ਨਵੀਂ ਦਿੱਲੀ (ਸਮਾਜ ਵੀਕਲੀ) : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ ਨਾਲ ਬਾਕੀ ਰਹਿੰਦੇ ਮੁੱਦਿਆਂ ਦੇ ਫੌਰੀ ਹੱਲ ਲਈ ਦੋਵੇਂ ਮੁਲਕਾਂ ਨੂੰ ਰਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੀਨ ਨੂੰ ਭਾਰਤ ਨਾਲ ਆਪਣੇ ਸਬੰਧਾਂ ਨੂੰ ਤੀਜੇ ਮੁਲਕ ਦੇ ਨਜ਼ਰੀਏ ਨਾਲ ਦੇਖਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਦੁਸ਼ਾਂਬੇ ’ਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਸਿਖਰ ਸੰਮੇਲਨ ਦੌਰਾਨ ਦੋਵੇਂ ਵਿਦੇਸ਼ ਮੰਤਰੀਆਂ ਨੇ ਖ਼ਿੱਤੇ ਦੇ ਮੌਜੂਦਾ ਹਾਲਾਤ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇਸ ਗੱਲ ’ਤੇ ਸਹਿਮਤੀ ਜਤਾਈ ਕਿ ਦੋਵੇਂ ਮੁਲਕਾਂ ਦੇ ਫ਼ੌਜੀ ਅਤੇ ਕੂਟਨੀਤਕ ਅਧਿਕਾਰੀਆਂ ਨੂੰ ਦੁਬਾਰਾ ਗੱਲਬਾਤ ਕਰਕੇ ਬਾਕੀ ਰਹਿੰਦੇ ਮਸਲਿਆਂ ਨੂੰ ਫੌਰੀ ਸੁਲਝਾਉਣ ਲਈ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ।
ਜੈਸ਼ੰਕਰ ਨੇ ਵਾਂਗ ਯੀ ਨੂੰ ਕਿਹਾ ਕਿ ਭਾਰਤ ਨੇ ‘ਸੱਭਿਆਤਾਵਾਂ ਦੇ ਟਕਰਾਅ ਦੇ ਸਿਧਾਂਤ’ ਦਾ ਕਦੇ ਵੀ ਸਮਰਥਨ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ-ਚੀਨ ਸਬੰਧਾਂ ਰਾਹੀਂ ਜੋ ਮਿਸਾਲ ਕਾਇਮ ਹੋਵੇਗੀ, ਏਸ਼ਿਆਈ ਇਕਜੁੱਟਤਾ ਉਸੇ ’ਤੇ ਨਿਰਭਰ ਕਰੇਗੀ। ਜੈਸ਼ੰਕਰ ਨੇ ਆਪਣੇ ਬਿਆਨ ’ਚ ‘ਇਕ ਤੀਜੇ ਮੁਲਕ’ ਦਾ ਜ਼ਿਕਰ ਕੀਤਾ ਹੈ ਜਦਕਿ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ’ਚ ‘ਤੀਜੇ ਮੁਲਕਾਂ’ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਦੱਸਿਆ ਜਾਂਦਾ ਹੈ ਕਿ ਦੋਵੇਂ ਆਗੂਆਂ ਨੇ ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਉਥੋਂ ਦੇ ਘਟਨਾਕ੍ਰਮ ਬਾਰੇ ਵੀ ਵਿਚਾਰ ਸਾਂਝੇ ਕੀਤੇ। ਉਧਰ ਚੀਨ ਨੇ ਕਿਹਾ ਹੈ ਕਿ ਉਹ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੇ ਬਿਆਨ ਤੋਂ ਸਹਿਮਤ ਹਨ ਕਿ ਪੇਈਚਿੰਗ ਨੂੰ ਭਾਰਤ ਨਾਲ ਸਬੰਧਾਂ ਬਾਰੇ ਕਿਸੇ ਤੀਜੇ ਮੁਲਕ ਦੇ ਨਜ਼ਰੀਏ ਨਾਲ ਨਹੀਂ ਦੇਖਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਹੈ ਕਿ ਭਾਰਤ-ਚੀਨ ਸਬੰਧਾਂ ਦਾ ਆਪਣਾ ‘ਯਥਾਰਥਕ ਤਰਕ’ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਜ਼ਾਓ ਲਿਜਿਆਨ ਨੇ ਸ੍ਰੀ ਜੈਸ਼ੰਕਰ ਦੇ ਬਿਆਨ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਚੀਨ ਅਤੇ ਭਾਰਤ ਦੋਵੇਂ ਅਹਿਮ ਏਸ਼ਿਆਈ ਮੁਲਕ ਹਨ ਅਤੇ ਦੋਵੇਂ ਮੁਲਕਾਂ ਦੇ ਸਬੰਧ ਕਿਸੇ ਤੀਜੀ ਧਿਰ ਨੂੰ ਕਦੇ ਵੀ ਨਿਸ਼ਾਨਾ ਨਹੀਂ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਨਾਲ ਲਗਦੇ ਸਰਹੱਦੀ ਇਲਾਕਿਆਂ ’ਚ ਹਾਲਾਤ ਹੌਲੀ ਹੌਲੀ ਆਮ ਵਰਗੇ ਹੁੰਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਨੂੰ ਹਾਲਾਤ ਸਥਿਰ ਬਣਾਉਣ ਲਈ ਨਿਯਮਤ ਗੱਲਬਾਤ ਦਾ ਆਧਾਰ ਬਣਾਉਣਾ ਚਾਹੀਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly