ਬਲੀਆ (ਸਮਾਜ ਵੀਕਲੀ): ਰੱਖਿਆ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਪ੍ਰਧਾਨ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਯੂਕਰੇਨ ਤੇ ਰੂਸ ਵਿਚਾਲੇ ਚੱਲ ਰਹੀ ਜੰਗ ’ਚ ਭਾਰਤ ਵਿਸ਼ਵ ਸ਼ਾਂਤੀ ਦਾ ਹਮਾਇਤੀ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭੂਮਿਕਾ ਸ਼ਲਾਘਾਯੋਗ ਹੈ ਕਿ ਭਾਰਤ ਨੇ ਨਾ ਕਦੀ ਕਿਸੇ ਮੁਲਕ ’ਤੇ ਹਮਲਾ ਕੀਤਾ ਹੈ ਅਤੇ ਨਾ ਹੀ ਕਿਸੇ ਮੁਲਕ ਦੀ ਜ਼ਮੀਨ ’ਤੇ ਕਬਜ਼ਾ ਕੀਤਾ ਹੈ।
ਅੱਜ ਬਲੀਆ ਜ਼ਿਲ੍ਹੇ ਦੇ ਬੈਰੀਆ ਵਿਧਾਨ ਸਭਾ ਹਲਕੇ ’ਚ ਇੱਕ ਚੋਣ ਰੈਲੀ ਦੌਰਾਨ ਰਾਜਨਾਥ ਸਿੰਘ ਨੇ ਕਿਹਾ, ‘ਅਸੀਂ ਵਿਸ਼ਵ ਸ਼ਾਂਤੀ ਚਾਹੁੰਦੇ ਹਾਂ ਅਤੇ ਹਰ ਕਿਸੇ ਨੂੰ ਇਹ ਸਵੀਕਾਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ’ਤੇ ਸਰਜੀਕਲ ਸਟਰਾਈਕ ਅਤੇ ਹਵਾਈ ਹਮਲੇ ਤੋਂ ਬਾਅਦ ਭਾਰਤ ਦੀ ਦੁਨੀਆ ਸਾਹਮਣੇ ਤਸਵੀਰ ਬਦਲ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਤਾਕਤ ਵਧੀ ਹੈ ਅਤੇ ਦੁਨੀਆ ਨੂੰ ਸੁਨੇਹਾ ਮਿਲਿਆ ਹੈ ਕਿ ਜੇਕਰ ਭਾਰਤ ਨੂੰ ਹੁਣ ਕੋਈ ਛੇੜੇਗਾ ਤਾਂ ਉਹ ਉਸ ਨੂੰ ਛੱਡੇਗਾ ਨਹੀਂ। ਉਨ੍ਹਾਂ ਕਿਹਾ ਕਿ ਰੱਖਿਆ ਖੇਤਰ ’ਚ ਭਾਰਤ ਜਲਦੀ ਹੀ ਆਤਮ ਨਿਰਭਰ ਬਣ ਜਾਵੇਗਾ ਅਤੇ ਜਲਦੀ ਹੀ ਰੱਖਿਆ ਉਪਕਰਨ ਦਰਾਮਦ ਕਰਨ ਦੀ ਥਾਂ ਬਰਾਮਦ ਕਰਨ ਵਾਲਾ ਮੁਲਕ ਬਣ ਜਾਵੇਗਾ। ਭਾਜਪਾ ਆਗੂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਜਨਤਾ ਨਵਾਂ ਇਤਿਹਾਸ ਲਿਖਣ ਜਾ ਰਹੀ ਹੈ ਅਤੇ ਸਿਆਸੀ ਮਾਹਿਰ ਇਸ ਨਤੀਜੇ ’ਤੇ ਪੁੱਜੇ ਹਨ ਕਿ ਯੂਪੀ ’ਚ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਉਨ੍ਹਾਂ ਕਿਹਾ ਹੁਣ ਉੱਤਰ ਪ੍ਰਦੇਸ਼ ’ਚ ਮੋਦੀ ਦੇ ਵਿਜ਼ਨ, ਯੋਗੀ ਦੇ ਮਿਸ਼ਨ ਤੇ ਜਨਤਾ ਦੇ ਸਹਿਯੋਗ ਨਾਲ ਟ੍ਰਿੱਪਲ ਇੰਜਣ ਸਰਕਾਰ ਬਣੇਗੀ। ਪ੍ਰਧਾਨ ਮੰਤਰੀ ਮੋਦੀ ਨੂੰ ‘ਸੱਚਾ ਸਮਾਜਵਾਦੀ’ ਕਰਾਰ ਦਿੰਦਿਆਂ ਰਾਜਨਾਥ ਨੇ ਕਿਹਾ ਕਿ ਯੂਪੀ ’ਚ ਕਿਸੇ ਵੀ ਪਾਰਟੀ ਨੇ ਲਗਾਤਾਰ ਦੋ ਵਾਰੀ ਸਰਕਾਰ ਨਹੀਂ ਬਣਾਈ ਪਰ ਭਾਜਪਾ ਇਹ ਕਰਨ ਜਾ ਰਹੀ ਹੈ।
ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਤੋਂ ਪਹਿਲੀਆਂ ਸਰਕਾਰਾਂ ਨੇ ਸਿਰਫ਼ ਘਪਲੇ ਕੀਤੇ ਅਤੇ ਮਾਫੀਆ ਤੇ ਗੁੰਡਿਆਂ ਦੀ ਪੁਸ਼ਤਪਨਾਹੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਰਕਾਰਾਂ ਨੇ ਅਤਿਵਾਦੀਆਂ ਖ਼ਿਲਾਫ਼ ਕੇਸ ਵੀ ਰੱਦ ਕੀਤੇ। ਉਨ੍ਹਾਂ ਕਿਹਾ, ‘ਪਿਛਲੀਆਂ ਸਰਕਾਰਾਂ ’ਚ ਕਈ ਤਰ੍ਹਾਂ ਦੇ ਘੁਟਾਲੇ ਹੋਏ। ਖਣਨ ਘੁਟਾਲੇ ਤੋਂ ਲੈ ਕੇ ਐਂਬੂਲੈਂਸ ਘੁਟਾਲੇ ਤੇ ਰਿਵਰ ਫਰੰਟ ਘੁਟਾਲੇ ਹੋਏ। ਮੋਦੀ ਤੇ ਯੋਗੀ ਸਰਕਾਰ ਖ਼ਿਲਾਫ਼ ਕੋਈ ਵੀ ਅਜਿਹੀ ਉਂਗਲ ਨਹੀਂ ਚੁੱਕ ਸਕਦਾ।’ ਬਲੀਆ ਵਿਧਾਨ ਸਭਾ ਹਲਕੇ ਲਈ ਵੋਟਾਂ 3 ਮਾਰਚ ਨੂੰ ਪੈਣੀਆਂ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly