਰਤ ਦਿਵਸ ਮਨਾਇਆ ਜਾਂਦਾ ਹੈ, ਵੱਖ ਵੱਖ ਕਾਰਜ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ ਔਰਤਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ। ਔਰਤਾਂ ਦੀ ਭਲਾਈ ਲਈ ਕਈ ਸਕੀਮਾਂ ਵੀ ਚਲਾਈਆਂ ਜਾਂਦੀਆਂ ਹਨ।ਪਰ ਸੋਚਣ ਦਾ ਵਿਸ਼ਾ ਹੈ ਕਿ ਕੀ ਸੱਚ ਮੁੱਚ ਔਰਤ ਦੀ ਸਥਿਤੀ ਵਿੱਚ ਸੁਧਾਰ ਹੋ ਰਿਹਾ ਹੈ?ਔਰਤਾਂ ਦੀ ਵਡਿਆਈ ਵਿੱਚ ਥਾਂ ਥਾਂ ਸਮਾਗਮ ਕਰਵਾਏ ਜਾਂਦੇ ਹਨ। ਬਹੁਤ ਚੰਗੀ ਗੱਲ ਹੈ।ਪਰ ਕੀ ਇਹ ਔਰਤ ਨੂੰ ਸਮਰਪਿਤ ਇੱਕ ਦਿਨ ਔਰਤਾਂ ਲਈ ਕਾਫ਼ੀ ਹੁੰਦਾ ਹੈ? ਚਲੋ ਇਸ ਬਾਰੇ ਪਹਿਲਾਂ ਔਰਤ ਦਿਵਸ ਦੇ ਇਤਿਹਾਸਕ ਪਿਛੋਕੜ ਤੇ ਇੱਕ ਝਾਤ ਮਾਰ ਲਈਏ। ਕੀ ਇਹ ਦਿਨ ਵੀ ਕਿਸੇ ਸੰਘਰਸ਼ ਦੀ ਉਪਜ ਹੀ ਤਾਂ ਨਹੀਂ ਹੈ?
ਨਾਰੀ ਦਿਵਸ ਦੀ ਸ਼ੁਰੂਆਤ ਇੱਕ ਮਜ਼ਦੂਰ ਅੰਦੋਲਨ ਤੋਂ ਹੋਈ ਜਦੋਂ 1908 ਵਿੱਚ ਔਰਤਾਂ ਨੇ ਨਿਊਯਾਰਕ ਵਿੱਚ ਕੰਮ ਦੇ ਘੰਟੇ ਘਟਾਉਣ, ਤਨਖਾਹ ਵਧਾਉਣ ਅਤੇ ਵੋਟ ਪਾਉਣ ਦਾ ਹੱਕ ਲੈਣ ਲਈ ਇੱਕ ਮਾਰਚ ਕੱਢਿਆ ਸੀ। ਉਸ ਤੋਂ ਠੀਕ ਇੱਕ ਸਾਲ ਬਾਅਦ ਅਮਰੀਕਾ ਦੀ ਸੋਸ਼ਲਿਸਟ ਪਾਰਟੀ ਨੇ ਇਸ ਦਿਨ ਨੂੰ ਕੌਮੀ ਮਹਿਲਾ ਦਿਵਸ ਐਲਾਨ ਦਿੱਤਾ।ਇਹ ਵਿਚਾਰ ਵੀ ਇੱਕ ਕਲਾਰਾ ਜੇਟਕਿਨ ਨਾਂ ਦੀ ਔਰਤ ਦਾ ਸੀ ।ਉਨ੍ਹਾਂ ਨੇ 1910 ਵਿੱਚ ਕੋਪਨਹੇਗਨ ਵਿੱਚ ਕੰਮਕਾਜੀ ਔਰਤਾਂ ਦੀ ਇੱਕ ਕੌਮਾਂਤਰੀ ਕਾਨਫਰੰਸ ਦੌਰਾਨ ਇਸ ਦਿਨ ਨੂੰ ਵਿਸ਼ਵ ਪੱਧਰ ‘ਤੇ ਮਨਾਉਣ ਦਾ ਸੁਝਾਅ ਦਿੱਤਾ।ਉਸ ਸਮੇਂ ਉੱਥੇ 17 ਦੇਸ਼ਾ ਦੀਆਂ 100 ਔਰਤਾਂ ਹਾਜ਼ਰ ਸਨ। ਸਾਰੀਆਂ ਨੇ ਇਸ ਮਤੇ ਦੀ ਹਮਾਇਤ ਕੀਤੀ।ਸਭ ਤੋਂ ਪਹਿਲਾਂ 1911 ਵਿੱਚ ਆਸਟਰੀਆ, ਡੈਨਮਾਰਕ,ਜਰਮਨੀ ਅਤੇ ਸਵਿਟਜ਼ਰਲੈਂਡ ਵਿੱਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ। ਸੰਯੁਕਤ ਰਾਸ਼ਟਰ ਵੱਲੋਂ 1975 ਵਿੱਚ ਇਸਨੂੰ ਮਾਨਤਾ ਦਿੱਤੀ ਤੇ ” ਕੌਮਾਂਤਰੀ ਨਾਰੀ ਦਿਵਸ”ਦੇ ਤੌਰ ‘ਤੇ ਮਨਾਉਣਾ ਸ਼ੁਰੂ ਕੀਤਾ। ਇਹ ਇਤਿਹਾਸਕ ਪਿਛੋਕੜ ਹੈ ਔਰਤ ਦਿਵਸ ਮਨਾਉਣ ਸਬੰਧੀ।
ਸਾਡੇ ਦੇਸ਼ ਵਿੱਚ ਔਰਤ ਦੀ ਸਥਿਤੀ ਐਨੀ ਵਧੀਆ ਵੀ ਨਹੀਂ ਜਿੰਨਾ ਇੱਥੇ ਰੌਲ਼ਾ ਪਾਇਆ ਜਾਂਦਾ ਹੈ। ਮੰਨਿਆ ਕਿ ਔਰਤ ਘਰ ਦੀ ਚਾਰਦੀਵਾਰੀ ਵਿੱਚੋਂ ਬਾਹਰ ਨਿਕਲ ਕੇ ਵੱਡੇ ਵੱਡੇ ਮੁਕਾਮ ਹਾਸਲ ਕਰ ਰਹੀ ਹੈ ਪਰ ਬਹੁਤਾ ਕਰਕੇ ਸਮਾਜ ਜਾਂ ਘਰੇਲੂ ਵਾਤਾਵਰਨ ਵਿੱਚ ਉਸ ਨੂੰ ਦਬਾਇਆ ਜਾਂਦਾ ਹੈ, ਅੱਤਿਆਚਾਰ ਹੁੰਦੇ ਹਨ, ਮਾਨਸਿਕ ਅਤੇ ਸਰੀਰਕ ਪੱਖੋਂ ਉਸ ਦਾ ਸ਼ੋਸ਼ਣ ਕੀਤਾ ਜਾਂਦਾ ਹੈ।ਉਸ ਨੂੰ ਔਰਤ ਭਾਵ ਅਬਲਾ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਹੈ। ਅਨੇਕਾਂ ਔਰਤਾਂ ਨੂੰ ਨਿੱਤ ਨਵੇਂ ਦਿਨ ਬਲਾਤਕਾਰ, ਘਰੇਲੂ ਹਿੰਸਾ,ਦਾਜ ਦੀ ਬਲੀ ਜਾਂ ਹੋਰ ਅਨੇਕਾਂ ਕਿਸਮਾਂ ਦੇ ਅਤਿਆਚਾਰਾਂ ਦੀ ਦੁਰਗਤੀ ਵਿੱਚੋਂ ਗੁਜ਼ਰਨਾ ਪੈਂਦਾ ਹੈ। ਔਰਤਾਂ ਦੀ ਬਦਕਿਸਮਤੀ ਇਹ ਹੈ ਕਿ ਔਰਤਾਂ ਉੱਤੇ ਹੁੰਦੇ ਅਤਿਆਚਾਰਾਂ ਵਿੱਚ ਅਤਿਆਚਾਰ ਕਰਨ ਵਾਲੀਆਂ ਵੀ ਬਹੁਤਾ ਕਰਕੇ ਔਰਤਾਂ ਹੀ ਹੁੰਦੀਆਂ ਹਨ। ਪਾਰਲੀਮੈਂਟ ਤੋਂ ਲੈਕੇ ਨੌਕਰੀਆਂ ਤੱਕ ਰਿਜ਼ਰਵੇਸ਼ਨ ਹਾਸਲ ਕਰਕੇ ਕੁਝ ਔਰਤਾਂ ਦਾ ਮੁਕਾਮ ਹਾਸਲ ਕਰਨਾ ਹਰ ਔਰਤ ਦੀ ਸਥਿਤੀ ਵਿੱਚ ਸੁਧਾਰ ਨਹੀਂ ਲਿਆ ਸਕਦਾ।
ਮੁੱਢ ਤੋਂ ਹੀ ਔਰਤ ਨੇ ਆਪਣੀ ਸੂਝਬੂਝ, ਸਿਆਣਪ, ਸਹਿਣਸ਼ੀਲਤਾ, ਸੰਘਰਸ਼ ਤੇ ਰਚਨਾਤਮਕ ਕਾਰਜਾਂ ਕਰਕੇ ਸਮਾਜ ਵਿੱਚ ਆਪਣਾ ਸਥਾਨ ਪੱਕਾ ਕੀਤਾ ਹੈ।ਜਿਸ ਨਾਲ ਉਹ ਘਰ ਦੀ ਚਾਰਦੀਵਾਰੀ ਵਿੱਚ ਕੰਮ ਕਰਦੀ, ਬੱਚੇ ਪਾਲਦੀ ਤੇ ਸੰਤੁਸ਼ਟ ਜੀਵਨ ਬਸਰ ਕਰਦੀ ਰਹੀ ਹੈ ।ਪਰ ਅੱਜ ਦੀ ਔਰਤ ਦੀ ਘਰ ਦੀ ਚਾਰਦੀਵਾਰੀ ਤੋਂ ਬਾਹਰ ਕੰਮ ਕਰਨ ਦੀ ਰੁਚੀ ਨੂੰ ਹੀ ਔਰਤ ਦੀ ਅਜ਼ਾਦੀ ਦਾ ਨਾਂ ਦਿੱਤਾ ਜਾ ਰਿਹਾ ਹੈ ਜਦਕਿ ਉਹ ਹੁਣ ਦੂਹਰਾ ਬੋਝ ਚੁੱਕਦੀ ਹੈ। ਬਾਹਰ ਜਾ ਕੇ ਕੰਮ ਕਰਨ ਨੂੰ ਹੀ ਔਰਤ ਦੀ ਅਜ਼ਾਦੀ ਦਾ ਨਾਂ ਦਿੱਤਾ ਗਿਆ ਹੈ ।ਜੇ ਇਹੀ ਅਜ਼ਾਦੀ ਹੈ ਤਾਂ ਗਰੀਬ ਮਜ਼ਦੂਰ ਔਰਤਾਂ ਪਹਿਲਾਂ ਤੋਂ ਹੀ ਖੇਤਾਂ ਵਿੱਚ ਕੰਮ ਕਰਨ ਜਾਂਦੀਆਂ ਸਨ, ਸੜਕਾਂ ਤੇ ਰੋੜੀ ਕੁੱਟਦੀਆਂ ਜਾਂ ਇਮਾਰਤਾਂ ਲਈ ਇੱਟਾਂ ਢੋਂਦੀਆਂ ਮਜ਼ਦੂਰ ਔਰਤਾਂ ਦੇਖੀਆਂ ਜਾ ਸਕਦੀਆਂ ਹਨ। ਕੀ ਇਹ ਵੀ ਉਹਨਾਂ ਦੀ ਅਜ਼ਾਦੀ ਹੈ? ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਔਰਤ ਸਿਰਫ਼ ਮਰਦ ਪ੍ਰਧਾਨ ਸਮਾਜ ਵਿੱਚ ਉਸ ਦੇ ਅਧੀਨ ਸਿਰਫ਼ ਚਾਰਦੀਵਾਰੀ ਦੇ ਦਾਇਰੇ ਵਿੱਚ ਹੀ ਗੁਲਾਮ ਨਹੀਂ ਸਗੋਂ ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸੱਭਿਆਚਾਰਕ ਤੌਰ ਤੇ ਵੀ ਮਰਦਾਂ ਦੀ ਗ਼ੁਲਾਮ ਹੈ।ਔਰਤ ਆਪਣੀ ਜ਼ਿੰਦਗੀ ’ਚ ਕਈ ਤਰ੍ਹਾਂ ਦੇ ਕਿਰਦਾਰ ਨਿਭਾਉਂਦੀ ਹੈ, ਜਿਸ ਵਿੱਚ ਮਾਂ,ਧੀ,ਭੈਣ, ਨੂੰਹ, ਸੱਸ ਤੇ ਹੋਰ ਅਨੇਕਾਂ ਰਿਸ਼ਤੇ ਅਤੇ ਘਰ ਤੋਂ ਬਾਹਰ ਹਰ ਖੇਤਰ ਵਿੱਚ ਵੱਡੇ ਵੱਡੇ ਅਹੁਦੇ ਸ਼ਾਮਲ ਹਨ।ਪਰ ਇਹਨਾਂ ਸਭ ਪੱਖਾਂ ਤੇ ਮਰਦ ਉਸ ਉੱਤੇ ਭਾਰੂ ਰਿਹਾ ਹੈ ਜਦ ਕਿ ਔਰਤ ਨੇ ਹਰ ਖੇਤਰ ’ਚ ਸਮਾਜ ਨੂੰ ਵਿਕਸਿਤ ਕਰਨ ਲਈ ਜਿਥੇ ਮਰਦ ਦੀ ਮਦਦ ਹੀ ਨਹੀਂ ਕੀਤੀ, ਬਲਕਿ ਬਹੁਤ ਸਾਰੀਆਂ ਔਰਤਾਂ ਪ੍ਰੇਰਨਾ ਸਰੋਤ ਵੀ ਰਹੀਆਂ ਹਨ।
ਵਰਤਮਾਨ ਸਮੇਂ ’ਚ ਔਰਤਾਂ ਸਿਰਫ ਘਰ ਦੀ ਜ਼ਿੰਮੇਵਾਰੀ ਹੀ ਨਹੀਂ, ਬਲਕਿ ਆਰਥਕ ਜ਼ਿੰਮੇਵਾਰੀਆਂ ਨੂੰ ਵੀ ਬਾਖੂਬੀ ਉਠਾ ਰਹੀਆਂ ਹਨ। ਇਸ ਲਈ ਕੌਮਾਂਤਰੀ ਨਾਰੀ ਦਿਵਸ ਦਾ ਇਤਿਹਾਸ ਔਰਤਾਂ ਦੇ ਪ੍ਰਤੀ ਅਨਿਆਂ ਅਤੇ ਸ਼ੋਸ਼ਣ ਦੇ ਖਿਲਾਫ ਔਰਤਾਂ ਦੀ ਇਕਜੁੱਟਤਾ ਅਤੇ ਲੜਾਈ ਦਾ ਪ੍ਰਤੀਕ ਹੈ ਜਿਸ ਨੂੰ ਇੱਕ ਦਿਨ ਮਨਾਉਣ ਨਾਲ ਨਹੀਂ ਸਗੋਂ ਰੋਜ਼ਾਨਾ ਦੀ ਵਿਚਾਰਧਾਰਾ ਦਾ ਹਿੱਸਾ ਬਣਾ ਕੇ ਨਿਰੰਤਰ ਵਹਿਣ ਦੇ ਰੂਪ ਵਿੱਚ ਕਾਇਮ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਹੀ ਕਲਾਰਾ ਜੈਟਕਿਨ ਦੇ ਉਠਾਏ ਇਸ ਬੀੜੇ ਨੂੰ ਸਹੀ ਦਿਸ਼ਾ ਮਿਲ ਸਕੇਗੀ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly