ਬਰਤਾਨੀਆ ਦੀਆਂ ਆਮ ਚੋਣਾਂ ਚ ਲੇਬਰ ਪਾਰਟੀ ਨੇ ਸਪੱਸ਼ਟ ਬਹੁਮਤ ਕੀਤਾ ਹਾਸਲ

ਬਰਤਾਨੀਆ ਚ ਪੋਲਿੰਗ ਸਟੇਸ਼ਨ ਦੇ ਬਾਹਰ ਆਪਣੀ ਵੋਟ ਪਾਉਣ ਦੀ ਵਾਰੀ ਦੀ ਉਡੀਕ ਕਰਦੇ ਹੋਏ ਵੋਟਰ।
*ਭਾਰਤੀ ਮੂਲ ਦੇ ਰਿਸੀ ਸੁਨਕ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਦੀ ਹੋਈ ਕਰਾਰੀ ਹਾਰ
*ਲੇਬਰ ਪਾਰਟੀ ਦੇ ਨੇਤਾ ਕੀਰ ਸਟਾਰਮਰ ਦਾ ਬਰਤਾਨੀਆ ਦਾ ਅਗਲਾ ਪ੍ਰਧਾਨ ਮੰਤਰੀ ਬਣਨਾ ਤੈਅ 
*ਪਹਿਲੀ ਵਾਰ 8 ਦੇ ਕਰੀਬ ਸਿੱਖ ਉਮੀਦਵਾਰਾਂ ਨੇ ਕੀਤੀ ਜਿੱਤ ਪ੍ਰਾਪਤ 
ਰਿਸੀ ਸੁਨਕ

ਲੈਸਟਰ (ਇੰਗਲੈਂਡ),(ਸਮਾਜ ਵੀਕਲੀ)  (ਸੁਖਜਿੰਦਰ ਸਿੰਘ ਢੱਡੇ)-ਬਰਤਤਾਨੀਆ ਚ ਕੱਲ੍ਹ 4 ਜੁਲਾਈ ਵੀਰਵਾਰ ਨੂੰ ਹੋਈਆਂ ਆਮ ਚੋਣਾਂ ਦੇ ਦੇਰ ਰਾਤ 11 ਵਜੇ ਤੋਂ ਬਾਅਦ ਰੁਝਾਨ ਆਉਂਣੇ ਸ਼ੁਰੂ ਹੋ ਗਏ ਸਨ,ਅਤੇ ਤਕਰੀਬਨ ਯੂ.ਕੇ ਦੇ ਸਮੇਂ ਅਨੁਸਾਰ ਸਵੇਰੇ 5 ਵਜੇ ਤੱਕ ਸਥਿਤੀ ਸਪੱਸ਼ਟ ਹੋ ਗਈ ਸੀ, ਸਾਹਮਣੇ ਆਏ ਚੋਣ ਨਤੀਜਿਆਂ ਅਨੁਸਾਰ ਸੱਤਾਧਾਰੀ ਪਾਰਟੀ ਕੰਜ਼ਰਵੇਟਿਵ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਲੇਬਰ ਪਾਰਟੀ ਨੇ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ।ਚੋਣ ਨਤੀਜਿਆਂ ਅਨੁਸਾਰ ਲੇਬਰ ਪਾਰਟੀ ਨੇ 650ਸੰਸਦੀ ਸੀਟਾਂ ਚੋਂ 411 ਸੀਟਾਂ ਤੇ ਜਿੱਤ ਪ੍ਰਾਪਤ ਕਰਕੇ ਭਾਰੀ ਬਹੁਮਤ ਹਾਸਲ ਕੀਤਾ ਹੈ। ਦੂਜੇ ਪਾਸੇ ਬਰਤਾਨੀਆ ਚ ਲਗਾਤਾਰ 14ਸਾਲ ਸੱਤਾ ਤੇ ਕਾਬਜ਼ ਰਹਿਣ ਵਾਲ਼ੀ ਕੰਜ਼ਰਵੇਟਿਵ ਪਾਰਟੀ ਨੂੰ ਵੋਟਰਾਂ ਦੇ ਵਿਰੋਧ ਦਾ ਸਾਹਮਣਾ ਕਰਦਿਆਂ 650ਸੀਟਾ ਚੋਂ ਸਿਰਫ਼ 119 ਸੀਟਾਂ ਤੇ ਸਿਮਟ ਕੇ ਰਹਿ ਗਈ। ਇਸੇ ਤਰ੍ਹਾਂ ਲਿਬਰਲ ਡੈਮੋਕਰੇਟਿਕ ਪਾਰਟੀ ਨੇ 71 ,ਸਕੋਟਿਸ ਨੈਸ਼ਨਲ ਪਾਰਟੀ ਨੇ 9 , ਆਇਰਲੈਂਡ ਦੀ ਪਾਰਟੀ ਸਿਨਫਿਨ ਨੇ 7 ਅਤੇ ਹੋਰ ਛੋਟੀਆਂ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਨੇ 28 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ। ਜ਼ਿਕਰਯੋਗ ਹੈ ਕਿ ਇਸ ਵਾਰ 8 ਦੇ ਕਰੀਬ ਸਿੱਖ ਉਮੀਦਵਾਰਾਂ ਨੇ ਵੀ ਜਿੱਤ ਪ੍ਰਾਪਤ ਕੀਤੀ ਹੈ, ਜਿਨ੍ਹਾਂ ਚ ਸਲੋਹ ਹਲਕੇ ਤੋਂ ਤਰਨਜੀਤ ਸਿੰਘ ਢੇਸੀ ਤੀਜੀ ਵਾਰ ਜਿੱਤ ਪ੍ਰਾਪਤ ਕਰਕੇ ਮੈਂਬਰ ਪਾਰਲੀਮੈਂਟ ਚੁਣੇ ਗਏ ਹਨ, ਇਸੇ ਤਰ੍ਹਾਂ ਸੈਡਿਵਿਲ ਤੋਂ ਲੇਬਰ ਪਾਰਟੀ ਦੇ ਗੁਰਿੰਦਰ ਸਿੰਘ ਜੋਸ਼ਨ, ਇਲਫੋਰਡ ਸਾਊਥ ਤੋਂ ਲੇਬਰ ਪਾਰਟੀ ਦੇ ਜੱਸ ਅਠਵਾਲ ਨੇ ਜਿੱਤ ਪ੍ਰਾਪਤ ਕੀਤੀ ਹੈ, ਵੂਲਵਹੈਪਟਨ ਤੋ ਲੇਬਰ ਪਾਰਟੀ ਦੇ ਹੀ ਵਰਿੰਦਰ ਸਿੰਘ ਜੱਸ ਨੇ ਜਿੱਤ ਹਾਸਲ ਕੀਤੀ ਹੈ, ਇਸੇ ਤਰ੍ਹਾਂ ਚਾਰ ਪੰਜਾਬੀ ਔਰਤਾਂ ਨੇ ਵੀ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ, ਜਿਨ੍ਹਾਂ ਚ ਬਰਮਿੰਘਮ ਐਜਵੈਸਟਨ ਤੋਂ ਪ੍ਰੀਤ ਕੌਰ ਗਿੱਲ ਜ਼ੋ ਪਹਿਲਾਂ ਵੀ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਹਨ, ਨੇ ਦੁਬਾਰਾ ਜਿੱਤ ਪ੍ਰਾਪਤ ਕੀਤੀ ਹੈ,ਸਾਊਥਹੈਪਟਨ ਤੋਂ ਲੇਬਰ ਪਾਰਟੀ ਦੀ ਸਤਬੀਰ ਕੌਰ ਨੇ ਵੀ ਜਿੱਤ ਪ੍ਰਾਪਤ ਕੀਤੀ ਹੈ। ਇਸੇ ਤਰ੍ਹਾਂ ਹਾਡਜਫੀਲਡ ਤੋਂ ਲੇਬਰ ਪਾਰਟੀ ਦੀ ਹਰਪ੍ਰੀਤ ਕੌਰ ਉੱਪਲ ਨੇ ਵੀ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ ਹੈ।ਡਡਲੀ ਹਲਕੇ ਤੋਂ ਲੇਬਰ ਪਾਰਟੀ ਦੀ ਹੀ ਸੋਨੀਆ ਕੌਰ ਕੁਮਾਰ ਨੇ ਵੀ ਜਿੱਤ ਪ੍ਰਾਪਤ ਕੀਤੀ ਹੈ। ਜੇਕਰ ਮਿੰਨੀ ਭਾਰਤ ਵਜੋਂ ਜਾਣੇ ਜਾਂਦੇ ਬਰਤਾਨੀਆ ਦੇ ਸ਼ਹਿਰ ਲੈਸਟਰ ਦੀ ਗੱਲ ਕਰੀਏ ਤਾਂ ਇਸ ਵਾਰ 35 ਸਾਲ ਬਾਅਦ ਲੇਬਰ ਪਾਰਟੀ ਨੂੰ ਲੈਸਟਰ ਈਸਟ ਹਲਕੇ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈਂ, ਇਸ ਹਲਕੇ ਤੋਂ 35ਸਾਲ ਬਾਅਦ ਕੰਜ਼ਰਵੇਟਿਵ ਪਾਰਟੀ ਨੇ ਲੇਬਰ ਪਾਰਟੀ ਦੇ ਉਮੀਦਵਾਰ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ,ਇਸ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਸ਼ਿਵਾਨੀ ਰਾਜਾ ਨੇ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਚੌਣ ਨਤੀਜਿਆਂ ਮੁਤਾਬਕ ਲੇਬਰ ਪਾਰਟੀ ਦੇ ਨੇਤਾ ਕੀਰ ਸਟਾਰਮਰ ਦੇ ਬਰਤਾਨੀਆ ਦਾ ਅਗਲਾ ਪ੍ਰਧਾਨ ਮੰਤਰੀ ਬਣਨਾ ਬਿਲਕੁਲ ਤੈਅ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਿਵ ਸੈਨਾ ਆਗੂ ‘ਤੇ ਹੋਏ ਖ਼ਤਰਨਾਕ ਹਮਲੇ ਦੀ ਕੀਤੀ ਨਿਖੇਧੀ
Next articleਕਵਿਤਾਵਾਂ