ਸੰਯੁਕਤ ਕਿਸਾਨ ਮੋਰਚੇ ਦੀ ਰੈਲੀ ਲਈ ਲੋਹਗੜ੍ਹ ਤੋਂ ਮੋਗੇ ਜਾਣ ਲਈ ਵਿਸ਼ਾਲ ਕਾਫ਼ਲਾ ਹੋਵੇਗਾ ਅੱਜ ਰਵਾਨਾ
ਮਹਿਤਪੁਰ, (ਸਮਾਜ ਵੀਕਲੀ) ( ਪੱਤਰ ਪ੍ਰੇਰਕ )– ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱੱਲੋਂ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਅਰੰਭੇ ਸੰਘਰਸ਼ ਨੂੰ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਕੌਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਅਤੇ ਸੂਬਾ ਆਗੂ ਸਤਨਾਮ ਸਿੰਘ ਲੋਹਗੜ੍ਹ ਨੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ ਦੀ ਅਗਵਾਈ ਹੇਠ ਹੋਈ ਮੀਟਿੰਗ ਉਪਰੰਤ ਬਿਆਨ ਦਿੰਦਿਆਂ ਆਖਿਆ ਕਿ ਸਰਕਾਰ ਕਿਸਾਨ ਆਗੂ ਡੱਲੇਵਾਲ ਦੀਆਂ ਮੰਗਾਂ ਨਾ ਮੰਨ ਕੇ ਆਪਣੇ ਹੀ ਵਾਅਦਿਆਂ ਤੋਂ ਭੱਜ ਰਹੀ ਹੈ। ਆਗੂਆਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਪੰਜਾਬ ਡੱਲੇਵਾਲ ਦੀ ਹਮਾਇਤ ਤੇ ਚਟਾਨ ਵਾਂਗ ਉਨ੍ਹਾਂ ਦੇ ਨਾਲ ਖੜੀ ਹੈ। ਆਗੂਆਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਵੱਲੋਂ ਕਿਸਾਨੀ ਮੰਗਾਂ ਅਤੇ ਡੱਲੇਵਾਲ ਦੀ ਡਟਵੀ ਹਿਮਾਇਤ ਲਈ ਮੋਗੇ ਦੀ ਧਰਤੀ ਤੇ ਦਾਣਾ ਮੰਡੀ ਵਿਖੇ ਹੋ ਰਹੀ ਸੰਯੁਕਤ ਕਿਸਾਨ ਮੋਰਚੇ ਦੀ ਵਿਸ਼ਾਲ ਰੈਲੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ। ਇਸ ਰੈਲੀ ਵਿਚ ਪੂਰੇ ਪੰਜਾਬ ਤੋਂ ਕਿਸਾਨਾਂ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ। ਦੇਸ਼ ਦੀ ਗੂੰਗੀ ਤੇ ਬੋਲੀ ਸਰਕਾਰ ਦੇ ਕੰਨਾਂ ਪੜਦੇ ਖੋਲ੍ਹਣ ਲਈ ਅਤੇ ਆਪਣੀਆਂ ਹੱਕੀ ਮੰਗਾਂ ਦੀ ਅਵਾਜ਼ ਬੁਲੰਦ ਕਰਨ ਲਈ ਕਿਸਾਨਾ ਦੇ ਜਥੇ ਇਸ ਰੈਲੀ ਵਿਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਜਲੰਧਰ ਦੀ ਇਕਾਈ ਵੱਲੋਂ ਅੱਜ ਬਲਾਕ ਮਹਿਤਪੁਰ ਦੇ ਪਿੰਡ ਤੋਂ ਮੋਗੇ ਰੈਲੀ ਵਿਚ ਸ਼ਾਮਿਲ ਹੋਣ ਲਈ ਝੰਡੇ ਅਤੇ ਬੈਨਰ ਲਗਾ ਕੇ ਹੱਕੀ ਮੰਗਾਂ ਲਈ ਨਾਹਰੇ ਬੁਲੰਦ ਕਰਦਿਆਂ ਕਿਸਾਨ ਆਗੂਆਂ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਦਾ ਜੱਥਾ ਰਵਾਨਾ ਹੋਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਦੇਸ਼ ਦੇ ਭਵਿੱਖ ਅਤੇ ਕਿਸਾਨੀ ਅਤੇ ਜਵਾਨੀ ਦੀ ਹੋਂਦ ਬਚਾਉਣ ਲਈ ਮੋਕਾ ਪ੍ਰਸਤ ਸਰਕਾਰਾਂ ਖਿਲਾਫ ਹਰ ਸੰਘਰਸ਼ ਵਿਚ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ।