27 ਸਾਲਾਂ ਬਾਅਦ ਵਿਸ਼ਵ ਸੁੰਦਰੀ ਮੁਕਾਬਲੇ ਦੀ ਮੇਜ਼ਬਾਨੀ ਕਰੇਗਾ ਭਾਰਤ

ਨਵੀਂ ਦਿੱਲੀ (ਸਮਾਜ ਵੀਕਲੀ)  : ਇਸ ਸਾਲ ਹੋਣ ਵਾਲਾ 71ਵਾਂ ਵਿਸ਼ਵ ਸੁੰਦਰੀ ਮੁਕਾਬਲਾ ਭਾਰਤ ਵਿੱਚ ਕਰਵਾਇਆ ਜਾਵੇਗਾ। ਇਹ ਮੁਕਾਬਲਾ ਇਸ ਸਾਲ ਨਵੰਬਰ ਮਹੀਨੇ ਵਿੱਚ ਕਰਵਾਇਆ ਜਾਵੇਗਾ, ਭਾਰਤ ਲਗਪਗ ਤਿੰਨ ਦਹਾਕਿਆਂ ਬਾਅਦ ਮੁੜ ਇਸ ਕੌਮਾਂਤਰੀ ਮੁਕਾਬਲੇ ਦੀ ਮੇਜ਼ਬਾਨੀ ਕਰੇਗਾ, ਪਿਛਲੀ ਵਾਰ ਭਾਰਤ ਨੇ 1996 ਵਿੱਚ ਮੇਜ਼ਬਾਨੀ ਕੀਤੀ ਸੀ। ਵਿਸ਼ਵ ਸੁੰਦਰੀ ਆਰਗੇਨਾਈਜ਼ੇਸ਼ਨ ਦੀ ਚੇਅਰਪਰਸਨ ਅਤੇ ਸੀਈਓ ਜੂਲੀਆ ਮੋਰਲੇ ਨੇ ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘ਮੈਨੂੰ ਇਹ ਐਲਾਨ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਸ ਵਾਰ ਦੇ ਵਿਸ਼ਵ ਸੁੰਦਰੀ ਮੁਕਾਬਲੇ ਦਾ ਫਾਈਨਲ ਭਾਰਤ ਵਿੱਚ ਕਰਵਾਇਆ ਜਾਵੇਗਾ। ਅਸੀਂ ਭਾਰਤ ਦੇ ਨਿਵੇਕਲੇ ਸਭਿਆਚਾਰ ਅਤੇ ਸੰਸਕ੍ਰਿਤੀ ਨੂੰ ਪੂਰੀ ਦੁਨੀਆਂ ਸਾਹਮਣੇ ਰੱਖਣ ਲਈ ਬੇਤਾਬ ਹਾਂ।’

ਇਸ ਮੁਕਾਬਲੇ ਦੇ ਫਾਈਨਲ ਵਿੱਚ 130 ਦੇਸ਼ਾਂ ਦੀਆਂ ਜੇਤੂ ਮੁਟਿਆਰਾਂ ਇੱਕ ਮਹੀਨੇ ਲਈ ਭਾਰਤ ਆਉਣਗੀਆਂ। ਇੱਕ ਮਹੀਨਾ ਚੱਲਣ ਵਾਲੇ ਇਸ ਮੁਕਾਬਲੇ ਦੌਰਾਨ ਮੁਟਿਆਰਾਂ ਦੇ ਕਈ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਹੁਨਰ ਪ੍ਰਦਰਸ਼ਨ, ਖੇਡਾਂ ਦੇ ਮੁਕਾਬਲੇ ਤੇ ਭਲਾਈ ਕਾਰਜ ਵੀ ਸ਼ਾਮਲ ਹਨ। ਮੌਜੂਦਾ ਵਿਸ਼ਵ ਸੁੰਦਰੀ ਪੋਲੈਂਡ ਦੀ ਕੈਰੋਲੀਨਾ ਬੇਲਾਵਸਕਾ ਵੀ ਭਾਰਤ ਪਹੁੰਚੀ ਹੋਈ ਹੈ। ਕੈਰੋਲੀਨਾ ਨੇ ਕਿਹਾ, ‘ਮੇਜ਼ਬਾਨੀ ਕਰਨ ਵਿੱਚ ਭਾਰਤ ਸਭ ਤੋਂ ਅੱਗੇ ਹੈ…ਇਹ ਭਾਰਤ ਦਾ ਮੇਰਾ ਦੂਜਾ ਗੇੜਾ ਹੈ…ਤੇ ਇੱਥੇ ਸਭ ਨੇ ਮੈਨੂੰ ਇਹ ਮਹਿਸੂਸ ਕਰਵਾਇਆ ਹੈ, ਜਿਵੇਂ ਮੈਂ ਆਪਣੇ ਘਰ ਵਿੱਚ ਹੀ ਹੋਵਾਂ…ਇਥੇ ਸਾਰੇ ਹਾਲੇ ਵੀ ਅਨੇਕਤਾ ਵਿੱਚ ਏਕਤਾ ਦੇ ਮੁੱਲਾਂ ’ਤੇ ਕਾਇਮ ਹਨ…ਅਸੀਂ ਸਾਰੇ ਵਿਸ਼ਵ ਨੂੰ ਇੱਥੋਂ ਦੇ ਪਰਿਵਾਰ, ਪਿਆਰ, ਇੱਜ਼ਤ, ਦਿਆਲਤਾ ਤੇ ਚੰਗਿਆਈ ਦਿਖਾਉਣੀ ਚਾਹੁੰਦੇ ਹਾਂ।’ ਇਸ ਮੌਕੇ ਮੌਜੂਦਾ ਮਿਸ ਇੰਡੀਆ ਸਿਨੀ ਸ਼ੈੱਟੀ ਨੇ ਕਿਹਾ, ‘ਮੈਂ ਦੁਨੀਆ ਭਰ ਦੀਆਂ ਆਪਣੀਆਂ ਭੈਣਾਂ ਨੂੰ ਮਿਲਣ ਲਈ ਉਤਸੁਕ ਹਾਂ। ਮੈਂ ਉਨ੍ਹਾਂ ਨੂੰ ਭਾਰਤ ਅਤੇ ਇਸ ਦੇ ਅਸਲੀ ਰੰਗਾਂ ਨਾਲ ਜਾਣੂ ਕਰਵਾਉਣਾ ਚਾਹੁੰਦੀ ਹਾਂ।’ ਜ਼ਿਕਰਯੋਗ ਹੈ ਕਿ ਭਾਰਤ ਹੁਣ ਤੱਕ ਛੇ ਵਾਰ ਇਹ ਸਨਮਾਨ ਆਪਣੀ ਝੋਲੀ ਪੁਆ ਚੁੱਕਿਆ ਹੈ: ਰੀਟਾ ਫਾਰੀਆ (1966), ਐਸ਼ਵਰਿਆ ਰਾਏ (1994), ਡਿਆਨਾ ਹੇਡਨ (1997), ਯੁਕਤਾ ਮੁਖੀ (1999), ਪ੍ਰਿਅੰਕਾ ਚੋਪੜਾ (2000) ਅਤੇ ਮਾਨੂਸ਼ੀ ਛਿੱਲਰ (2017)।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleModi holds telephonic conversation with Saudi Arabian counterpart
Next articleਆਲਮੀ ਪੱਧਰ ’ਤੇ ਭਾਰਤ ਜ਼ਿੰਮੇਵਾਰ ਵਿਕਾਸਸ਼ੀਲ ਭਾਈਵਾਲ ਵਜੋਂ ਜਾਣਿਆ ਜਾਂਦਾ ਹੈ: ਮੁਰਮੂ