ਸਿਹਤ ਮੰਤਰੀ ਵੱਲੋਂ ਸਿਵਲ ਹਸਪਤਾਲ ਕਪੂਰਥਲਾ ਵਿਖੇ ਮੈਡੀਕਲ ਕਾਲਜ ਵਾਲੀ ਥਾਂ ਦਾ ਜਾਇਜ਼ਾ 

ਕਪੂਰਥਲਾ, ( ਕੌੜਾ )– ਪੰਜਾਬ ਦੇ ਸਿਹਤ ਮੰਤਰੀ ਡਾ.ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਕਪੂਰਥਲਾ ਮੈਡੀਕਲ ਕਾਲਜ ਦੀ ਉਸਾਰੀ ਦਾ ਕੰਮ ਛੇਤੀ ਹੀ ਸ਼ੁਰੂ ਕਰਵਾਇਆ ਜਾ ਰਿਹਾ ਹੈ ਜਿਸਦੀ ਟੈਂਡਰ ਪ੍ਰਕਿਰਿਆ ਅੰਤਿਮ ਪੜਾਅ ’ਤੇ ਹੈ ਅਤੇ ਫਰਵਰੀ ਦੇ ਪਹਿਲੇ ਹਫਤੇ ਟੈਂਡਰ ਖੁੱਲਣਗੇ।
ਸਿਹਤ ਮੰਤਰੀ ਡਾ.ਬਲਬੀਰ ਸਿੰਘ ਅੱਜ ਸਥਾਨਕ ਸਿਵਲ ਹਸਪਤਾਲ ਵਿਖੇ ਮੈਡੀਕਲ ਕਾਲਜ ਵਾਲੀ ਥਾਂ ਦਾ ਜਾਇਜ਼ਾ ਲੈਣ ਪਹੁੰਚੇ ਸਨ। ਉਨ੍ਹਾਂ ਨੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ, ਆਈ.ਸੀ.ਯੂ., ਜਨਰਲ ਵਾਰਡ, ਸਖੀ ਵੰਨ ਸਟਾਪ ਸੈਂਟਰ ਅਤੇ ਨਸ਼ਾ ਛੁਡਾਊ ਕੇਂਦਰ ਦਾ ਦੌਰਾ ਕਰਕੇ ਮਰੀਜ਼ਾਂ ਅਤੇ ਆਮ ਲੋਕਾਂ ਨਾਲ ਮਿਲ ਰਹੀਆਂ ਸਿਹਤ ਸੇਵਾਵਾਂ ਸਬੰਧੀ ਗੱਲਬਾਤ ਵੀ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ.ਬਲਬੀਰ ਸਿੰਘ ਨੇ ਦੱਸਿਆ ਕਿ ਮੈਡੀਕਲ ਕਾਲਜ ਦੀ ਉਸਾਰੀ ਦੀਆਂ ਲੋੜੀਂਦੀਆਂ ਪ੍ਰਕਿਰਿਆਵਾਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ ਅਤੇ 2025 ਦੇ ਆਖੀਰ ਤੱਕ ਇਹ ਕਾਲਜ ਬਣਕੇ ਤਿਆਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਮੈਡੀਕਲ ਕਾਲਜ ਅਤਿ-ਆਧੁਨਿਕ ਸਿਹਤ ਸਹੂਲਤਾਂ ਨਾਲ ਲੈਸ ਹੋਵੇਗਾ ਜਿੱਥੇ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰ 24X7 ਮੌਜੂਦ ਰਹਿਣਗੇ।
ਪੰਜਾਬ ਵਿਚ ਚੱਲ ਰਹੇ ਆਮ ਆਦਮੀ ਕਲੀਨਿਕਾਂ ਸਬੰਧੀ ਉਨ੍ਹਾਂ ਦੱਸਿਆ ਕਿ ਜਿਹੜੇ ਕਲੀਨਿਕਾਂ ਵਿਚ ਓ.ਪੀ.ਡੀ.  ਬਹੁਤ ਘੱਟ ਹੈ ਉਨ੍ਹਾਂ ਖੇਤਰਾਂ ਵਿਚ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਦੀ ਮੁਫ਼ਤ ਸਕਰੀਨਿੰਗ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਵਿਚ ਪਰਮਜੀਤ ਪੁਰ, ਡਡਵਿੰਡੀ ਅਤੇ ਖਾਲੂ ਅਜਿਹੇ ਆਮ ਆਦਮੀ ਕਲੀਨਿਕ ਹਨ ਜਿੱਥੇ ਡਾਕਟਰਾਂ ਵਲੋਂ ਔਰਤਾਂ,ਬੱਚਿਆਂ ਅਤੇ ਬਜ਼ੁਰਗਾਂ ਦੇ ਮੁਫ਼ਤ ਟੈਸਟ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕਾਰਜ ਲਈ ਏ.ਐਨ.ਐਮਜ਼ ਵਲੋਂ ਆਪੋ-ਆਪਣੇ ਕਾਰਜ ਖੇਤਰਾਂ ਵਿੱਚੋਂ ਲੋਕਾਂ ਨੂੰ ਸਕਰੀਨਿੰਗ ਲਈ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸੂਬੇ ਭਰ ਵਿਚ 664 ਆਮ ਆਦਮੀ ਕਲੀਨਿਕ ਕਾਰਜਸ਼ੀਲ ਹਨ ਜਿਨ੍ਹਾਂ ਵਿੱਚ ਹੁਣ ਤੱਕ 86 ਲੱਖ ਤੋਂ ਵੱਧ ਲੋਕ ਸਿਹਤ ਸੇਵਾਵਾਂ ਦਾ ਲਾਭ ਲੈ ਚੁੱਕੇ ਹਨ।
ਮੁੱਖ ਮੰਤਰੀ ਹਸਪਤਾਲ ਭਲਾਈ ਕਮੇਟੀ ਦਾ ਗਠਨ ਕਰਨ ਸਬੰਧੀ ਦੱਸਦਿਆਂ ਸਿਹਤ ਮੰਤਰੀ ਡਾ.ਬਲਬੀਰ  ਸਿੰਘ ਨੇ ਕਿਹਾ ਕਿ ਸਿਵਲ ਹਸਪਤਾਲਾਂ ਵਿਚ ਲੋਕਾਂ ਦੀ ਸਹੂਲਤ ਅਤੇ ਸਿਹਤ ਸੇਵਾਵਾਂ ਵਿਚ ਹੋਰ ਲੋੜੀਂਦੇ ਸੁਧਾਰਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਮੁੱਖ ਮੰਤਰੀ ਹਸਪਤਾਲ ਭਲਾਈ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ। ਇਨ੍ਹਾਂ ਕਮੇਟੀਆਂ ਵਿਚ ਸਿਵਲ ਸਰਜਨ, ਮੈਡੀਕਲ ਸੁਪਰਡੈਂਟ, ਐਸ.ਐਮ.ਓਜ਼, ਗੈਰ ਸਰਕਾਰੀ ਸੰਸਥਾਵਾਂ ਦੇ ਨੁਮਾਇੰਦੇ ਅਤੇ ਸਿਹਤ ਸੇਵਾਵਾਂ ਦੇ ਖੇਤਰ ਵਿਚ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨੂੰ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਿਹਤ ਸੇਵਾਵਾਂ ਦੇ ਖੇਤਰ ਨੂੰ ਹੋਰ ਵਧੀਆ ਅਤੇ ਸੁਚਾਰੂ ਬਣਾਉਣ ਲਈ ਪਹਿਲਾਂ ਪ੍ਰਾਇਮਰੀ ਸਿਹਤ ਕੇਂਦਰਾਂ ਦਾ ਸੁਧਾਰ ਕਰਨ ਉਪਰੰਤ ਹੁਣ ਸਬ-ਡਵੀਜਨ ਅਤੇ ਜ਼ਿਲ੍ਹਾ ਪੱਧਰ ਦੇ ਹਸਪਤਾਲਾਂ ਦੀ ਬਾਰੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹਸਪਤਾਲਾਂ ’ਚ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਸਿਹਤ ਸੇਵਾਵਾਂ ਵਿਚ ਵੱਡੇ ਸੁਧਾਰਾਂ ਦੀ ਨੀਤੀ ਤਿਆਰ ਕੀਤੀ ਜਾ ਚੁੱਕੀ ਹੈ। ਸਿਹਤ ਮੰਤਰੀ ਨੇ ਦੱਸਿਆ ਕਿ 15 ਫਰਵਰੀ ਤੋਂ ਸਰਕਾਰੀ ਹਸਪਤਾਲਾਂ ਵਿਚ ਮਿਲ ਰਹੀਆਂ ਮੁਫ਼ਤ ਦਵਾਈਆਂ ਦੀ ਗਿਣਤੀ 150 ਤੋਂ ਵੱਧ ਕੇ 250 ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਵੱਡੀ ਸਹੂਲਤ ਪ੍ਰਦਾਨ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੈਜੀਡੈਂਸੀ ਪ੍ਰੋਗਰਾਮ ਤਹਿਤ ਕਪੂਰਥਲਾ ਦੇ ਹਸਪਤਾਲ ਨੂੰ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਨਾਲ ਲਿੰਕ ਕਰਕੇ ਲੋਕਾਂ ਨੂੰ ਸੁਚਾਰੂ ਸਿਹਤ ਸੇਵਾਵਾਂ ਦਿੱਤੀਆਂ ਜਾਣਗੀਆਂ। ਹਸਪਤਾਲਾਂ ਵਿਚ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਦਾ ਘਾਟ ਸਬੰਧੀ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਹ ਕਮੀ ਦੂਰ ਕਰਨ ਦੇ ਮੰਤਵ ਨਾਲ ਭਰਤੀ ਦਾ ਖਾਕਾ ਤਿਆਰ ਕੀਤਾ ਜਾ ਚੁੱਕਾ ਹੈ ਜਿਸ ਤਹਿਤ 1200 ਮਾਹਿਰ ਡਾਕਟਰਾਂ ਅਤੇ 1800 ਸਹਾਇਕ ਸਟਾਫ਼ ਦੀਆਂ ਆਸਾਮੀਆਂ ਭਰੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋੜ ’ਤੇ ਆਧਾਰਿਤ ਨੀਤੀ ਤਹਿਤ ਸੇਵਾ ਮੁਕਤ ਹੋਣ ਵਾਲੇ ਡਾਕਟਰਾਂ ਦੇ ਸੇਵਾ ਕਾਲ ’ਚ ਵਾਧਾ ਕਰਨ ਦੀ ਵੀ ਤਜਵੀਜ਼ ਬਣਾਈ ਗਈ ਹੈ ਤਾਂ ਜੋ ਹਸਪਤਾਲਾਂ ਵਿਚ ਮੈਡੀਕਲ ਸੇਵਾਵਾਂ ਦੀ ਕੋਈ ਖੜੋਤ ਨਾ ਆਵੇ। ਕਪੂਰਥਲਾ ਸਿਵਲ ਹਸਪਤਾਲ ’ਚ ਬਣੇ ਆਈ.ਸੀ.ਯੂ. ਸੈਂਟਰ ਸਬੰਧੀ ਸਿਹਤ ਮੰਤਰੀ ਨੇ ਕਿਹਾ ਕਿ ਇਹ ਸੈਂਟਰ ਕੁਝ ਹੀ ਹਫਤਿਆਂ ਵਿਚ ਪੂਰੀ ਤਰ੍ਹਾਂ ਕਾਰਜਸ਼ੀਲ ਹੋਵੇਗਾ ਅਤੇ ਲੋਕਾਂ ਨੂੰ ਲੋੜੀਂਦੀਆਂ ਸੇਵਾਵਾਂ ਪ੍ਰਦਾਨ ਕਰੇਗਾ ਜਿਸ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਹੋਰ ਸੁਧਾਰਾਂ ਸਬੰਧੀ ਵੀ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਜ਼ਿਲ੍ਹਾ ਕਪੂਰਥਲਾ ਦੇ ਸਮੂਹ ਐਸ.ਐਮ.ਓਜ਼ ਨਾਲ ਮੀਟਿੰਗ ਦੌਰਾਨ ਗੱਲਬਾਤ ਕਰਕੇ ਸਿਹਤ ਸੇਵਾਵਾਂ ਦੀ ਸਮੀਖਿਆ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਵਲ ਸਰਜਨ ਡਾ.ਰੀਟਾ ਬਾਲਾ, ਐਸ.ਡੀ.ਐਮ ਲਾਲ ਵਿਸ਼ਵਾਸ਼ ਬੈਂਸ, ਆਮ ਆਦਮੀ ਪਾਰਟੀ ਦੇ ਆਗੂ ਸੱਜਣ ਸਿੰਘ ਚੀਮਾ, ਮੰਜੂ ਰਾਣਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ, ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਲਲਿਤਾ ਸਕਲਾਨੀ, ਡੀ.ਡੀ.ਐਚ.ਓ ਡਾ.ਕਪਿਲ ਡੋਗਰਾ, ਏ.ਸੀ.ਐਸ. ਡਾ.ਅੰਨੂ ਸ਼ਰਮਾ, ਡੀ.ਐਫ.ਪੀ.ਓ ਡਾ. ਅਸ਼ੋਕ ਕੁਮਾਰ, ਡੀ.ਐਚ.ੳ ਡਾ.ਰਾਜੀਵ ਪਰਾਸ਼ਰ, ਡੀ.ਐਮ.ਸੀ ਡਾ ਸੰਦੀਪ ਭੋਲਾ, ਐਸ.ਐਮ.ਓ ਡਾ. ਸੰਦੀਪ ਧਵਨ ਅਤੇ ਆਮ ਆਦਮੀ ਪਾਰਟੀ ਦੇ ਆਗੂ ਕੰਵਰ ਇਕਬਾਲ, ਗੁਰਸ਼ਰਨ ਸਿੰਘ ਆਦਿ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਸ੍ਰੀ ਗੁਰੂ ਰਾਮਦਾਸ ਪਬਲਿਕ ਸਕੂਲ ਤਲਵੰਡੀ ਕਲਾਂ ਵਿਖੇ ਦਾਖਲਿਆਂ ਦਾ ਪਲੇਠਾ ਅਗਾਜ 
Next articleHimachal slashes entry, tenting fee for treks in Dharamsala