ਬਲਰਾਮਪੁਰ (ਸਮਾਜ ਵੀਕਲੀ): ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਸਭ ਕਾਸੇ ਦੀ ਜਾਣਕਾਰੀ ਰੱਖਣ ਵਾਲੇ ਪ੍ਰਧਾਨ ਮਤਰੀ ਨੂੰ ਕਿਸੇ ਮੁਲਕ ਦੇ ਰਾਸ਼ਟਰਪਤੀ ਨੂੰ ਖੰਘ ਆਉਣ ਦੀ ਜਾਣਕਾਰੀ ਮਿਲ ਜਾਂਦੀ ਹੈ ਪਰ ਉਨ੍ਹਾਂ ਨੂੰ ਦੇਸ਼ ਅੰਦਰ ਪ੍ਰੇਸ਼ਾਨ ਹੋ ਰਹੇ ਕਰੋੜਾਂ ਕਿਸਾਨਾਂ ਤੇ ਲਾਵਾਰਸ ਜਾਨਵਰਾਂ ਕਾਰਨ ਬਣੇ ਸੰਕਟ ਦੀ ਕੋਈ ਖ਼ਬਰ ਨਹੀਂ ਹੈ।
ਪ੍ਰਿਯੰਕਾ ਨੇ ਬਲਰਾਮਪੁਰ ਦੇ ਉਤਰੌਲਾ ’ਚ ਕਾਂਗਰਸ ਉਮੀਦਵਾਰ ਧੀਰੇਂਦਰ ਸਿੰਘ ਦੇ ਹੱਕ ’ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਪ੍ਰਧਾਨ ਮੰਤਰੀ ਨੂੰ ਅੰਤਰਯਾਮੀ ਤੇ ਸਰਬਗਿਆਨੀ ਕਹਿੰਦੇ ਹਨ। ਉਨ੍ਹਾਂ ਕਿਹਾ, ‘ਜਦੋਂ ਕਿਸੇ ਮੁਲਕ ਦੇ ਰਾਸ਼ਟਰਪਤੀ ਨੂੰ ਖੰਘ ਆਉਂਦੀ ਹੈ ਤਾਂ ਉਨ੍ਹਾਂ ਨੂੰ ਜਾਣਕਾਰੀ ਹੋ ਜਾਂਦੀ ਹੈ ਪਰ ਦੇਸ਼ ਦੇ ਲੱਖਾਂ ਕਿਸਾਨ ਧਰਨੇ ’ਤੇ ਬੈਠੇ ਰਹਿਣ ਜਾਂ ਕਰੋੜਾਂ ਕਿਸਾਨਾਂ ਦੇ ਖੇਤ ਆਵਾਰਾ ਪਸ਼ੂ ਚਰ ਜਾਣ, ਇਸ ਦੀ ਪ੍ਰਧਾਨ ਮੰਤਰੀ ਨੂੰ ਨਾ ਤਾਂ ਖ਼ਬਰ ਹੁੰਦੀ ਹੈ ਤੇ ਨਾ ਉਹ ਕੋਈ ਸਾਰ ਲੈਂਦੇ ਹਨ। ਅੱਜ ਉਹ ਚੋਣਾਂ ’ਚ ਆ ਕੇ ਵੱਡੇ ਵੱਡੇ ਵਾਅਦੇ ਕਰ ਰਹੇ ਹਨ।’
ਉਨ੍ਹਾਂ ਪ੍ਰਧਾਨ ਮੰਤਰੀ ਦੇ ‘ਲੂਣ’ ਵਾਲੇ ਬਿਆਨ ’ਤੇ ਤਨਜ਼ ਕਸਦਿਆਂ ਕਿਹਾ, ‘ਜਦੋਂ ਨੇਤਾ ਦੀ ਇਹ ਮਾਨਸਿਕਤਾ ਹੋ ਜਾਂਦੀ ਹੈ ਕਿ ਜਨਤਾ ਉਸ ਦਾ ਲੂਣ ਖਾ ਰਹੀ ਤਾਂ ਉਸ ਰਾਜ ਤੇ ਦੇਸ਼ ਦਾ ਕੀ ਬਣੇਗਾ। ਨੇਤਾ ਦੇਸ਼ ਦੇ ਲੋਕਾਂ ਦੇ ਲੂਣ ’ਤੇ ਪਲਦਾ ਹੈ ਅਤੇ ਲੋਕ ਉਸ ਨੂੰ ਸੱਤਾ ਉਧਾਰ ’ਚ ਦਿੰਦੇ ਹਨ।’ ਉਨ੍ਹਾਂ ਕਿਹਾ, ‘ਜੇਕਰ ਤੁਸੀਂ ਚਾਹੋ ਤਾਂ ਨੇਤਾ ਨੂੰ ਹੇਠਾਂ ਲਾਹ ਸਕਦੇ ਹੋ। ਇਹ ਲੋਕਤੰਤਰ ਹੈ, ਕੋਈ ਤਾਨਾਸ਼ਹੀ ਨਹੀਂ। ਉਹ ਕੋਈ ਸ਼ਹਿਨਸ਼ਾਹ ਨਹੀਂ ਹੈ। ਪਰ ਤੁਸੀਂ ਉਸ ਨੂੰ ਰੱਬ ਬਣਾ ਲਿਆ। ਜਦੋਂ ਉਹ ਬੋਲਦੇ ਹਨ ਤਾਂ ਤੁਹਾਨੂੰ ਲਗਦਾ ਹੈ ਕਿ ਰੱਬ ਬੋਲ ਰਿਹਾ ਹੈ। ਤੁਹਾਨੂੰ ਭਟਕਾਇਆ ਜਾ ਰਿਹਾ ਹੈ ਅਤੇ ਤੁਹਾਨੂੰ ਅਜਿਹੇ ਆਗੂਆਂ ਦੀ ਨੀਅਤ ਸਮਝਣੀ ਚਾਹੀਦੀ ਹੈ।’ ਪ੍ਰਿਯੰਕਾ ਗਾਂਧੀ ਨੇ ਇਸ ਮਗਰੋਂ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਨੂੰ ਵੀ ਨਿਸ਼ਾਨੇ ’ਤੇ ਲਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly