ਸਿੰਗਾਪੁਰ, (ਸਮਾਜ ਵੀਕਲੀ) : ਸਿੰਗਾਪੁਰ ਵਿਚ ਇਕ 32 ਸਾਲਾ ਭਾਰਤੀ ਟਰੇਨਰ ਖ਼ਿਲਾਫ਼ ਇਕ ਸਟੂਡੀਓ ਵਿਚ ਯੋਗਾ ਸਿਖਾਉਂਦੇ ਹੋਏ ਪੰਜ ਔਰਤਾਂ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।
ਚੈਨਲ ਨਿਊਜ਼ ਏਸ਼ੀਆ ਦੀ ਖ਼ਬਰ ਅਨੁਸਾਰ, ਪੀੜਤ ਔਰਤਾਂ ਦੀ ਪਛਾਣ ਇਕ ‘ਗੈਗ ਆਰਡਰ’ ਤਹਿਤ ਜੱਗ ਜ਼ਾਹਿਰ ਨਹੀਂ ਕੀਤੀ ਜਾ ਸਕਦੀ। ਮੁਲਜ਼ਮ ਖ਼ਿਲਾਫ਼ ਜੂਨ 2019 ਅਤੇ ਜੁਲਾਈ 2020 ਵਿਚਾਲੇ ਇਕ ਯੋਗਾ ਸਟੂਡੀਓ ਵਿਚ 24 ਤੋਂ 29 ਸਾਲ ਉਮਰ ਦੀਆਂ ਔਰਤਾਂ ਨੂੰ ਅਣਉਚਿਤ ਢੰਗ ਨਾਲ ਛੂਹਣ ਦਾ ਦੋਸ਼ ਹੈ।
ਪੁਲੀਸ ਦੇ ਇਕ ਪੁਰਾਣੇ ਬਿਆਨ ਅਨਸਾਰ ਇਸ ਵਿਅਕਤੀ ਨੇ ਕਥਿਤ ਤੌਰ ’ਤੇ ਯੋਗਾ ਸਿਖਾਉਂਦੇ ਸਮੇਂ ਪੀੜਤ ਔਰਤਾਂ ਨਾਲ ਬਦਸਲੂਕੀ ਕੀਤੀ।
ਮੁਲਜ਼ਮ ਨੇ ਜ਼ਿਲ੍ਹਾ ਅਦਾਲਤ ਨੂੰ ਦੱਸਿਆ ਕਿ ਸਿੰਗਾਪੁਰ ਦਾ ਇਕ ਦੋਸਤ ਉਸ ਦੀ ਜ਼ਮਾਨਤ ਦੇਵੇਗਾ ਅਤੇ ਇਕ ਵਕੀਲ ਰਾਹੀਂ ਉਹ ਮੁਕੱਦਮਾ ਦਾਇਰ ਕਰੇਗਾ। ਮੁਲਜ਼ਮ ਵੀਡੀਓ ਲਿੰਕ ਰਾਹੀਂ ਅਦਾਲਤ ਵਿਚ ਪੇਸ਼ ਹੋਇਆ ਅਤੇ ਉਸ ਨੂੰ 15,000 ਸਿੰਗਾਪੁਰ ਡਾਲਰ ’ਤੇ ਜ਼ਮਾਨਤ ਦਿੱਤੀ ਗਈ। ਸਿੰਗਾਪੁਰ ਵਿਚ ਛੇੜਛਾੜ ਲਈ ਦੋ ਸਾਲ ਤੱਕ ਦੀ ਜੇਲ੍ਹ, ਜੁਰਮਾਨਾ, ਬੈਂਤ ਨਾਲ ਮਾਰਨ ਜਾਂ ਕੋਈ ਦੋ ਦੰਡ ਦੇਣ ਦਾ ਪ੍ਰਬੰਧ ਹੈ। ਕੇਸ ਦੀ ਸੁਣਵਾਈ 14 ਦਸੰਬਰ ਤੱਕ ਮੁਲਤਵੀ ਕੀਤੀ ਗਈ ਹੈ।
ਪੁਲੀਸ ਨੇ ਕਿਹਾ, ‘‘ਜਿਨਸੀ ਸ਼ੋਸ਼ਣ ਵਾਲੀ ਪ੍ਰਵਿਰਤੀ, ਜਿਸ ਕਾਰਨ ਸਮਾਜ ਦੀ ਨਿੱਜੀ ਸੁਰੱਖਿਆ ਖ਼ਤਰੇ ਵਿਚ ਹੋਵੇ, ਬਰਦਾਸ਼ਤ ਨਹੀਂ ਕੀਤੀ ਜਾਵੇਗੀ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly