HOME ਅਸਿੱਧੀ ਭਰੂਣ ਹੱਤਿਆ

ਅਸਿੱਧੀ ਭਰੂਣ ਹੱਤਿਆ

2
ਰੋਮੀ ਘੜਾਮਾਂ

 (ਸਮਾਜ ਵੀਕਲੀ) 

ਉਹ ਜੋ ਪੈੱਨਾਂ ਦੀਆਂ ਸਰਿੰਜਾਂ ਜਿਹੀਆਂ ਬਣਾਉਂਦੀ ਸੀ।
ਘਰ ਘਰ ਖੇਡਦੀ ਸਭ ਦੇ ਟੀਕੇ ਜਿਹੇ ਲਾਉਂਦੀ ਸੀ।
ਨਬਜ਼, ਧੜਕਣ ਗਿਣਦੀ, ਖੁਰਾਕਾਂ ਸਮਝਾਉਂਦੀ,
ਪੱਕਾ ਡਾਕਟਰ ਹੀ ਤਾਂ ਬਣਨਾ ਚਾਹੁੰਦੀ ਸੀ।

ਅੱਜਕਲ੍ਹ ਸੁਣਿਐ ਆਈਲੈਟਸ ਕਰਕੇ।
ਪੜ੍ਹਾਈ ਦੇ ਆਧਾਰ ‘ਤੇ ਕਾਗਜ਼ ਭਰਕੇ।
ਆਖਰਕਾਰ……..।
ਤੁਰ ਗਈ ਏ ਬਾਹਰ।

ਉੱਥੇ ਕਹਿੰਦੇ ਹੋਟਲ ਪ੍ਰਬੰਧਨ ਹੈ ਪੜ੍ਹਦੀ।
ਨਾਲ਼ ਕਿਸੇ ਰੈਸਟੋਰੈਂਟ ਵਿੱਚ ਕੰਮ ਹੈ ਕਰਦੀ।

ਸਰਿੰਜਾਂ ਦੀ ਥਾਵੇਂ ਚਮਚ, ਕਾਂਟੇ, ਛੁਰੀਆਂ
ਜਾਂ ਲੂਣ, ਮਿਰਚ, ਹਲਦੀ, ਮਸਾਲਿਆਂ ਦੀਆਂ ਪੁੜੀਆਂ।

ਸੱਚ..! ਇੱਕ ਹੋਰ ਸੀ।
ਇੰਜਣ ਖੋਲ੍ਹ ਕੇ ਦੁਬਾਰਾ ਬੰਨ੍ਹ ਦੇਣ ਵਾਲ਼ਾ।
ਮਸ਼ੀਨਾਂ ਨਾਲ਼ ਪੰਗਿਆਂ ਨੂੰ ਹਰਦਮ ਕਾਹਲਾ।

ਪੈਂਟ ਵਿੱਚ ਦੇ ਕੇ ਰੱਖਦਾ ਸੀ ਪੇਚਕਸ, ਪਲਾਸ।
ਮੁਫ਼ਤ ਦਾ ਮਕੈਨਿਕ ਸੀ ਸਭਨਾਂ ਦਾ ਖ਼ਾਸ।

ਮਿੰਟਾਂ ਵਿੱਚ ਕੱਢ ਦਿੰਦਾ ਸੀ, ਤਕਨੀਕੀ ਹੱਲ।
ਇੰਜੀਨੀਅਰ ਹੀ ਪੈ ਗਈ ਸੀ ਪਿੰਡ ਵਿੱਚ ਅੱਲ

ਪਰ ਬਾਹਰਵੀਂ ਕਰਦਿਆਂ ਸਾਰ।
ਕਾਗਜ਼ ਕਰਕੇ ਤਿਆਰ।
ਬਣਾ ਕੇ ਸਟਡੀ ਬੇਸ।
ਖਿੱਚ ਦਿੱਤੀ ਰੇਸ।
ਲੈ ਕੇ ਛੇ ਬੈਂਡ।
ਸਿੱਧਾ ਇੰਗਲੈਂਡ

ਪਰ ਉੱਥੇ ਵੀ ਕਹਿੰਦੇ ਮੰਦਾ।
ਰਿਹਾ ਕੰਮ ਨਾ ਧੰਦਾ।
ਕਰੇ ਕੀ ਵਿਚਾਰਾ।
ਹਾਲਾਤਾਂ ਦਾ ਮਾਰਾ।
ਮੁੜੇ ਕੀ ਪਿਛਾੜੀ।
ਹੈ ਕਰਦਾ ਦਿਹਾੜੀ।
ਬੇਸ਼ੱਕ ਕੰਮ ਹੈ ਕੰਮ
ਪਰ ਰਹਿਣਾ ਇਹ ਗਮ
ਕਿ ਭਾਵੇਂ ਸਭ ਹੈ ਕਰਨਾ।
ਬੱਸ ਇੰਜੀਨੀਅਰ ਨ੍ਹੀ ਬਣਨਾ।

ਅੰਤ!!!
ਰੋਮੀ ‘ਚ ਹੋਰ ਕੁੱਝ ਕਹਿਣ ਦੀ।
ਘੜਾਮੇਂ ਗੜ੍ਹਕਦੇ ਰਹਿਣ ਦੀ।
ਤਨ, ਮਨ ਹਰ ਤਰ੍ਹਾਂ ਦੀ,
ਰਹੀ ਨਾ ਜੀ ਸੱਤਿਆ।
ਕਿਉਂਕਿ
ਹੋ ਰਹੀ ਸ਼ਰੇਆਮ।
ਸਟੇਟਸ ਦੇ ਨਾਮ।
ਹਜ਼ਾਰਾਂ ਡਾਕਟਰਾਂ, ਇੰਜੀਨੀਅਰਾਂ ਦੀ…,
ਅਸਿੱਧੀ ਭਰੂਣ ਹੱਤਿਆ।
ਅਸਿੱਧੀ ਭਰੂਣ ਹੱਤਿਆ।
ਅਸਿੱਧੀ ਭਰੂਣ ਹੱਤਿਆ।
ਰੋਮੀ ਘੜਾਮਾਂ।
7717380107

Previous articleਭਾਜਪਾ ਦੀ ਬਿਹਾਰ ਜਿੱਤ ਜਨਤਾ ਦੇ ਵਿਸ਼ਵਾਸ ਅਤੇ ਵਿਕਾਸ ਦੀ ਜਿੱਤ ਹੈ : ਨਿਪੁੰਨ ਸ਼ਰਮਾ
Next articleਪਿੰਡ ਮਾਣਕੀ ਵਿਚ ਅਗਲੀ ਰਣਨੀਤੀ ਤਹਿ ਕਰਨ ਲਈ 14 ਨਵੰਬਰ ਸਵੇਰੇ 11 ਵਜੇ ਵੱਖ ਵੱਖ ਜਥੇਬੰਦੀਆਂ ਵੱਲੋਂ ਮੀਟਿੰਗ ਕੀਤੀ ਜਾਵੇਗੀ