ਫਸੇ ਯਾਤਰੂਆਂ ਨੂੰ ਟਿਕਾਣਿਆਂ ’ਤੇ ਪਹੁੰਚਾ ਰਹੀ ਹੈ ਸ਼੍ਰੋਮਣੀ ਕਮੇਟੀ

ਕਰੋਨਾਵਾਇਰਸ ਕਾਰਨ ਦਿੱਲੀ ’ਚ ਫਸੇ ਪੰਜਾਬ ਦੇ ਯਾਤਰੂਆਂ ਨੂੰ ਸ਼੍ਰੋਮਣੀ ਕਮੇਟੀ ਆਪਣੀਆਂ ਬੱਸਾਂ ਰਾਹੀਂ ਪੰਜਾਬ ਵਿੱਚ ਪਹੁੰਚਾਉਣ ਦਾ ਯਤਨ ਕਰ ਰਹੀ ਹੈ। ਇਸੇ ਤਰ੍ਹਾਂ ਬੀਤੇ ਦਿਨ ਇੱਥੇ ਫਸੇ ਦਿੱਲੀ, ਹਰਿਆਣਾ ਆਦਿ ਸੂਬਿਆਂ ਦੇ ਯਾਤਰੂਆਂ ਨੂੰ ਪੰਜ ਬੱਸਾਂ ਰਾਹੀਂ ਭੇਜਿਆ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਜਿੱਥੇ ਕਰਫਿਊ ਦੌਰਾਨ ਲੋੜਵੰਦ ਲੋਕਾਂ ਨੂੰ ਲੰਗਰ ਤਿਆਰ ਕਰਵਾ ਕੇ ਵੱਖ ਵੱਖ ਥਾਵਾਂ ’ਤੇ ਵੰਡਿਆ ਜਾ ਰਿਹਾ ਹੈ, ਉਥੇ ਹੀ ਫਸੇ ਹੋਏ ਯਾਤਰੂਆਂ ਨੂੰ ਵੀ ਉਨ੍ਹਾਂ ਦੇ ਠਿਕਾਣਿਆਂ ’ਤੇ ਪਹੁੰਚਾਉਣ ਦਾ ਯਤਨ ਕੀਤਾ ਗਿਆ ਹੈ।
ਮਿਲੇ ਵੇਰਵਿਆਂ ਮੁਤਾਬਕ ਇਸ ਵੇਲੇ ਵੀ ਸ਼੍ਰੋਮਣੀ ਕਮੇਟੀ ਕੋਲ ਸੌ ਤੋਂ ਵੱਧ ਲੋਕ ਮਦਦ ਲਈ ਪੁੱਜੇ ਹਨ, ਜਿਨ੍ਹਾਂ ’ਚ ਗੁਜਰਾਤ, ਮਹਾਰਾਸ਼ਟਰ, ਰਾਜਸਥਾਨ, ਦਿੱਲੀ ਅਤੇ ਪੰਜਾਬ ਦੀਆਂ ਵੱਖ ਵੱਖ ਥਾਵਾਂ ਨਾਲ ਸਬੰਧਤ ਲੋਕ ਹਨ। ਇਨ੍ਹਾਂ ਯਾਤਰੂਆਂ ਨੂੰ ਸ਼੍ਰੋਮਣੀ ਕਮੇਟੀ ਨੇ ਜਿੱਥੇ ਸਰਾਵਾਂ ਵਿੱਚ ਕਮਰੇ ਮੁਹੱਈਆ ਕੀਤੇ ਹਨ, ਉਥੇ ਲੰਗਰ ਦੀ ਸੇਵਾ ਵੀ ਮੁਹੱਈਆ ਕਰਵਾਈ ਹੈ। ਇਹ ਯਾਤਰੂ ਬੀਤੇ ਦਿਨੀਂ ਅੰਮ੍ਰਿਤਸਰ ਆਏ ਸਨ ਅਤੇ ਕਰਫਿਊ ਦੌਰਾਨ ਇੱਥੇ ਹੀ ਫਸ ਗਏ। ਇਨ੍ਹਾਂ ਵਿੱਚੋਂ ਵਧੇਰੇ ਵੱਖ ਵੱਖ ਹੋਟਲਾਂ ਵਿੱਚ ਰੁਕੇ ਹੋਏ ਸਨ ਅਤੇ ਹਾਲਾਤ ਸੁਖਾਵੇਂ ਹੋਣ ਦੀ ਉਡੀਕ ਕਰ ਰਹੇ ਸਨ।
ਸਿੱਖ ਸੰਸਥਾ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਹਾਲ ਹੀ ਵਿੱਚ ਟਾਟਾ ਨਗਰ ਨਾਲ ਸਬੰਧਤ ਦੋ ਦਰਜਨ ਤੋਂ ਵੱਧ ਯਾਤਰੂਆਂ ਨੇ ਉਨ੍ਹਾਂ ਨੂੰ ਮਦਦ ਦੀ ਅਪੀਲ ਕੀਤੀ ਹੈ। ਇਹ ਸਾਰੇ ਯਾਤਰੂ ਇੱਥੇ ਕਿਸੇ ਹੋਟਲ ’ਚ ਠਹਿਰੇ ਹੋਏ ਸਨ। ਸ਼੍ਰੋਮਣੀ ਕਮੇਟੀ ਵੱਲੋਂ ਕੁਝ ਯਾਤਰੂਆਂ ਨੂੰ ਦਿੱਲੀ ਤੱਕ ਪਹੁੰਚਾਇਆ ਗਿਆ ਹੈ । ਕੁੱਝ ਹੋਰ ਯਾਤਰੂਆਂ ਨੇ ਵੀ ਮਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਨੂੰ ਟਾਟਾ ਨਗਰ ਤੱਕ ਭੇਜਣ ਦਾ ਪ੍ਰਬੰਧ ਕਰਨਾ ਮੁਸ਼ਕਲ ਹੈ ਪਰ ਇਸ ਲਈ ਹਾਲਾਤ ਸੁਖਾਵੇਂ ਹੋਣ ਤੱਕ ਇਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ ਵਿੱਚ ਠਹਿਰਨ ਵਾਸਤੇ ਆਖਿਆ ਗਿਆ ਹੈ। ਮੀਤ ਮੈਨੇਜਰ ਰਾਜਿੰਦਰ ਸਿੰਘ ਰੂਬੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਕੋਲ ਬੱਸਾਂ ਭੇਜਣ ਲਈ ਪ੍ਰਵਾਨਗੀ ਮੰਗੀ ਗਈ ਹੈ। ਪ੍ਰਵਾਨਗੀ ਮਿਲਣ ਮਗਰੋਂ ਚਾਰ ਬੱਸਾਂ ਰਾਹੀਂ ਇਨ੍ਹਾਂ ਯਾਤਰੂਆਂ ਨੂੰ ਦਿੱਲੀ, ਸ਼ਾਹਜਹਾਨਪੁਰ ਅਤੇ ਬਠਿੰਡਾ ਤੱਕ ਭੇਜਿਆ ਜਾਵੇਗਾ। ਇਸ ਦੌਰਾਨ ਬੀਤੇ ਦਿਨ ਭੇਜੀਆਂ ਪੰਜ ਬੱਸਾਂ ਰਾਹੀਂ ਦਿੱਲੀ ਤੋਂ ਉਥੇ ਫਸੇ ਹੋਏ ਯਾਤਰੂ ਪੰਜਾਬ ਲਿਆਂਦੇ ਜਾ ਰਹੇ ਹਨ।

Previous articleਵਿਦੇਸ਼ਾਂ ਤੋਂ ਆਏ ਵਿਅਕਤੀਆਂ ਦੀ ਸਖ਼ਤ ਨਿਗਰਾਨੀ ਦੇ ਨਿਰਦੇਸ਼
Next articleTotal cases in India cross 800, active 748