ਨੂਰਪੁਰ ਬੇਦੀ (ਸਮਾਜ ਵੀਕਲੀ): ਇੱਥੋਂ 10 ਕਿਲੋਮੀਟਰ ਦੂਰ ਸਥਿਤ ਪਿੰਡ ਅਬਿਆਣਾ ਖੁਰਦ ਵਿੱਚ ਇੱਕ ਸਹੁਰਾ ਪਰਿਵਾਰ ’ਤੇ ਕਥਿਤ ਤੌਰ ’ਤੇ ਇੱਕ ਸਾਜ਼ਿਸ਼ ਤਹਿਤ ਵਿਆਹਤਾ ਦੀ ਗਲਾ ਘੁੱਟ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਪਤੀ, ਸੱਸ, ਚਾਚਾ ਸਹੁਰਾ, ਜੇਠ ਅਤੇ ਜਠਾਣੀ ਖਿਲਾਫ਼ ਕੇਸ ਦਰਜ ਕਰ ਲਿਆ ਹੈ।
ਇਸ ਸਬੰਧੀ ਮ੍ਰਿਤਕਾ ਦੇ ਪਿਤਾ ਜਸਵਿੰਦਰ ਸਿੰਘ ਵਾਸੀ ਪਿੰਡ ਆਜ਼ਮਪੁਰ ਨੇ ਦੱਸਿਆ ਕਿ ਉਸ ਦੀ ਲੜਕੀ ਗੁਰਪ੍ਰੀਤ ਕੌਰ ਦੇ ਪਹਿਲੇ ਵਿਆਹ ਦੇ ਤਲਾਕ ਮਗਰੋਂ ਉਸ ਦਾ ਦੂਜਾ ਵਿਆਹ ਇੱਕ ਸਾਲ ਪਹਿਲਾਂ ਅਬਿਆਣਾ ਖੁਰਦ ਕੀਤਾ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਉਸ ਦਾ ਸਹੁਰਾ ਪਰਿਵਾਰ ਕੁਝ ਸਮੇਂ ਬਾਅਦ ਹੀ ਉਸ ਨੂੰ ਪ੍ਰੇਸ਼ਾਨ ਕਰਨ ਲੱਗ ਪਿਆ ਸੀ।
ਉਨ੍ਹਾਂ ਦੋਸ਼ ਲਾਇਆ ਕਿ 2 ਜੁਲਾਈ ਨੂੰ ਰਾਤ ਸਾਢੇ 8 ਵਜੇ ਉਨ੍ਹਾਂ ਦੀ ਲੜਕੀ ਨੇ ਫੋਨ ’ਤੇ ਦੱਸਿਆ ਕਿ ਉਸ ਦਾ ਜੇਠ ਲਖਵਿੰਦਰ ਸਿੰਘ, ਪਤੀ ਜਸਵਿੰਦਰ ਸਿੰਘ, ਜਠਾਣੀ ਬੇਅੰਤ ਕੌਰ, ਸੱਸ ਅਮਰਜੀਤ ਕੌਰ ਅਤੇ ਚਾਚਾ ਸਹੁਰਾ ਸੁੱਚਾ ਸਿੰਘ ਉਸ ਨਾਲ ਕਥਿਤ ਗਾਲੀ-ਗਲੋਚ ਕਰ ਰਹੇ ਹਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਉਹ ਫੋਨ ਆਉਣ ਤੋਂ ਬਾਅਦ ਤੁਰੰਤ ਆਪਣੀ ਪਤਨੀ ਕੁਲਦੀਪ ਕੌਰ ਨੂੰ ਨਾਲ ਲੈ ਕੇ ਅਬਿਆਣਾ ਖੁਰਦ ਰਾਤ ਕਰੀਬ 9 ਵਜੇ ਪਹੁੰਚ ਗਏ। ਉਨ੍ਹਾਂ ਦੋਸ਼ ਲਾਇਆ ਕਿ ਉਸ ਦੀ ਲੜਕੀ ਨੂੰ ਇੱਕ ਮੰਜੇ ’ਤੇ ਸੁੱਟਿਆ ਗਿਆ ਸੀ ਤੇ ਸੱਸ ਅਤੇ ਜਠਾਣੀ ਨੇ ਉਸ ਨੂੰ ਫੜਿਆ ਹੋਇਆ ਸੀ ਅਤੇ ਸਹੁਰਾ ਸੁੱਚਾ ਸਿੰਘ ਵੱਲੋਂ ਉਸਦੀ ਬੇਟੀ ਦਾ ਗਲਾ ਘੁੱਟਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਦੇਖ ਕੇ ਉਸ ਦੀ ਬੇਟੀ ਨੂੰ ਛੱਡ ਕੇ ਫ਼ਰਾਰ ਹੋ ਗਏ ਤੇ ਜਦੋਂ ਉਨ੍ਹਾਂ ਆਪਣੀ ਬੇਟੀ ਨੂੰ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਸਹੁਰਾ ਪਰਿਵਾਰ ’ਤੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਲੜਕੀ ਦਾ ਸਾਜ਼ਿਸ਼ ਤਹਿਤ ਕਤਲ ਕੀਤਾ ਗਿਆ ਹੈ।
ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ: ਐੱਸਐੱਚਓ
ਨੂਰਪੁਰ ਬੇਦੀ ਪੁਲੀਸ ਥਾਣੇ ਦੇ ਐੱਸਐੱਚਓ ਰਾਜੀਵ ਕੁਮਾਰ ਅਤੇ ਹਰੀਪੁਰ ਪੁਲੀਸ ਚੌਕੀ ਦੇ ਇੰਚਾਰਜ ਸੁਰੇਸ਼ ਕੁਮਾਰ ਨੇ ਦੱਸਿਆ ਕਿ ਲੜਕੀ ਦੇ ਪਿਤਾ ਦੀ ਸ਼ਿਕਾਇਤ ’ਤੇ ਪਤੀ ਜਸਵਿੰਦਰ ਸਿੰਘ, ਸੱਸ ਅਮਰਜੀਤ ਕੌਰ, ਤਿੰਨ ਹੋਰਨਾਂ ’ਤੇ ਧਾਰਾ 302 ਅਤੇ 120 ਬੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly