ਥਾਪੀ

(ਸਮਾਜ ਵੀਕਲੀ)

ਕਰ ਹਿੰਮਤ ਨਾ ਛੱਡ ਹੌਸਲਾ ਕਹਿਣਾ ਕਾਫ਼ੀ ਏ,
ਸਾਇਆ ਬਣ ਰਹਿਣਾ ਕੀ ਪਿੱਛੇ ਬਹਿਣਾ ਕਾਫ਼ੀ ਏ,
ਟੁੱਟੇ ਹੋਏ ਦਿਲ ਤਾਈਂ ਧੜਕਣ ਤੱਕ ਲਾ ਦਿੰਦੀ,
ਪਿੱਠ ਤੇ ਮਾਰੀ ਥਾਪੀ ਆਪਣਾ ਅਸਰ ਦਿਖਾ ਦਿੰਦੀ।

ਛੋਟੇ ਹੁੰਦਿਆਂ ਬਚਪਨ ਵਿੱਚ ਮਾਪੇ ਹੌਸਲਾ ਦਿੰਦੇ ਨੇ,
ਰਿੜਨ ਵਾਲੇ ਵੀ ਉੱਡਦੇ ਜਿਉਂ ਉੱਡਣ ਪਰਿੰਦੇ ਨੇ,
ਧਰਤੀ ਤੇ ਬੈਠਿਆਂ ਨੂੰ ਅੰਬਰ ਦਾ ਮਾਰਗ ਦਿਖਾ ਦਿੰਦੀ,
ਪਿੱਠ ਤੇ ਮਾਰੀ ਥਾਪੀ ਆਪਣਾ ਅਸਰ ਦਿਖਾ ਦਿੰਦੀ।

ਗੁਰੂ ਚੇਲੇ ਦਾ ਰਿਸ਼ਤਾ ਹੁੰਦਾ ਜੱਗ ਤੋਂ ਨਿਆਰਾ ਏ,
ਅਧਿਆਪਕ ਬੱਚਿਆਂ ਦਾ ਭਵਿੱਖ ਕਰਦੇ ਉਜਿਆਰਾ ਏ,
ਬਚਪਨ ਵਿੱਚ ਬਖਸ਼ੀ ਮੱਤ ਜੀਵਨ ਭਰ ਸਾਥ ਨਿਭਾ ਦਿੰਦੀ,
ਪਿੱਠ ਤੇ ਮਾਰੀ ਥਾਪੀ ਆਪਣਾ ਅਸਰ ਦਿਖਾ ਦਿੰਦੀ।

ਬੰਦਾ ਡਿੱਗਦੇ ਡਿੱਗਦੇ ਡਿੱਗਦੇ ਵੀ ਸੰਭਲ਼ ਜਾਂਦਾ,
ਪੈ ਜਾਂਦਾ ਸਿੱਧੇ ਰਸਤੇ ਵਿੱਚ ਖੁਸ਼ੀਆਂ ਮੰਗਲ ਗਾਂਦਾ,
ਜਦੋਂ ਉਂਗਲੀ ਕਿਸੇ ਰਹਿਬਰ ਦੀ ਰਾਹ ਦਿਖਾ ਦਿੰਦੀ,
ਪਿੱਠ ਤੇ ਮਾਰੀ ਥਾਪੀ ਆਪਣਾ ਅਸਰ ਦਿਖਾ ਦਿੰਦੀ।

ਆਪਣੇ ਇਸਟ ਦੀ ਜਿਹੜੇ ਪ੍ਰਾਣੀ ਮਹਿਮਾ ਗਾਉਂਦੇ ਨੇ,
ਨਾਮ ਦੀ ਕਰਦੇ ਬੰਦਗੀ ਮਨ ਚਿੰਦਿਆ ਫਲ ਪਾਉਂਦੇ ਨੇ,
ਸੰਤ ਜਨਾਂ ਦੀ ਚਰਨ ਧੂੜ ਮਸਤਕਿ ਚਮਕਾ ਦਿੰਦੀ,
ਪਿੱਠ ਤੇ ਮਾਰੀ ਥਾਪੀ ਆਪਣਾ ਅਸਰ ਦਿਖਾ ਦਿੰਦੀ।

ਸ਼ਰਨਜੀਤ ਕੌਰ ਜੋਸਨ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਲੰਧਰ ਇੰਟਰਪ੍ਰਾਈਜਜ਼ ਸੁਲਤਾਨਪੁਰ ਲੋਧੀ ਵਿਖੇ ਗਾਹਕਾਂ ਦਾ ਲੱਗਾ ਤਾਂਤਾ
Next articleਆਉ ਆਪਣੇ ਮਨਾਂ ਅੰਦਰ ਵੀ ਗਿਆਨ ,ਮੁਹੱਬਤ ਤੇ ਇਤਫ਼ਾਕ ਦੇ ਦੀਵੇ ਬਾਲ਼ੀਏ