ਹਿੰਦ-ਪ੍ਰਸ਼ਾਂਤ ਦੀਆਂ ਚੁਣੌਤੀਆਂ ਦਾ ਸੇਕ ਯੂਰੋਪ ਤੱਕ ਪੁੱਜ ਸਕਦਾ ਹੈ: ਜੈਸ਼ੰਕਰ

ਨਵੀਂ ਦਿੱਲੀ (ਸਮਾਜ ਵੀਕਲੀ):  ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਹਿੰਦ-ਪ੍ਰਸ਼ਾਂਤ ਖੇਤਰ ਦੀਆਂ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਅੱਜ ਕਿਹਾ ਕਿ ਵਿਆਪਕ ਸ਼ਕਤੀ ਅਤੇ ਮਜ਼ਬੂਤ ਸਮਰੱਥਾ ਨਾਲ ਜ਼ਿੰਮੇਵਾਰੀ ਅਤੇ ਸੰਜਮ ਆਉਣਾ ਚਾਹੀਦਾ ਹੈ। ਇਸ ਤਰ੍ਹਾਂ ਅਰਥਵਿਵਸਥਾ ਦਬਾਅ ਤੋਂ ਮੁਕਤ ਅਤੇ ਰਾਜਨੀਤੀ ਤਾਕਤ ਦੀ ਵਰਤੋਂ ਦੇ ਖਤਰੇ ਤੋਂ ਬਚੀ ਰਹਿੰਦੀ ਹੈ। ਉਹ ਪੈਰਿਸ ਵਿੱਚ ਹਿੰਦ-ਪ੍ਰਸ਼ਾਂਤ ’ਤੇ ਯੂਰੋਪੀਅਨ ਯੂਨੀਅਨ (ਈਯੂ) ਦੇ ਮੰਤਰੀ ਪੱਧਰ ਦੇ ਮੰਚ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਪੇਸ਼ ਆ ਰਹੀਆਂ ਚੁਣੌਤੀਆਂ ਦਾ ਸੇਕ ਯੂਰੋਪ ਤੱਕ ਵੀ ਪਹੁੰਚ ਸਕਦਾ ਹੈ ਕਿਉਂਕਿ ਇਸ ਸਬੰਧੀ ਦੂਰੀ ਕੋਈ ਬਚਾਅ ਨਹੀਂ ਹੈ।

ਜੈਸ਼ੰਕਰ ਨੇ ਕਿਹਾ ਕਿ ਮੰਚ ਦੀ ਮੇਜ਼ਬਾਨੀ ਅਜਿਹੇ ਸਮੇਂ ਕੀਤੀ ਜਾ ਰਹੀ ਹੈ, ਜਦੋਂ ਯੂਰੋਪ ਗੰਭੀਰ ਯੂਕਰੇਨ ਸੰਕਟ ਨਾਲ ਜੂਝ ਰਿਹਾ ਹੈ। ਇਸ ਤੋਂ ਹਿੰਦ-ਪ੍ਰਸ਼ਾਂਤ ਖੇਤਰ ਲਈ ਯੂਰੋਪੀਅਨ ਯੂਨੀਅਨ ਦੇ ਮਹੱਤਵ ਦਾ ਪਤਾ ਚੱਲਦਾ ਹੈ। ਉਨ੍ਹਾਂ ਯੂਰੋਪੀਅਨ ਯੂਨੀਅਨ ਦੀ ਚੋਟੀ ਦੀ ਲੀਡਰਸ਼ਿਪ ਦੇ ਨਾਲ ਨਾਲ ਵੱਖ-ਵੱਖ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਮੌਜੂਦਗੀ ਵਿੱਚ ਕਿਹਾ, ‘‘ਹਿੰਦ-ਪ੍ਰਸ਼ਾਂਤ ਬਹੁ-ਧਰੁਵੀ ਤੇ ਪੁਨਰ-ਸੰਤੁਲਨ ਆਧਾਰਿਤ ਵਿਵਸਥਾ ਦਾ ਕੇਂਦਰ ਹੈ, ਜੋ ਸਮਕਾਲੀ ਤਬਦੀਲੀਆਂ ਨੂੰ ਚਿੰਨ੍ਹਤ ਕਰਦਾ ਹੈ।’’

ਹਿੰਦ-ਪ੍ਰਸ਼ਾਂਤ ਦੀ ਮਹੱਤਤਾ ਬਾਰੇ ਚਰਚਾ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਵਿਆਪਕ ਸ਼ਕਤੀ ਅਤੇ ਮਜ਼ਬੂਤ ਸਮਰੱਥਾ ਨਾਲ ਜ਼ਿੰਮੇਵਾਰੀ ਅਤੇ ਸੰਜਮ ਆਵੇ। ਉਨ੍ਹਾਂ ਕਿਹਾ, ‘‘ਇਸ ਦਾ ਅਰਥ ਕੌਮਾਂਤਰੀ ਕਾਨੂੰਨ, ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਦਾ ਸਨਮਾਨ ਹੈ। ਇਸ ਦਾ ਅਰਥ ਦਬਾਅ ਤੋਂ ਮੁਕਤ ਅਰਥਵਿਵਸਥਾ ਅਤੇ ਤਾਕਤ ਦੀ ਵਰਤੋਂ ਦੇ ਖ਼ਤਰਿਆਂ ਤੋਂ ਮੁਕਤ ਰਾਜਨੀਤੀ ਹੋਣੀ ਚਾਹੀਦੀ ਹੈ। ਇਸ ਦਾ ਮਤਲਬ ਆਲਮੀ ਨਿਯਮਾਂ ਤੇ ਰਵਾਇਤਾਂ ਦਾ ਪਾਲਣ ਕਰਨ ਅਤੇ ਆਲਮੀ ਪੱਧਰ ’ਤੇ ਸਾਂਝੀਆਂ ਚੀਜ਼ਾਂ ’ਤੇ ਦਾਅਵਾ ਕਰਨ ਤੋਂ ਬਚਣਾ ਹੈ।’’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਿਊਜ਼ੀਲੈਂਡ: ਪ੍ਰਦਰਸ਼ਨਕਾਰੀਆਂ ਵੱਲੋਂ ਪੁਲੀਸ ਸਖ਼ਤੀ ਦਾ ਵਿਰੋਧ
Next articleਮਹਾਰਾਣੀ ਐਲਿਜ਼ਾਬੈੱਥ ਵੱਲੋਂ ਵਰਚੁਅਲ ਮੀਟਿੰਗਾਂ ਰੱਦ