ਰੁੱਖਾਂ ਦੀਆਂ ਜੜ੍ਹਾਂ ਵਿੱਚ ਤੇਲ ਨਹੀਂ, ਪਾਣੀ ਪਾਓ।

ਅਮਰਜੀਤ ਸਿੰਘ ਫ਼ੌਜੀ
(ਸਮਾਜ ਵੀਕਲੀ) ਚੌਰਾਹੇ ਵਿੱਚ ਖੜ੍ਹੇ,ਪਿੱਪਲ ਤੇ ਨਿੰਮ ਦੇ ਰੁੱਖਾਂ ਨੂੰ ਸਤਬੀਰ ਦੇ ਬਾਪੂ ਨੇ ਬੜੇ ਮੋਹ ਤੇ ਪਿਆਰ ਨਾਲ਼ ਪਾਲ਼ ਕੇ ਵੱਡੇ ਕੀਤਾ ਜੋ ਦੋਵੇਂ ਰੁੱਖ ਬਚਪਨ ਤੋਂ ਹੀ ਆਪਸ ਵਿੱਚ ਕਲੰਗੜੀ ਪਾਈ ਖੜ੍ਹੇ ਸਨ ਸਤਬੀਰ ਦੇ ਬਾਪੂ ਨੇ ਉਨ੍ਹਾਂ ਦੀ ਬੱਚਿਆਂ ਵਾਂਗ ਦੇਖ ਭਾਲ਼ ਤੇ ਸੇਵਾ ਕੀਤੀ ਜਿਸ ਸਦਕਾ ਉਹ ਬਚਪਨ ਤੋਂ ਜਵਾਨ ਤੇ ਜਵਾਨੀ ਤੋਂ ਵੱਡੇ ਰੁੱਖ ਬਣੇ ਜੋ ਮਨੁੱਖ ਨੂੰ ਗਰਮੀ ਤੋਂ ਬਚਣ ਲਈ ਠੰਡੀ ਛਾਂ ਤੇ ਸਾਹ ਲੈਣ ਲਈ ਹਵਾ ਦੇ ਰੂਪ ਵਿੱਚ ਆਕਸੀਜਨ ਦਿੰਦੇ। ਪਸ਼ੂਆਂ ਲਈ ਧੁੱਪ ਤੇ ਗਰਮੀ ਤੋਂ ਬਚਣ ਦਾ ਵੱਡਾ ਸਹਾਰਾ ਸਨ ਤੇ ਅਨੇਕਾਂ ਪੰਛੀਆਂ ਨੇ ਉਨ੍ਹਾਂ ਉੱਤੇ ਆਲ੍ਹਣੇ ਪਾਏ  ਹੋਏ ਸਨ ਜਦੋਂ ਪੰਛੀ ਸਵੇਰੇ ਪਹੁ ਫੁਟਾਲੇ ਚੀਂ ਚੀਂ ਕਰਦੇ ਤਾਂ ਇਹ ਕੁਦਰਤੀ ਨਜ਼ਾਰਾ ਤੱਕ ਕੇ ਸਤਬੀਰ ਦੇ ਬਾਪੂ ਨੂੰ ਬਹੁਤ ਅਨੰਦ ਆਉਂਦਾ ਤੇ ਅਪਣੇ ਆਪ ਤੇ ਮਾਣ ਮਹਿਸੂਸ ਹੁੰਦਾ ਕਿ ਉਸ ਦੀ ਮਿਹਨਤ ਤੇ ਸੇਵਾ ਸਦਕਾ ਹੀ ਇਹ ਵੱਡੇ ਰੁੱਖ ਬਣੇ ਤੇ ਅਨੇਕਾਂ ਪੰਛੀਆਂ ਦਾ ਰੈਣ ਬਸੇਰਾ ਬਣੇ । ਹੁਣ ਸਤਬੀਰ ਦਾ ਬਾਪੂ ਬੁੱਢਾਪੇ ਕਾਰਨ ਰੁੱਖਾਂ ਦੀ ਸੇਵਾ ਸੰਭਾਲ ਕਰਨ ਤੋਂ ਅਸਮਰਥ ਹੋਣ ਕਾਰਨ  ਰੁੱਖਾਂ ਦੀ ਸੇਵਾ ਸੰਭਾਲ ਖ਼ੁਦ ਹੀ ਸਤਬੀਰ ਅਪਣੇ ਬਾਪੂ ਵਾਂਗ ਕਰਨ ਲੱਗਾ ਤੇ ਉਸ ਨੇ ਉਨ੍ਹਾਂ ਦੁਆਲੇ ਇੱਕ ਥੜ੍ਹਾ ਵੀ ਬਣਵਾ ਦਿੱਤਾ ਸੀ।
ਅੱਜ ਜਦੋਂ ਸਤਬੀਰ ਕਈ ਸਾਲਾਂ ਬਾਅਦ ਵਿਦੇਸ਼ੋਂ ਪਰਤਿਆਂ ਤਾਂ ਰੁੱਖਾਂ ਦੀ ਅਧਮੋਈ ਹਾਲਤ ਦੇਖ ਕੇ ਉਸ ਦਾ ਹਿਰਦਾ ਵਲੂੰਧਰਿਆ ਗਿਆ ਕਿਉਂਕਿ ਉਨ੍ਹਾਂ ਰੁੱਖਾਂ ਦੁਆਲੇ ਅੰਧਵਿਸ਼ਵਾਸੀ ਲੋਕਾਂ ਵਲੋਂ ਰੰਗ ਬਰੰਗੀਆਂ ਖੰਮਣੀਆ ਬੰਨ੍ਹੀਆਂ ਪਈਆਂ ਸਨ ਤੇ ਟਾਹਣਿਆਂ ਨਾਲ਼ ਰੰਗ ਬਰੰਗੀਆਂ ਲੀਰਾਂ ਰੂਪੀ ਝੰਡੇ ਜਿਹੇ ਬੰਨ੍ਹੇ ਹੋਏ ਸਨ ਅਤੇ ਉਨ੍ਹਾਂ ਦੀਆਂ ਜੜ੍ਹਾਂ ਵਿੱਚ ਪਾਣੀ ਦੀ ਥਾਂ ਤੇਲ ਪਾ ਪਾ ਕੇ ਉਨ੍ਹਾਂ ਦੀ ਹਾਲਤ ਖ਼ਰਾਬ ਕੀਤੀ ਪਈ ਸੀ ਤੇ ਉਹ ਹੁਣ ਬਿਲਕੁਲ ਸੁੱਕਣ ਕਿਨਾਰੇ ਤੇ ਸਨ ਉਨ੍ਹਾਂ ਨੂੰ ਦੇਖ ਕੇ ਸਤਬੀਰ ਨੂੰ ਬਹੁਤ ਦੁੱਖ ਹੋਇਆ ਕਿਉਂਕਿ ਉਸ ਦੇ ਵਿਦੇਸ਼ ਚਲੇ ਜਾਣ ਕਰਕੇ ਕਿਸੇ ਪਖੰਡੀ ਨੇ ਉਨ੍ਹਾਂ ਦੀ ਸੇਵਾ ਕਰਨ ਦੀ ਥਾਂ ਤੇਲ ਪਾ ਕੇ ਪੂਜਾ ਕਰਨ ਦਾ ਪਖੰਡ ਸ਼ੁਰੂ ਕਰ ਦਿੱਤਾ ਤੇ ਪਿੰਡ ਦੇ ਬਹੁਤੇ ਅੰਧਵਿਸ਼ਵਾਸੀ ਲੋਕ ਇਸ ਭੇਡਚਾਲ ਦਾ ਸ਼ਿਕਾਰ ਹੋ ਗਏ ਜਿਸ ਸਦਕਾ ਦੋਵੇਂ ਰੁੱਖ ਅੱਜ ਸੁੱਕਣ ਕਿਨਾਰੇ ਪਹੁੰਚ ਗਏ।
ਤੇ ਸਤਬੀਰ ਨੇ ਹੁਣ ਫੇਰ ਉਨ੍ਹਾਂ ਦੀਆਂ ਜੜ੍ਹਾਂ ਦੀ ਤੇਲ ਵਾਲੀ ਮਿੱਟੀ ਪੁੱਟ ਕੇ ਬਾਹਰ ਸੁੱਟ ਦਿੱਤੀ ਤੇ ਨਵੀਂ ਉਪਜਾਊ ਮਿੱਟੀ ਪਾ ਕੇ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਲੋਕਾਂ ਨੂੰ ਵੀ ਸਮਝਾਉਣ ਲੱਗਾ”
ਕਿ ਓ ਅੰਧਵਿਸ਼ਵਾਸੀ ਲੋਕੋ!
ਸਾਡਾ ਜੀਵਨ ਰੁੱਖਾਂ ਕਰਕੇ ਹੀ ਸੰਭਵ ਹੈ ਰੁੱਖ ਸਾਨੂੰ ਸ਼ੁੱਧ ਹਵਾ,ਠੰਢੀ ਛਾਂ ਅਤੇ ਸਾਹ ਲੈਣ ਲਈ ਆਕਸੀਜਨ ਅਤੇ ਖਾਣ ਲਈ ਬੇਸ਼ਕੀਮਤੀ ਮਿੱਠੇ ਤੇ ਗੁਣਕਾਰੀ ਫ਼ਲ ਦਿੰਦੇ ਹਨ ਇਸ ਲਈ ਇਨ੍ਹਾਂ ਦੀ ਪੂਜਾ ਨਹੀਂ, ਸਗੋਂ ਸੇਵਾ ਕਰਨੀ ਚਾਹੀਦੀ ਹੈ।ਤੇ ਸਤਬੀਰ ਨੇ ਵੱਡਾ ਸਾਰਾ ਬੋਰਡ ਵੀ ਲਿਖਵਾ ਕੇ ਟੰਗ ਦਿੱਤਾ ਜਿਸ ਉੱਤੇ ਲਿਖਿਆ ਸੀ?
“ਜੇ ਨਾ ਰਹੇ ਰੁੱਖ ਤਾਂ ਰਹਣਾ ਨਹੀਂ ਮਨੁੱਖ “
ਇਸ ਲਈ ਰੁੱਖਾਂ ਦੀਆਂ ਜੜ੍ਹਾਂ ਵਿੱਚ ਤੇਲ ਨਹੀਂ! ਸਗੋਂ ਪਾਣੀ ਪਾਉਣਾ ਚਾਹੀਦਾ ਹੈ ਤਾਂ ਕਿ ਇਹ ਹਰੇ ਭਰੇ ਰਹਿਣ ਤੇ ਵਧ ਫੁੱਲ ਸਕਣ ਇਨ੍ਹਾਂ ਨੂੰ ਅਵਾਰਾ ਪਸ਼ੂਆਂ ਤੋਂ ਵੀ ਬਚਾ ਕੇ ਰੱਖਣਾ ਚਾਹੀਦਾ ਹੈ ਤਾਂ ਕਿ ਤੋੜ ਭੰਨ ਨਾ ਜਾਣ ਤੇ ਵੱਧ ਤੋਂ ਵੱਧ ਨਵੇਂ ਰੁੱਖ ਲਗਾਉਣੇ ਚਾਹੀਦੇ ਹਨ। ਸਤਬੀਰ ਦੀਆਂ ਇਹ ਗੱਲਾਂ ਪੜ੍ਹ ਸੁਣ ਕੇ ਅੰਧਵਿਸ਼ਵਾਸ਼ੀ ਲੋਕਾਂ ਨੂੰ ਸ਼ਰਮਿੰਦਗੀ ਮਹਿਸੂਸ ਹੋਈ ਤੇ ਪਛਤਾਉਣ ਲੱਗੇ ਤੇ ਅੱਗੇ ਤੋਂ ਜੜ੍ਹੀਂ ਤੇਲ ਪਾਉਣ ਤੋਂ ਤੌਬਾ ਕੀਤੀ ਤੇ ਵੱਧ ਤੋਂ ਵੱਧ ਰੁੱਖ ਲਾਉਣ ਦਾ ਪ੍ਰਣ ਕੀਤਾ ਤੇ ਸਮਝਾਉਣ ਲਈ ਸਤਬੀਰ ਦਾ ਧੰਨਵਾਦ ਵੀ ਕੀਤਾ।ਥੋੜੇ ਦਿਨਾਂ ਦੀ ਦੇਖਭਾਲ ਤੋਂ ਬਾਅਦ ਹੀ ਰੁੱਖ ਦੁਬਾਰਾ ਫੁੱਟਣੇ ਸ਼ੁਰੂ ਹੋ ਗਏ ਤੇ ਸਤਬੀਰ ਦੀ ਖੁਸ਼ੀ ਦਾ ਅੰਤ ਨਾ ਰਿਹਾ।
ਅਮਰਜੀਤ ਸਿੰਘ ਫ਼ੌਜੀ 
ਪਿੰਡ ਦੀਨਾ ਸਾਹਿਬ 
ਜ਼ਿਲ੍ਹਾ ਮੋਗਾ ਪੰਜਾਬ 
94174-04804
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗੁਰੂ ਨਾਨਕ ਖਾਲਸਾ ਕਾਲਜ ‘ਚ ਪੰਜਾਬੀ ਮਾਂ ਬੋਲੀ ਦਿਹਾੜਾ ਮਨਾਇਆ
Next articleਔਰਤ ਦੀ ਕਹਾਣੀ