HOME ਔਰਤ ਦੀ ਕਹਾਣੀ

ਔਰਤ ਦੀ ਕਹਾਣੀ

ਰਮੇਸ਼ ਸੇਠੀ ਬਾਦਲ
(ਸਮਾਜ ਵੀਕਲੀ) ਇਹ ਸਾਰੀਆਂ ਔਰਤਾਂ ਦੀ ਕਹਾਣੀ ਨਹੀ ਹੈ। ਨਾ ਹੀ ਇਹ ਔਰਤ ਦੇ ਧੀ, ਭੈਣ, ਮਾਂ ਦੇ ਕਿਰਦਾਰ ਦੀ ਕਹਾਣੀ ਹੈ। ਬੱਸ ਇਹ ਉਹਨਾਂ ਕੁਝ ਕੁ ਔਰਤਾਂ ਦੇ ਉਸ ਰੂਪ ਦੀ ਕਹਾਣੀ ਹੈ ਜੋ ਗ੍ਰਹਿ ਮੰਤਰੀ ਜਾਂ ਘਰ ਦੀ ਮਾਲਕਿਨ ਹੁੰਦੀਆਂ ਹਨ। ਜੋ ਪੇਕਿਆਂ ਤੋਂ ਸਹੁਰੇ ਸ਼ਿਫਟ ਹੁੰਦੀਆਂ ਹਨ। ਉਹਨਾ ਨੇ ਕੁਦਰਤੀ ਤਰੀਕੇ ਨਾਲ ਮੌਸਮ ਵਾੰਗੂ ਬਦਲਣਾ ਹੁੰਦਾ ਹੈ। ਜਿਵੇਂ ਸ਼ਾਮ ਨੂੰ ਹੋਲੀ ਹੋਲੀ ਦਿਨ ਛਿਪਦਾ ਹੈ ਤੇ ਹਨੇਰਾ ਹੁੰਦਾ ਹੈ ਜਾਂ ਸਵੇਰੇ  ਦਿਨ ਚੜ੍ਹਦਾ ਹੈ ਤੇ ਹੋਲੀ ਹੋਲੀ ਚਾਨਣ ਹੁੰਦਾ ਜਾਂਦਾ ਹੈ। ਪ੍ਰੰਤੂ ਬਿਜਲੀ ਦੀ ਸਵਿਚ ਦੇ ਔਨ ਆਫ ਵਾੰਗੂ ਯੱਕ ਦਮ ਨਹੀਂ ਬਦਲਣਾ ਹੁੰਦਾ। ਪਰ ਇਹ ਇੱਕ ਦਮ ਹੀ ਰੰਗ ਵਟਾ ਲੈਂਦੀਆਂ ਹਨ। ਇਹ੍ਹਨਾਂ ਔਰਤਾਂ ਨੇ  ਹੋਲੀ ਹੋਲੀ ਪੇਕੇ ਘਰ ਦੇ ਮੋਹ ਨੂੰ ਛੱਡਣਾ ਹੁੰਦਾ ਹੈ ਅਤੇ ਸਹੁਰੇ ਘਰ ਨੂੰ ਅਪਣਾਉਣਾ ਹੁੰਦਾ ਹੈ। ਪਰ ਇਹ ਇਸ ਨੂੰ ਉੱਨੀ ਆਸਾਨੀ ਨਾਲ ਨਹੀਂ ਕਰ ਪਾਉਂਦੀਆਂ। ਇਹ੍ਹਨਾਂ ਦਾ ਫਰਜ਼ ਆਪਣੇ ਪਤੀ ਨੂੰ ਪਿਆਰ ਨਾਲ ਆਪਣਾ ਬਣਾਉਣਾ ਹੁੰਦਾ ਹੈ। ਉਸ ਦਾ ਦਿਲ ਜਿੱਤਣਾ ਹੁੰਦਾ ਹੈ ਅਤੇ ਸਿਰਫ ਪਤੀ ਦੇ ਪਿਆਰ ਅਤੇ ਵਿਸ਼ਵਾਸ ਨੂੰ ਪਾਉਣਾ ਹੁੰਦਾ ਹੈ ਪ੍ਰੰਤੂ ਇਹ ਇੱਕ ਝਟਕੇ ਨਾਲ ਇੱਕ ਮਾਂ ਕੋਲੋੰ ਉਸਦਾ ਪੁੱਤਰ ਖੋਹਣ ਦੀ ਕੋਸ਼ਿਸ਼ ਹੀ ਨਹੀਂ ਕਰਦੀਆਂ ਸਗੋਂ ਖੋਹ ਲੈਂਦੀਆਂ ਹਨ। ਉਸਤੇ ਸਿਰਫ ਤੇ ਸਿਰਫ ਆਪਣਾ ਅਧਿਕਾਰ ਜਮਾ ਲੈਂਦੀਆਂ ਹਨ। ਇਹ੍ਹਨਾਂ ਦੇ ਫਰਜ਼ਾਂ ਵਿੱਚ ਆਪਣੇ ਜਨਮਦਾਤਾ ਅਤੇ ਉਸ ਘਰ ਦਾ ਮੋਂਹ ਛੱਡਣਾ ਤੇ ਨਵੇਂ ਘਰ ਵਿੱਚ ਨਵੇਂ ਮਾਂ ਪਿਓ ਨੂੰ ਆਪਣਾ ਬਣਾਉਣ ਦੀ ਕੋਸ਼ਿਸ਼ ਕਰਨੀ ਹੁੰਦੀ ਹੈ।  ਇਹ ਆਪਣੇ ਪੇਕਿਆਂ ਵੱਲ ਦੇ ਰਿਸ਼ਤੇਦਾਰਾਂ ਦਾ ਉੱਕਾ ਹੀ ਮੋਂਹ ਨਹੀਂ ਛੱਡਦੀਆਂ ਫਿਰ ਇਹ ਆਪਣੇ ਪਤੀ ਦੇ ਰਿਸ਼ਤੇਦਾਰਾਂ ਨਾਲ ਕਿਵੇਂ ਅਪਣੱਤ ਵਧਾਉਣ। ਇੱਥੇ ਹੀ ਇਹ ਗਲਤ ਹੁੰਦੀਆਂ ਹਨ ਤੇ ਮਾਮਲਾ ਗੜਬੜ ਕਰ ਦਿੰਦੀਆਂ ਹਨ। ਇਹ੍ਹਨਾਂ ਦੀ ਆਪਣੀ ਭੈਣ ਦੀਦੀ ਅਤੇ ਉਸਦਾ ਪਤੀ ਜੀਜੂ ਹੁੰਦਾ ਹੈ ਪ੍ਰੰਤੂ ਆਪਣੀ ਨਨਾਣ ਅਤੇ ਨਨਦੋਈਏ ਵਿਚੋਂ ਇਹ੍ਹਨਾਂ ਨੂੰ ਗੈਰ ਨਜ਼ਰ ਆਉਂਦੇ ਹਨ। ਇਹ ਉਹਨਾਂ ਦੀ ਨੇੜਤਾ ਤੇ ਵੀ ਸ਼ੱਕ ਕਰਦੀਆਂ ਹਨ। ਉਹਨਾਂ ਵੱਲ ਮੇਰ ਦੇ ਕਦਮ ਵਧਾਉਣੇ ਇਹ੍ਹਨਾਂ ਦੀ ਗੈਰਤ ਦੇ ਖਿਲਾਫ ਹੁੰਦੇ ਹਨ। ਬਹੁਤੇ ਵਾਰੀ ਇਹ ਪਤੀ ਨੂੰ ਪਤੀ ਵਜੋਂ ਨਹੀਂ ਅਪਣਾਉਂਦੀਆਂ ਸਗੋਂ ਉਸ ਤੇ ਆਪਣਾ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਯਾਨੀ ਗੁਲਾਮ। ਹੋਲੀ ਹੋਲੀ ਇਹ ਸਿਲਸਿਲਾ ਪੱਕ ਜਾਂਦਾ ਹੈ। ਇਹ ਇਸਨੂੰ ਆਪਣੀ ਸਫਲਤਾ ਸਮਝਦੀਆਂ ਹਨ ਪ੍ਰੰਤੂ ਹੁੰਦੀ ਇਹ ਗਿਰਾਵਟ ਹੀ ਹੈ। ਅਸਫਲਤਾ ਹੁੰਦੀ ਹੈ।
ਇਹ੍ਹਨਾਂ ਦਾ ਆਪਣਾ ਭਰਾ ਵੀਰ ਹੁੰਦਾ ਹੈ ਤੇ ਦੇਵਰ ਜੇਠ ਸ਼ਰੀਕ। ਇਹ ਆਪਣੇ ਮਾਪਿਆਂ ਦੇ ਝੂਠ ਨੂੰ ਸੱਚ ਅਤੇ ਪਤੀ ਦੇ ਮਾਪਿਆਂ ਦੇ ਸੱਚ ਨੂੰ ਝੂਠ ਮੰਨਣ ਵਿੱਚ ਵਿਸ਼ਵਾਸ ਕਰਦੀਆਂ ਹਨ। ਇੱਥੇ ਹੀ ਬੱਸ ਨਹੀਂ ਇਹ ਆਪਣੇ ਮਾਪਿਆਂ ਦੀ ਝਿੜਕ ਨੂੰ ਹਿਤਕਾਰੀ ਸਮਝਦੀਆਂ ਹਨ ਤੇ ਇਹ ਸੱਸ ਸਹੁਰੇ ਦੇ ਪਿਆਰ ਤੇ ਵੀ ਸ਼ੱਕ ਕਰਦੀਆਂ ਹਨ। ਉਹਨਾਂ ਦੇ ਪਿਆਰ ਵਿੱਚ ਵੀ ਇਹ੍ਹਨਾਂ ਨੂੰ ਕੋਈਂ ਗਰਜ਼ ਛੁਪੀ ਨਜ਼ਰ ਆਉਂਦੀ ਹੈ।
ਇਹ ਸਾਰੀਆਂ ਔਰਤਾਂ ਦੇ ਸਾਰੇ ਰੂਪਾਂ ਦੀ ਕਹਾਣੀ ਨਹੀਂ। ਇਹ ਸਿਰਫ ਉਹਨਾਂ ਚੁਣਿੰਦਾ ਔਰਤਾਂ ਦੀ ਕਹਾਣੀ ਹੈ ਜਿੰਨਾ ਲਈ ਆਜ਼ਾਦੀ ਦੇ ਅਰਥ ਭਿੰਨ ਹਨ।  ਇਹ ਔਰਤਾਂ ਆਪਣੀ ਬੋਲਬਾਣੀ ਨਾਲ ਜਾਂ ਜਰੂਰਤ ਤੋਂ ਵੱਧ ਬੋਲਕੇ ਆਪਣੀ ਗਲਤੀ ਨੂੰ ਵੀ ਸਹੀ ਸਿੱਧ ਕਰ ਦਿੰਦੀਆਂ ਹਨ। ਇਹ ਆਪਣੀ ਭਾਸ਼ਣ ਕਲਾ ਵਿੱਚ ਨਿਪੁੰਨ ਹੁੰਦੀਆਂ ਹਨ ਇਸੇ ਕਰਕੇ ਇਹ੍ਹਨਾਂ ਨੂੰ ਰੋਕਣਾ ਟੋਕਣਾ ਸੰਭਵ ਨਹੀਂ ਹੁੰਦਾ। ਕਿਉਂਕਿ ਇਹਨਾਂ ਦਾ ਦਬਦਬਾ ਹੀ ਇੰਨਾ ਹੁੰਦਾ ਹੈ। ਸਮਝਦਾਰ ਪਰਿਵਾਰਿਕ ਮੈਂਬਰ ਇਹ੍ਹਨਾਂ ਨਾ ਸਿੰਗ ਫਸਾਉਣ ਤੋਂ ਝਿਜਕਦਾ ਹੈ।
ਔਰਤ ਦੀ ਇਸ ਕਹਾਣੀ ਦਾ ਮਕਸਦ ਸਮੂਹ ਔਰਤਾਂ ਜਾਂ ਔਰਤ ਜਾਤੀ ਨੂੰ ਗਲਤ ਠਹਿਰਾਉਣਾ ਨਹੀਂ। ਸਗੋਂ ਔਰਤਾਂ ਦੇ ਸਮੂਹ ਵਿਚੋਂ ਅਜਿਹੀਆਂ ਔਰਤਾਂ ਦੇ ਕਿਰਦਾਰ ਨੂੰ ਸਮਾਜ ਸਾਹਮਣੇ ਲਿਆਉਣਾ ਹੈ। ਵਿਆਹ ਦੇ ਪਹਿਲੇ ਦਿਨ ਤੋਂ ਹੀ ਆਪਣੀ ਆਜ਼ਾਦ ਸੋਚ ਲੈਕੇ ਆਪਣੇ ਨਵੇਂ ਘਰ ਵਿੱਚ ਆਜ਼ਾਦੀ ਦਾ ਝੰਡਾ ਗੱਡਕੇ ਆਪਣਾ ਮਾਲਿਕਾਨਾ ਹੱਕ ਸਥਾਪਿਤ ਕਰਨ ਦੀ ਪਰੰਪਰਾ ਦਿਨ ਬ ਦਿਨ ਵੱਧ ਰਹੀ ਹੈ ਅਤੇ ਆਪਣੇ ਆਸੇ ਪਾਸੇ ਪਨਪ ਰਹੇ ਇਸ ਅਜੀਬ ਵਰਤਾਰੇ ਕਾਰਨ ਬਹੁਤੇ ਨੌਜਵਾਨ ਵਿਆਹ ਸ਼ਬਦ ਤੋਂ ਦੂਰ ਹੋ ਰਹੇ ਹਨ।
ਵਿਆਹ ਇੱਕ ਪਾਸਪੋਰਟ ਅਤੇ ਵੀਜ਼ੇ ਅਧਾਰਿਤ ਪ੍ਰਕਿਰਿਆ ਹੈ। ਜਿਸ ਵਿੱਚ ਦੋਹਾਂ ਪਰਿਵਾਰਾਂ ਦੀ ਸਹਿਮਤੀ ਹੀ ਅਧਾਰ ਹੁੰਦੀ ਹੈ। ਫਿਰ ਕੁਝ ਯੁਵਕ ਬਿਨਾਂ ਪਾਸਪੋਰਟ ਅਤੇ ਵੀਜ਼ੇ ਨਾਲ ਵਿਆਹ ਕਰਾਉਣ ਨੂੰ ਪਹਿਲ ਦਿੰਦੇ ਹਨ। ਉਹ ਇੱਕ ਤਰ੍ਹਾਂ ਨਾਲ ਗੈਰ ਕਨੂੰਨੀ ਰੂਪ ਵਿੱਚ ਗ੍ਰਹਿਸਤ ਵਿੱਚ ਦਾਖਿਲ ਹੁੰਦੇ ਹਨ। ਪਰ ਫਿਰ ਵੀ ਬਹੁਤੇ ਕਾਮਜਾਬ ਨਹੀਂ ਹੁੰਦੇ। ਇਹ੍ਹਨਾਂ ਹਾਲਾਤਾਂ ਵਿੱਚ ਔਰਤ ਨੂੰ ਪੀ ਆਰ ਨਹੀਂ ਮਿਲਦੀ ਤੇ ਉਸਨੂੰ ਫਿਰ ਡਿਪੋਟ ਕਰ ਦਿੱਤਾ ਜਾਂਦਾ ਹੈ ਜਾਂ ਉਹ ਆਪਣੇ ਡਿਪੋਟ ਹੋਣ ਦੀ ਚੰਗੀ ਰਾਸ਼ੀ ਲੈਕੇ ਵਿਆਹ ਦੇ ਇਸ ਪਵਿੱਤਰ ਬੰਧਨ ਨੂੰ ਤਾੜ ਤਾੜ ਕਰ ਦਿੰਦੀ ਹੈ।  ਜੋ ਸਮਾਜ ਦੇ ਹਿੱਤ ਵਿੱਚ ਨਹੀਂ। ਵੱਧਦੇ ਲੜ੍ਹਾਈ ਝਗੜੇ ਅਤੇ ਤਲਾਕ ਸਮਾਜ ਵਿੱਚ ਅਸ਼ਾਂਤੀ ਫੈਲਾ ਰਹੇ ਹਨ।
ਔਰਤਾਂ ਨੂੰ ਆਪਣੀ ਸੰਸਕ੍ਰਿਤੀ ਨੂੰ ਅਪਣਾਉਂਦੇ ਹੋਏ ਪੁਰਾਣੀਆਂ ਮਰਿਆਦਾਵਾਂ ਨੂੰ ਕਾਇਮ ਰੱਖਣਾ ਚਾਹੀਦਾ ਹੈ। ਤਾਂਕਿ ਇਹ ਵਿਆਹ ਇੱਕ ਪਵਿੱਤਰ ਬੰਧਨ ਬਣਿਆ ਰਹੇ। ਇੱਕ ਮਰਦ ਦੀ ਕਹਾਣੀ ਕਦੇ ਫਿਰ ਸ਼ਹੀ।
ਰਮੇਸ਼ ਸੇਠੀ ਬਾਦਲ
9976627233
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰੁੱਖਾਂ ਦੀਆਂ ਜੜ੍ਹਾਂ ਵਿੱਚ ਤੇਲ ਨਹੀਂ, ਪਾਣੀ ਪਾਓ।
Next articleSAMAJ WEEKLY = 20/02/2025