ਵਿਰਾਸਤ

ਜਗਤਾਰ ਸਿੰਘ ਹਿੱਸੋਵਾਲ

ਜਦੋਂ ਮੈਂ ਪਿੰਡੋਂ ਆਇਆ,
ਮੈਨੂੰ ਪਤਾ ਹੀ ਨਾ ਲੱਗਾ,
ਅਛੋਪਲੇ ਜਹੇ ਕਦੋਂ
ਮੇਰੇ ਅਹਿਸਾਸਾਂ ਸੰਗ
ਪੀਤੂ ਮੇਰੇ ਨਾਲ ਹੀ ਤੁਰ ਆਇਆ।

ਅੱਜ ਪਿੰਡੋਂ ਖ਼ਬਰ ਆਈ ਹੈ
ਪੀਤੂ ਹਮੇਸ਼ਾ ਲਈ ਤੁਰ ਗਿਆ ਹੈ
ਅੱਧਾ ਅਧੂਰਾ।
ਅੱਧਾ ਤਾਂ ਉਹ ਉਦੋਂ ਹੀ ਤੁਰ ਗਿਆ ਸੀ
ਜਦੋਂ ਜ਼ਿਮੀਂਦਾਰ ਦੇ ਖੇਤ ਵਿੱਚ ਕਣਕ ਕੱਢਦਿਆਂ
ਉਸਦੀਆਂ ਦੋਵੇਂ ਬਾਹਵਾਂ
ਹੜੰਬੇ ਵਿੱਚ ਆ ਗਈਆਂ।
ਖਿੰਡ ਗਈਆਂ ਕਣਕ ਦੇ ਬੋਹਲ਼ ਤੇ,
ਤੂੜੀ ਦੇ ਢੇਰ ਤੇ।
ਪੂਰੀ ਫਿਜ਼ਾ ਵਿੱਚ ਗੂੰਜ ਗਈ ਸੀ
ਉਸਦੀ ਚੀਕ
ਇੱਕ ਪੂਰਾ ਸੁਪਨ ਸੰਸਾਰ
ਢਹਿ-ਢੇਰੀ ਹੋ ਕੇ ਰਹਿ ਗਿਆ।
ਪੀਤੂ ਆਪਣੀ ਲੜਾਈ ਹਾਰ ਗਿਆ।
ਮੁੜ ਭੁੱਖ-ਦੁੱਖ ਦੀ ਖਾਈ ਵਿੱਚ ਜਾ ਡਿੱਗਿਆ।
ਬੱਚਿਆਂ ਦੇ ਸਿਰ ਤੇ ਢਹਿ ਪਿਆ
ਮੁਸੀਬਤਾਂ ਦਾ ਪਹਾੜ।
ਉਸਦੇ ਨਿੱਕੇ ਨਿੱਕੇ ਮਾਸੂਮ ਸੁਪਨੇ,
ਆਪਣੀ ਧੀ ਤੇ ਪੁੱਤ ਦੇ ਹੱਥ
ਬਸਤਾ ਫੱਟੀ ਫੜਾਉਣੀ,
ਧੀ ਨੂੰ ਆਪਣੇ ਘਰ ਤੋਰਨਾ,
ਆਪਣੇ ਘਰ ਨੂੰਹ ਲਿਆਉਣੀ,
ਸੀਤੋ ਦੇ ਗਲ਼ ਸੋਨੇ ਦੀ ਚੈਨੀ ਪਾਉਣੀ,
ਸਿਉੰਕ ਖਾਧੀ
ਘਰ ਦੀ ਛੱਤ ਬਦਲਨੀ,
ਪਸ਼ੂਆਂ ਲਈ ਪੱਕੀ ਖੁਰਲੀ ਬਨਾਉਣੀ,
ਵਿਹੜੇ ਵਿੱਚ ਰੋੜਿਆਂ ਦਾ ਫਰਸ਼ ਲਾਉਣਾ।
ਸਭ ਕੁੱਝ ਮਿੱਟੀ ਹੀ ਤਾਂ ਹੋ ਗਿਆ।

ਉਸਦੀ ਹਮਸਫ਼ਰ, ਸੀਤੋ,
ਬੇਬਸ ਕੁਰਲਾਉਂਦੀ ਅਧਮੋਈ ਹੋ ਗਈ।
ਆਪਣੀ ਹੋਣੀ ਤੇ ਝੂਰਦੀ ਰਹਿ ਗਈ।
ਉਸ ਦੇ ਕੱਲ੍ਹ ਤੇ ਸਿਆਹੀ ਫਿਰ ਗਈ।

ਇੱਕ ਦਿਨ ਗੁਰਦੁਆਰੇ ਦੇ
ਸਪੀਕਰ ਤੋਂ ਆਉੰਦੇ ਬੋਲ ਸੁਣ
“ਤੇਰੀ ਜੇ ਹੋਵੇ ਕਿਰਪਾ
ਪਿੰਗਲਾ ਪਹਾੜ ਚੜ੍ਹ ਜਾਵੇ”
ਉਸਦਾ ਅੰਦਰ ਜਿਵੇਂ ਚੀਰਿਆ ਗਿਆ।
“ਭਲਾ ਮੈਂ ਪਹਾੜ ਚੜ੍ਹ ਕੇ
ਆਹ ਟੁੰਡਾਂ ਨਾਲ਼ ਕੀ ਖੋਹ ਲੈਣਾ ? ”
ਉਹ ਟੁੰਡਾਂ ਨਾਲ ਅੱਖਾਂ ਪੂੰਝਦਾ
ਸਾਹਮਣੇ ਬੋਹੜ ਹੇਠ ਜਾ ਬੈਠਾ।

ਉੰਝ ਜੈਲਦਾਰਾਂ ਨੇ
ਉਸਤੋਂ ਮੂੰਹ ਤਾਂ ਨਾ ਮੋੜਿਆ
ਸਾਲ ਭਰ ਲਈ ਦਾਣੇਂ ਦਿੰਦੇ,
ਸੀਤੋ ਨੂੰ ਵੀ ਘਰ ਦੇ ਕੰਮ ਲਾ ਲਿਆ,
ਸੀਤੋ ਨੂੰ ਵੀ ਹੋਰ ਕਿਹੜਾ ਰਾਹ ਸੀ।
ਉਨ੍ਹਾਂ ਦੇ ਘਰ ਦੇ ਕੰਮ ਨਿਬੇੜਦੀ
ਸਾਰਾ ਦਿਨ ਇੱਲਣੀ ਹੋਈ ਰਹਿੰਦੀ।
ਦਿਨੋਂ ਦਿਨ ਨਿਘਰਦੀ ਚਲੀ ਗਈ।

ਉਹ ਅਕਸਰ ਸੋਚਦਾ,
ਜੇ ਮੈਂ ਫੌਜੀ ਹੁੰਦਾ,
ਲੜਦਾ ਇੰਝ ਹੋ ਜਾਂਦਾ,
ਬਹਾਦਰੀ ਦਾ ਤਮਗਾ ਮਿਲਦਾ
ਰੋਟੀ ਜੋਗੀ ਪੈਂਸ਼ਨ ਮਿਲਦੀ,
ਟੱਬਰ ਇੰਝ ਤਾਂ ਨਾ ਰੁਲ਼ਦਾ।
ਪਰ ਆਹ ਨਿੱਤ ਭੁੱਖ ਪਿਆਸ ਨਾਲ਼ ਘੁਲ਼ਦਿਆਂ,
ਮਿੱਟੀ ਨਾਲ਼ ਮਿੱਟੀ ਹੁੰਦੇ,
ਅੰਨ ਉਗਾਉੰਦਿਆਂ
ਦੇਸ਼ ਦਾ ਢਿੱਡ ਭਰਨਾ,
ਜੰਗ ਤੋਂ ਕਿਵੇ ਘੱਟ ਹੈ।
ਪਰ ਇਸ ਜੰਗ ਵਿੱਚ ਮਿਟਣ ਵਾਲਿਆਂ ਨੂੰ
ਕੌਣ ਪੁੱਛਦਾ ਹੈ।

ਉਸਨੂੰ ਉਸ ਦਿਨ ਜਾਪਿਆ
ਉਸਦੀ ਮਿੱਟੀ ਵਿੱਚ ਆਹ ਜਿਹੜੇ
ਸਾਹ ਚੱਲਦੇ ਨੇ,
ਹੁਣ ਇਹ ਕਿਥੋਂ ਬਚਣੇ ਆ,
ਜਦੋਂ ਮਾੜਾ ਜਿਹਾ ਸਿਰ ਚੁੱਕਦੇ
ਉਸਦੇ ਪੁੱਤਰ ਨੂੰ,
ਜੈਲਦਾਰ,
ਮੋਢੇ ਤੇ ਕਹੀ ਰੱਖ,
ਆਪਦੇ ਖੇਤਾਂ ਵੱਲ ਲੈ ਤੁਰਿਆ।
ਉਸਨੇ ਹੌਕਾ ਲੈ ਅੱਖਾਂ ਪੂੰਝਦਿਆਂ
ਆਸਮਾਨ ਵੱਲ ਸੁਆਲ ਉਛਾਲਿਆ
” ਰੱਬਾ ਕੀ ਮੇਰੇ ਪੁੱਤ ਦੀ ਵੀ ਇਹੋ ਵਿਰਾਸਤ ਹੈ ?”

ਜਗਤਾਰ ਸਿੰਘ ਹਿੱਸੋਵਾਲ

-9878330324

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਦੋਂ ਢਾਬੇ ਵਾਲੀ ਨੂੰ ਸਲਿਊਟ ਕੀਤਾ
Next articleਅੱਜ ਦਾ ਭਾਈਚਾਰਾ