ਭਾਰਤ ਨੇ ਕੰਧਾਰ ਤੋਂ ਦੂਤਾਵਾਸ ਦਾ ਅਮਲਾ ਵਾਪਸ ਸੱਦਿਆ

ਨਵੀਂ ਦਿੱਲੀ, (ਸਮਾਜ ਵੀਕਲੀ): ਭਾਰਤ ਨੇ ਅਫ਼ਗਾਨਿਸਤਾਨ ਦੇ ਕੰਧਾਰ ਸਥਿਤ ਆਪਣੇ ਦੂਤਾਵਾਸ ਦੇ 50 ਕੂਟਨੀਤਕਾਂ ਤੇ ਸੁਰੱਖਿਆ ਕਰਮੀਆਂ ਨੂੰ ਵਾਪਸ ਸੱਦ ਲਿਆ ਹੈ। ਇਹ ਕਦਮ ਵਿਗੜ ਰਹੀ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਦੱਖਣੀ ਅਫ਼ਗਾਨਿਸਤਾਨ ਦੇ ਇਸ ਸ਼ਹਿਰ ਨੇੜਲੇ ਇਲਾਕਿਆਂ ’ਤੇ ਤਾਲਿਬਾਨ ਦਾ ਕਬਜ਼ਾ ਵੱਧ ਰਿਹਾ ਹੈ। ਭਾਰਤੀ ਹਵਾਈ ਸੈਨਾ ਦਾ ਇਕ ਵਿਸ਼ੇਸ਼ ਜਹਾਜ਼ ਸ਼ਨਿਚਰਵਾਰ ਭਾਰਤੀ ਕੂਟਨੀਤਕਾਂ ਨੂੰ ਵਾਪਸ ਲਿਆਉਣ ਲਈ ਭੇਜਿਆ ਗਿਆ ਸੀ। ਇਸ ਰਾਹੀਂ ਅਧਿਕਾਰੀ ਤੇ ਹੋਰ ਸਟਾਫ਼ ਮੈਂਬਰ ਵੀ ਪਰਤੇ ਹਨ। ਇਨ੍ਹਾਂ ਵਿਚ ਆਈਟੀਬੀਪੀ ਦੇ ਜਵਾਨ ਵੀ ਸ਼ਾਮਲ ਹਨ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਦੇ ਮੁਲਾਜ਼ਮਾਂ ਨੂੰ ਹਾਲ ਦੀ ਘੜੀ ਵਾਪਸ ਲਿਆਂਦਾ ਗਿਆ ਹੈ ਕਿ ਕਿਉਂਕਿ ਕੰਧਾਰ ਸ਼ਹਿਰ ਨੇੜੇ ਜ਼ੋਰਦਾਰ ਲੜਾਈ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਆਰਜ਼ੀ ਤੌਰ ਉਤੇ ਚੁੱਕਿਆ ਗਿਆ ਹੈ ਤੇ ਦੂਤਾਵਾਸ ਸਥਾਨਕ ਸਟਾਫ਼ ਮੈਂਬਰਾਂ ਨਾਲ ਕੰਮ ਕਰਦਾ ਰਹੇਗਾ। ਬੁਲਾਰੇ ਨੇ ਕਿਹਾ ਕਿ ਅਹਿਮ ਭਾਈਵਾਲ ਵਜੋਂ ਭਾਰਤ ਸ਼ਾਂਤੀਪੂਰਨ, ਆਜ਼ਾਦ ਤੇ ਲੋਕਤੰਤਰਿਕ ਅਫ਼ਗਾਨਿਸਤਾਨ ਲਈ ਵਚਨਬੱਧ ਹੈ। ਜ਼ਿਕਰਯੋਗ ਹੈ ਕਿ ਭਾਰਤ ਵੱਲੋਂ ਆਪਣੇ ਦੂਤਾਵਾਸ ਦੇ ਸਟਾਫ਼ ਨੂੰ ਸੁਰੱਖਿਆ ਲਈ ਉੱਚ ਪੱਧਰ ’ਤੇ ਖ਼ਤਰਾ ਬਣਨ ਤੋਂ ਬਾਅਦ ਵਾਪਸ ਸੱਦਿਆ ਗਿਆ ਹੈ। ਮੰਗਲਵਾਰ ਨੂੰ ਕਾਬੁਲ ਸਥਿਤ ਭਾਰਤੀ ਦੂਤਾਵਾਸ ਨੇ ਕਿਹਾ ਸੀ ਕਿ ਕੰਧਾਰ ਤੇ ਮਜ਼ਾਰ-ਏ-ਸ਼ਰੀਫ਼ ਵਿਚ ਦੂਤਾਵਾਸ ਬੰਦ ਕਰਨ ਦੀ ਕੋਈ ਯੋਜਨਾ ਨਹੀਂ ਹੈ।

ਦੋ ਦਿਨ ਪਹਿਲਾਂ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਭਾਰਤ ਅਫ਼ਗਾਨਿਸਤਾਨ ਵਿਚ ਬਣ ਰਹੀ ਸਥਿਤੀ ਦੀ ਨੇੜਿਓਂ ਨਿਗਰਾਨੀ ਕਰ ਰਿਹਾ ਹੈ। ਭਾਰਤੀ ਨਾਗਰਿਕਾਂ ਦੀ ਸੁਰੱਖਿਆ ਦੇ ਲਿਹਾਜ਼ ਨਾਲ ਫ਼ੈਸਲਾ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ਵਿਚ ਪਿਛਲੇ ਕੁਝ ਹਫ਼ਤਿਆਂ ਦੌਰਾਨ ਲੜੀਵਾਰ ਅਤਿਵਾਦੀ ਹਮਲੇ ਹੋਏ ਹਨ। ਅਮਰੀਕਾ ਲੰਮੇ ਸਮੇਂ ਬਾਅਦ ਆਪਣੀ ਫ਼ੌਜ ਨੂੰ ਅਫ਼ਗਾਨਿਸਤਾਨ ਵਿਚੋਂ ਕੱਢ ਰਿਹਾ ਹੈ ਤੇ ਅਗਸਤ ਤੱਕ ਇਸ ਕਾਰਵਾਈ ਨੂੰ ਮੁਕੰਮਲ ਕੀਤਾ ਜਾਵੇਗਾ।

ਰਿਪੋਰਟਾਂ ਮੁਤਾਬਕ ਵਧੀ ਹਿੰਸਾ ਦੇ ਮੱਦੇਨਜ਼ਰ ਬਲਖ਼ ਸੂਬੇ ਦੇ ਮਜ਼ਾਰ-ਏ-ਸ਼ਰੀਫ਼ ’ਚ ਦੋ ਵਿਦੇਸ਼ੀ ਦੂਤਾਵਾਸ ਬੰਦ ਹੋ ਚੁੱਕੇ ਹਨ। ਭਾਰਤੀ ਦੂਤਾਵਾਸ ਨੇ ਅਫ਼ਗਾਨਿਸਤਾਨ ਵਿਚ ਰਹਿ ਰਹੇ, ਉੱਥੇ ਜਾ ਰਹੇ ਤੇ ਕੰਮ ਕਰ ਰਹੇ ਸਾਰੇ ਭਾਰਤੀ ਨਾਗਰਿਕਾਂ ਨੂੰ ਵੱਧ ਤੋਂ ਵੱਧ ਸਾਵਧਾਨੀ ਵਰਤਣ ਲਈ ਕਿਹਾ ਹੈ। ਦੂਤਾਵਾਸ ਨੇ ਕਿਹਾ ਹੈ ਕਿ ਸਥਿਤੀ ਖ਼ਤਰਨਾਕ ਹੈ ਤੇ ਦਹਿਸ਼ਤਗਰਦ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਜ਼ਿਕਰਯੋਗ ਹੈ ਕਿ ਭਾਰਤ ਅਫ਼ਗਾਨਿਸਤਾਨ ਵਿਚ ਸ਼ਾਂਤੀ ਤੇ ਸਥਿਰਤਾ ਕਾਇਮ ਕਰਨ ਲਈ ਵੱਡੇ ਪੱਧਰ ਉਤੇ ਯਤਨ ਕਰਦਾ ਰਿਹਾ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਡੇ ਹੌਸਲੇ ਪੂਰੇ ਨੇ ਬੁਲੰਦ ਦਿੱਲੀਏ ……
Next articleਕਿਸਾਨਾਂ ਨੇ ਬੰਦੀ ਬਣਾਏ ਭਾਜਪਾ ਆਗੂ; ਸਥਿਤੀ ਤਣਾਅਪੂਰਨ