ਚੰਡੀਗੜ੍ਹ (ਸਮਾਜ ਵੀਕਲੀ): ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਬੁਢਾਪਾ, ਵਿਧਵਾ ਪੈਨਸ਼ਨ ਅਤੇ ਵੱਖ-ਵੱਖ ਸਮਾਜਿਕ ਸੁਰੱਖਿਆ ਯੋਜਨਾ ਅਧੀਨ ਦਿੱਤੇ ਜਾਣ ਵਾਲੇ ਭੱਤਿਆਂ ਨੂੰ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਕੈਬਨਿਟ ਨੇ ਹਰਿਆਣਾ ਲੋਕ ਸੇਵਾ ਆਯੋਗ ਵਿੱਚ ਮੈਂਬਰਾਂ ਦੀ ਗਿਣਤੀ ਅੱਠ ਤੋਂ ਘਟਾ ਕੇ ਪੰਜ ਕਰ ਦਿੱਤੀ ਹੈ।
ਸੂਬੇ ਵਿੱਚ ਮਿਲਦੀ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਬੇਸਹਾਰਾ ਪੈਨਸ਼ਨ ਤੇ ਦਿਵਿਆਂਗ ਪੈਨਸ਼ਨ, ਲਾਡਲੀ ਸਮਾਜਿਕ ਸੁਰੱਖਿਆ ਭੱਤਾ, ਬੌਣਾ ਭੱਤਾ ਤੇ ਕਿੰਨਰ ਭੱਤਾ ਨੂੰ 2250 ਰੁਪਏ ਮਾਸਿਕ ਤੋਂ ਵਧਾ ਕੇ 2500 ਰੁਪਏ ਮਾਸਿਕ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਬੇਸਹਾਰਾ ਬੱਚਿਆਂ ਨੂੰ ਦਿੱਤੀ ਜਾਣ ਵਾਲੀ 1350 ਰੁਪਏ ਪ੍ਰਤੀ ਮਹੀਨਾ ਦੀ ਰਾਸ਼ੀ ਨੂੰ ਵਧਾ ਕੇ 1600 ਰੁਪਏ ਕਰ ਦਿੱਤਾ ਹੈ। ਸਕੂਲ ਨਾ ਜਾਣ ਵਾਲੇ ਦਿਵਿਆਂਗ ਬੱਚਿਆਂ ਦੀ ਵਿੱਤੀ ਸਹਾਇਤਾ ਨੂੰ 1650 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 1950 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਹੈ। ਪੈਨਸ਼ਨਾਂ ਤੇ ਭੱਤਿਆਂ ’ਚ ਵਾਧੇ ਸਬੰਧੀ ਨਵੇਂ ਹੁਕਮ 1 ਅਪਰੈਲ 2021 ਤੋਂ ਲਾਗੂ ਹੋਣਗੇ।
ਹਰਿਆਣਾ ਕੈਬਨਿਟ ਨੇ ਵਨ ਟਾਈਮ ਸੈਟਲਮੈਂਟ ਪਾਲਿਸੀ ਦੀ ਆਖਰੀ ਮਿਤੀ ਨੂੰ 30 ਸਤੰਬਰ ਤੱਕ ਵਧਾਉਣ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਅੰਤਿਮ ਤਰੀਕ 10 ਅਗਸਤ ਤੱਕ ਸੀ। ਇਸ ਨੀਤੀ ਤਹਿਤ ਹੁਣ ਤੱਕ 551 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ ਹੈ। ਕਰੋਨਾ ਦੀ ਦੂਜੀ ਲਹਿਰ ਕਾਰਨ ਦਰਪੇਸ਼ ਦਿੱਕਤਾਂ ਨਾਲ ਰੀਅਲ ਅਸਟੇਟ ਉਦਯੋਗ ਦੇ ਨਾਲ ਜ਼ਮੀਨ ਵਰਤੋਂ ਬਦਲਾਅ (ਸੀਐਲਯੂ) ਧਾਰਕਾਂ ਨੂੰ ਦੋ ਮਹੀਨੇ ਦੀ ਰਾਹਤ ਪ੍ਰਦਾਨ ਕੀਤੀ ਗਈ ਹੈ। ਕੈਬਨਿਟ ਨੇ ਹਰਿਆਣਾ ਮੋਟਰ ਵਾਹਨ ਨਿਯਮ 1993 ਵਿੱਚ ਸੋਧ ਕਰਦਿਆਂ ਟਰਾਂਸਪੋਰਟ ਵਾਹਨਾਂ ਦਾ ਰਜਿਸਟਰੇਸ਼ਨ ਡੀਲਰਾਂ ਰਾਹੀ ਕਰਵਾਉਣ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ। ਇਹ ਅਮਲ ਕੈਸ਼ਲੈੱਸ ਅਤੇ ਫੇਸਲੈੱਸ ਹੋਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly