(ਸਮਾਜ ਵੀਕਲੀ)
ਸੰਤੋਸ਼ ਦੇਵੀ..! ਦਫ਼ਤਰ ਦੇ ਅੰਦਰੋਂ ਆਵਾਜ਼ ਆਈ ਤਾਂ ਦਫ਼ਤਰ ਵਿੱਚ ਕੰਮ ਕਰਨ ਵਾਲ਼ੀ ਸੰਤੋਸ਼ ਅੰਦਰ ਚਲੀ ਗਈ।
ਆਹ ਲਓ ਆਂਟੀ ਜੀ, ਤੁਹਾਡੀ ਇਸ ਮਹੀਨੇ ਦੀ ਤਨਖ਼ਾਹ। ਕਹਿ ਕੇ ਕਲਰਕ ਮੁੰਡੇ ਨੇ ਇੱਕ ਪੈਕੇਟ ਫੜਾ ਦਿੱਤਾ।
ਪਰ…. ਪਰ…..! ਸੰਤੋਸ਼ ਦੇ ਬੁੱਲ੍ਹ ਕੁੱਝ ਕਹਿਣ ਲਈ ਹਿੱਲੇ।
ਪਰ-ਪੁਰ, ਹਜੇ ਕੁੱਝ ਨਹੀਂ। ਤਨਖ਼ਾਹ ਵਧਾਉਣ ਦੀ ਗੱਲ ਤੁਸੀਂ ਬੌਸ ਨਾਲ਼ ਕਰਿਓ। ਹਜੇ ਮੇਰੇ ਕੋਲ ਬਿਲਕੁੱਲ ਸਮਾਂ ਨਹੀਂ। ਤੁਸੀਂ ਕਿਰਪਾ ਕਰਕੇ ਜਾਓ। ਹਜੇ ਮੈਂ ਬਾਕੀ ਕਰਮਚਾਰੀਆਂ ਨੂੰ ਵੀ ਤਨਖ਼ਾਹ ਦੇਣੀ ਹੈ। ਕਲਰਕ ਮੁੰਡੇ ਨੇ ਬਿਨਾਂ ਉਹਦੇ ਵੱਲ ਦੇਖਿਆਂ ਕਿਹਾ।
ਸੰਤੋਸ਼ ਨੇ ਇੱਕ ਵਾਰ ਫ਼ੇਰ ਪੈਕੇਟ ਵੱਲ ਦੇਖਿਆ ਤੇ ਪੈਕੇਟ ਉੱਥੇ ਹੀ ਰੱਖ ਕੇ ਬਾਹਰ ਵੱਲ ਤੁਰ ਪਈ।
ਆਂਟੀ, ਆਹ ਪੈਕੇਟ ਤਾਂ ਲੈ ਕੇ ਜਾਓ। ਮੁੰਡੇ ਨੇ ਆਵਾਜ਼ ਮਾਰੀ।
ਹੁਣ ਸੰਤੋਸ਼ ਨੇ ਅਣਮੰਨੇ ਜਿਹੇ ਮਨ ਨਾਲ਼ ਪੈਕੇਟ ਚੁੱਕਿਆ ਤੇ ਕਾਹਲ਼ੀ ਨਾਲ਼ ਬਾਹਰ ਆ ਗਈ।
ਕੀ ਹੋਇਆ? ਐਨੀ ਪਰੇਸ਼ਾਨ ਕਿਉਂ ਹੈ? ਤਨਖ਼ਾਹ ਮਿਲਣ ਤੇ ਲੋਕੀ ਖੁਸ਼ ਹੁੰਦੇ ਪਰ ਤੂੰ ਤਾਂ ਦੁੱਖੀ ਹੋ ਗਈ ਏਂ! ਨਾਲ਼ ਵਾਲ਼ੀ ਸਹੇਲੀ ਰਜਨੀ ਨੇ ਪੁੱਛਿਆ।
ਉਹ ਤਾਂ ਸੱਭ ਠੀਕ ਹੈ ਪਰ….. ਸੰਤੋਸ਼ ਗੱਲ ਕਰਦੀ- ਕਰਦੀ ਚੁੱਪ ਕਰ ਗਈ।
ਪਰ!….ਪਰ ਕੀ? ਦੱਸ ਤਾਂ ਸਹੀ, ਗੱਲ ਕੀ ਹੈ? ਰਜਨੀ ਨੇ ਜ਼ੋਰ ਪਾਇਆ।
ਗੱਲ ਇਹ ਹੈ ਕਿ ਇਹ ਤਨਖ਼ਾਹ ਮੇਰੀ ਨਹੀਂ ਹੈ। ਸੰਤੋਸ਼ ਨੇ ਮਨ ਪੱਕਾ ਕਰਕੇ ਇੱਕਦਮ ਕਿਹਾ।
ਹੈਂ…!ਤੇਰੀ ਨਹੀਂ? ਮਤਲਬ ਇਹ ਕਿਸੇ ਹੋਰ ਦੀ ਤਨਖ਼ਾਹ ਹੈ? ਪਰ ਕੀਹਦੀ? ਮੈਨੂੰ ਕੁੱਝ ਸਮਝ ਨਹੀਂ ਆ ਰਹੀ। ਤੂੰ ਚੰਗੀ ਤਰ੍ਹਾਂ ਦੱਸ। ਰਜਨੀ ਸੋਚਾਂ ਵਿੱਚ ਪੈ ਗਈ।
ਓ… ਹੋ! ਕੀ ਹੋ ਗਿਆ ਤੈਨੂੰ? ਤੈਨੂੰ ਚੰਗਾ ਭਲਾ ਪਤਾ ਕਿ ਪਿੱਛਲੇ ਮਹੀਨੇ ਮੈਂ ਛੁੱਟੀ ‘ਤੇ ਗਈ ਸੀ। ਤੇ ਇਹ ਪਿੱਛਲੇ ਮਹੀਨੇ ਦੀ ਹੀ ਤਨਖ਼ਾਹ ਹੈ। ਹੁਣ ਤੂੰ ਹੀ ਦੱਸ ਕਿ ਇਹ ਮੇਰੀ ਕਿਵੇਂ ਹੋਈ? ਸੰਤੋਸ਼ ਨੇ ਇੱਕੋ ਸਾਹੇ ਕਹਿ ਦਿੱਤਾ।
ਅੱਛਾ! ਤਾਂ ਇਹ ਗੱਲ ਹੈ। ਤੂੰ ਵੀ ਨਾ ਬੱਸ ਕਮਲ਼ੀ ਹੈਂ। ਓਦਾਂ ਹਮੇਸ਼ਾਂ ਖਰਚੇ ਤੋਂ ਤੰਗ ਰਹਿੰਦੀ ਏ ਤੇ ਹੁਣ ਜੇ ਬੌਸ ਨੇ ਭੁਲੇਖ਼ੇ ਨਾਲ਼ ਤਨਖ਼ਾਹ ਦੇ ਹੀ ਦਿੱਤੀ ਤਾਂ ਤੈਨੂੰ ਕੀ ਹੈ? ਤੂੰ ਮਜ਼ੇ ਕਰ ਤੇ ਹਾਂ ਮੈਨੂੰ ਪਾਰਟੀ ਜ਼ਰੂਰ ਦੇਣੀ ਹੈ, ਸਮਝੀ! ਰਜਨੀ ਨੇ ਹੱਸਦਿਆਂ ਕਿਹਾ।
ਰਜਨੀ ਦੀ ਗੱਲ ਸੁਣ ਕੇ ਸੰਤੋਸ਼ ਚੁੱਪ ਕਰ ਗਈ ਤੇ ਆਪਣੇ ਕੰਮ ਵਿੱਚ ਰੁੱਝ ਗਈ। ਛੁੱਟੀ ਵੇਲ਼ੇ ਸੰਤੋਸ਼ ਨੇ ਅਚਾਨਕ ਉਹ ਪੈਕੇਟ ਆਪਣੇ ਪਰਸ ਵਿੱਚੋਂ ਕੱਢਿਆ ਤੇ ਅੰਦਰ ਜਾ ਕੇ ਕਲਰਕ ਮੁੰਡੇ ਨੂੰ ਸੌਂਪਦਿਆ ਕਿਹਾ, ਇਸ ਮਹੀਨੇ ਮੈਂ ਛੁੱਟੀ ਤੇ ਸੀ। ਸ਼ਾਇਦ ਗਲਤੀ ਨਾਲ ਤੁਸੀਂ ਮੈਨੂੰ ਤਨਖ਼ਾਹ ਦੇ ਦਿੱਤੀ ਹੈ। ਕਹਿ ਕੇ ਬਿਨਾਂ ਜਵਾਬ ਉਡੀਕੇ ਸੰਤੋਸ਼ ਬਾਹਰ ਨਿਕਲ਼ ਗਈ।
ਮੋੜ ਹੀ ਆਈ ਫ਼ੇਰ! ਚੈਨ ਆ ਗਿਆ ਹੁਣ? ਰਜਨੀ ਨੇ ਉਹਨੂੰ ਅੰਦਰੋਂ ਬਾਹਰ ਆਉਂਦਿਆਂ ਦੇਖ ਕੇ ਪੁੱਛਿਆ।
ਬਿਲਕੁੱਲ ਆ ਗਿਆ ਅੜੀਏ, ਮੈਂ ਤਾਂ ਬਹੁਤ ਮਨਾਇਆ ਪਰ ਆਹ ਅੰਦਰਲਾ ਇਨਸਾਨ ਨਹੀਂ ਮੰਨਿਆ। ਕਹਿ ਕੇ ਸੰਤੋਸ਼ ਹੱਸਦਿਆਂ ਹੋਇਆਂ ਪਰਸ ਚੁੱਕ ਘਰ ਨੂੰ ਤੁਰ ਪਈ।
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ। ਸੰ:9464633059