ਭਾਰਤ ਤੇ ਯੂਕੇ ਵੱਲੋਂ ਮੁਕਤ ਵਪਾਰ ਸਮਝੌਤੇ ਬਾਰੇ ਸ਼ਰਤਾਂ ਤੈਅ

ਨਵੀਂ ਦਿੱਲੀ, (ਸਮਾਜ ਵੀਕਲੀ):  ਭਾਰਤ ਤੇ ਯੂਕੇ ਨੇ ਤਜਵੀਜ਼ਤ ਮੁਕਤ ਵਪਾਰ ਸਮਝੌਤੇ ਦੀਆਂ ਸ਼ਰਤਾਂ ਅੱਜ ਰਸਮੀ ਤੌਰ ’ਤੇ ਤੈਅ ਕਰ ਲਈਆਂ ਹਨ। ਇਸ ਸਮਝੌਤੇ ਨਾਲ ਸਾਲ 2030 ਤੱਕ ਦੁਵੱਲਾ ਵਪਾਰ ਲਗਪਗ ਦੁੱਗਣਾ ਕਰਨ ਵਿੱਚ ਮਦਦ ਮਿਲੇਗੀ ਤੇ ਦੋਵਾਂ ਦੇਸ਼ਾਂ ਵਿਚਾਲੇ ਆਰਥਿਕ ਸਬੰਧਾਂ ਨੂੰ ਹੁਲਾਰਾ ਮਿਲੇਗਾ। ਮੁਕਤ ਵਪਾਰ ਸਮਝੌਤੇ ਨੂੰ ਲੈ ਕੇ ਸ਼ਰਤਾਂ ਅੱਜ ਇਥੇ ਵਣਜ ਤੇ ਸਨਅਤ ਮੰਤਰੀ ਪਿਊਸ਼ ਗੋਇਲ ਤੇ ਕੌਮਾਂਤਰੀ ਵਪਾਰ ਬਾਰੇ ਯੂਕੇ ਦੀ ਰਾਜ ਮੰਤਰੀ ਐਨੀ ਮਾਰੀ ਟਰੈਵੇਲਾਨ ਨੇ ਜਾਰੀ ਕੀਤੀਆਂ। ਗੋਇਲ ਨੇ ਕਿਹਾ ਕਿ ਮੁਕਤ ਵਪਾਰ ਸਮਝੌਤੇ ਦੀਆਂ ਸ਼ਰਤਾਂ ਨੂੰ ਅੰਤਿਮ ਰੂਪ ਦੇਣ ਮਗਰੋਂ ਦੋਵਾਂ ਮੁਲਕਾਂ ਨੇ ਇਨ੍ਹਾਂ ਦੀ ਤਾਈਦ ਕੀਤੀ ਹੈ। ਸ੍ਰੀ ਗੋਇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁਕਤ ਵਪਾਸ ਸਮਝੌਤੇ ਤਹਿਤ ਪਹਿਲੇ ਗੇੜ ਦੀ ਗੱਲਬਾਤ 17 ਜਨਵਰੀ ਨੂੰ ਸ਼ੁਰੂ ਹੋਵੇਗੀ ਤੇ ਭਵਿੱਖ ਗੇੜਾਂ ਦੀ ਗੱਲਬਾਤ ਇਕ ਅੰਦਾਜ਼ੇ ਮੁਤਾਬਕ ਹਰ ਪੰਜ ਹਫ਼ਤਿਆਂ ਮਗਰੋਂ ਹੋਵੇਗੀ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕ ਦਸੰਬਰ 2022 ਤੱਕ ਗੱਲਬਾਤ ਨੂੰ ਮੁਕਾ ਲੈਣਗੇ।

ਗੋਇਲ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਸਹਿਮਤੀ ਦਿੱਤੀ ਹੈ ਕਿ ਉਹ ਸ਼ੁਰੂਆਤ ਵਿੱਚ ਪਰਸਪਰ ਲਾਹੇ ਵਾਲੇ ਖੇਤਰਾਂ ਵੱਲ ਧਿਆਨ ਧਰਨਗੇ ਤੇ ਇਸ ਕੰਮ ਲਈ , ‘‘ਅਸੀਂ ਅਗਲੇ ਕੁਝ ਮਹੀਨਿਆਂ ਅਕਰਾਮਕ ਸਮੇਂ ਸੀਮਾ ਨਿਰਧਾਰਿਤ ਕੀਤੀ ਹੈ….ਸ਼ੁਰੂਆਤੀ ਗੇੜ ਵਿੱਚ ਅਸੀਂ ਆਸਾਨੀ ਨਾਲ ਵਾਸਤਵਿਕ ਸਮਝੌਤਾ ਤਿਆਰ ਕਰ ਲਵਾਂਗੇ।’’ ਪਿਊਸ਼ ਨੇ ਕਿਹਾ ਕਿ ਉਹ ਸਾਲ ਦੇ ਅੰਦਰ ਸਮਝੌਤੇ ਨੂੰ ਅਮਲੀ ਰੂਪ ਦੇ ਦੇਣਗੇ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਚਮੜਾ, ਕੱਪੜਾ, ਗਹਿਣੇ ਤੇ ਪ੍ਰੋਸੈਸਡ ਖੇਤੀ ਉਤਪਾਦਾਂ ਨਾਲ ਜੁੜੀਆਂ ਭਾਰਤੀ ਬਰਾਮਦਾਂ ਨੂੰ ਹੁਲਾਰਾ ਦੇਣ ਵਿੱਚ ਸਹਾਈ ਹੋਵੇਗਾ। ਉਧਰ ਟਰੈਵੇਲਾਨ ਨੇ ਕਿਹਾ ਕਿ ਉਨ੍ਹਾਂ ਨੇ ਇਸ ਦਹਾਕੇ ਦੇ ਅੰਤ ਤੱਕ ਦੋਵਾਂ ਮੁਲਕਾਂ ਦਰਮਿਆਨ ਵਪਾਰ ਨੂੰ ਦੁੱਗਣਾ ਕਰਨ ਦਾ ਟੀਚਾ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਨਾਲ ਦੋਵਾਂ ਮੁਲਕਾਂ ਦੇ ਆਰਥਿਕ ਰਿਸ਼ਤਿਆਂ ਨੂੰ ਨਵੀਂ ਦਿਸ਼ਾ ਤੇ ਨਵੀਂ ਉਚਾਈ ਮਿਲੇਗੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਨ ਬਲਾਤਕਾਰ ਮਾਮਲੇ ’ਚੋਂ ਬਿਸ਼ਪ ਫਰੈਂਕੋ ਮੁਲੱਕਲ ਬਰੀ
Next articleਭਾਜਪਾ ਤੇ ਅਮਰਿੰਦਰ ’ਚ ਸੀਟ ਵੰਡ ਸਬੰਧੀ ਪੇਚ ਫਸਿਆ