HOME ਸਿੱਖ ਧਰਮ ’ਚ ‘ਬਸੰਤ’ ਦੀ ਮਹੱਤਤਾ ਜਾਂ ਗੁਰਬਾਣੀ ਵਿੱਚ ਬਸੰਤ ਪੰਚਮੀ...

ਸਿੱਖ ਧਰਮ ’ਚ ‘ਬਸੰਤ’ ਦੀ ਮਹੱਤਤਾ ਜਾਂ ਗੁਰਬਾਣੀ ਵਿੱਚ ਬਸੰਤ ਪੰਚਮੀ ਦਾ ਤਿਉਹਾਰ

7
 23 ਜਨਵਰੀ ਨੂੰ ਬਸੰਤ ਪੰਚਮੀ ਤੇ ਵਿਸ਼ੇਸ਼ 
   (ਸਮਾਜ ਵੀਕਲੀ)  ਸਿੱਖ ਇਤਿਹਾਸ ਵਿੱਚ ਬਸੰਤ ਦਾ ਖ਼ਾਸ ਮਹੱਤਵ ਹੈ । ਪੰਜ ਗੁਰੂ ਸਾਹਿਬਾਨਾਂ (ਸ਼੍ਰੀ ਗੁਰੂ ਨਾਨਕ ਦੇਵ ਜੀ-18 ਸ਼ਬਦ, ਸ਼੍ਰੀ ਗੁਰੂ ਅਮਰਦਾਸ ਜੀ-20 ਸ਼ਬਦ, ਸ਼੍ਰੀ ਗੁਰੂ ਰਾਮਦਾਸ ਜੀ-8 ਸ਼ਬਦ, ਸ਼੍ਰੀ ਗੁਰੂ ਅਰਜਨ ਦੇਵ ਜੀ-24 ਸ਼ਬਦ, ਸ਼੍ਰੀ ਗੁਰੂ ਤੇਗ ਬਹਾਦਰ ਜੀ-5 ਸ਼ਬਦ) ਤੇ ਚਾਰ ਭਗਤਾਂ (ਭਗਤ ਕਬੀਰ ਜੀ- 8 ਸ਼ਬਦ, ਭਗਤ ਰਾਮਾਨੰਦ ਜੀ-1 ਸ਼ਬਦ, ਭਗਤ ਨਾਮਦੇਵ ਜੀ-3 ਸ਼ਬਦ, ਭਗਤ ਰਵਿਦਾਸ ਜੀ-1 ਸ਼ਬਦ ) ਕੁੱਲ 88 ਸ਼ਬਦ ਦੀ ਪਵਿੱਤਰ ਬਾਣੀ ਬਸੰਤ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਸੰਤ ਰਾਗ 1168 ਅੰਗ ਤੋਂ 1196 ਅੰਗ ਤੱਕ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਲ 31 ਰਾਗ ਹਨ । ਬਸੰਤ ਰਾਗ 25ਵੇਂ ਨੰਬਰ ਤੇ ਹੈ । ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਬਸੰਤ ਦੀ ਕੀਰਤਨ ਚੌਂਕੀ ਦਾ ਆਰੰਭ ਲੋਹੜੀ ਵਾਲੀ ਰਾਤ ਭਾਵ (13 ਜਨਵਰੀ ਨੂੰ ) ਪੋਹ ਮਹੀਨੇ ਦੀ ਅਖੀਰਲੀ ਰਾਤ ਨੂੰ ਹੁੰਦਾ ਹੈ, ਜਦਕਿ ਬਾਕੀ ਗੁਰਦੁਆਰਿਆਂ ਵਿੱਚ ਮਾਘੀ ਵਾਲੇ ਦਿਨ ਭਾਵ ਸੰਗਰਾਂਦ ਦਿਹਾੜੇ ਅਰਦਾਸ ਕਰਕੇ ਆਰੰਭ ਕੀਤਾ ਜਾਂਦਾ ਹੈ ।  ਹੋਲੇ-ਮਹੱਲੇ ਤੱਕ ਕੀਰਤਨ ਦੀ ਅਰੰਭਤਾ ਬਸੰਤ ਰਾਗ ਦੇ ਸ਼ਬਦਾਂ ਨਾਲ ਸ਼ੁਰੂ ਕੀਤੀ ਜਾਂਦੀ ਹੈ । ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹਰੇਕ ਕੀਰਤਨ ਕਰਨ ਵਾਲੇ ਰਾਗੀ ਸਿੰਘ ਵੱਲੋਂ ਆਰੰਭ ਵਿੱਚ ਬਸੰਤ ਰਾਗ ਸੰਬੰਧੀ ਸ਼ਬਦ ਗਾਇਨ ਕੀਤੇ ਜਾਂਦੇ ਹਨ।
ਮਾਹਾ ਮਾਹ ਮੁਮਾਰਖੀ ਚੜਿਆ ਸਦਾ  ਬਸੰਤੁ ।।
ਪਰਫੜੁ ਚਿਤ ਸਮਾਲਿ ਸੋਇ ਸਦਾ ਸਦਾ ਗੋਬਿੰਦੁ ।।੧।।
ਭੋਲਿਆ ਹਉਮੈ ਸੁਰਤਿ ਵਿਸਾਰਿ ।।
  ਹਉਮੈ ਮਾਰਿ ਬੀਚਾਰਿ ਮਨ ਗੁਣ ਵਿਚਿ ਗੁਣੁ ਲੈ ਸਾਰਿ।।੧।। ਰਹਾਉ।।
( ਰਾਗੁ ਬਸੰਤੁ ਮਹਲਾ ੧ ਘਰੁ ੧, ਅੰਗ ੧੧੬੮)
ਰੁਤਿ ਆਈਲੇ ਸਰਸ ਬਸੰਤ ਮਾਹਿ।।
ਰੰਗਿ ਰਾਤੇ ਰਵਹਿ ਸਿ ਤੇਰੈ ਚਾਇ।।
ਕਿਸੁ ਪੂਜ ਚੜਾਵਉ ਲਗਉ ਪਾਇ।।੧।।
ਤੇਰਾ ਦਾਸਨਿ ਦਾਸਾ ਕਹਉ ਰਾਇ।।
ਜਗਜੀਵਨ ਜੁਗਤਿ ਨ ਮਿਲੈ ਕਾਇ।।੧।। ਰਹਾਉ।।
(ਰਾਗੁ ਬਸੰਤੁ ਮਹਲਾ ੧ ਘਰੁ ੧, ਅੰਗ ੧੧੬੮)
ਬਨਸਪਤਿ ਮਉਲੀ ਚੜਿਆ ਬਸੰਤੁ ।।
ਇਹੁ ਮਨੁ ਮਉਲਿਆ ਸਤਿਗੁਰੂ ਸੰਗਿ।।੧।।
ਤੁਮ ਸਾਚੁ ਧਿਆਵਹੁ ਮੁਗਧ ਮਨਾ ।।
ਤਾਂ ਸੁਖੁ ਪਾਵਹੁ ਮੇਰੇ  ਮਨਾ ।।੧।। ਰਹਾਉ।।
ਇਤੁ ਮਨਿ ਮਉਲਿਐ ਭਇਆ ਅਨੰਦੁ ।।
ਅੰਮ੍ਰਿਤ ਫਲੁ ਪਾਇਆ ਨਾਮੁ ਗੋਬਿੰਦ।।੨ ।।
ਏਕੋ ਏਕੁ ਸਭੁ ਆਖਿ ਵਖਾਣੈ।।
ਹੁਕਮੁ ਬੂਝੈ ਤਾਂ ਏਕੋ ਜਾਣੈ।।੩ ।।
ਕਹਤ ਨਾਨਕੁ ਹਉਮੈ ਕਹੈ ਨ ਕੋਇ।।
ਆਖਣੁ ਵੇਖਣੁ ਸਭੁ ਸਾਹਿਬ ਤੇ ਹੋਇ ।।੪।। ੨।।੧੪।।
(ਬਸੰਤੁ ਮਹਲਾ ੩, ਅੰਗ ੧੧੭੬)

ਜਿਉ ਪਸਰੀ ਸੂਰਜ ਕਿਰਣਿ ਜੋਤਿ।।
ਤਿਉ ਘਟਿ ਘਟਿ ਰਮਈਆ ਓਤਿ ਪੋਤਿ।। ੧।।
ਏਕੋ ਹਰਿ ਰਵਿਆ ਸ੍ਰਬ ਥਾਇ ।।
ਗੁਰ ਸਬਦੀ ਮਿਲੀਐ ਮੇਰੀ ਮਾਇ।।੧ ।। ਰਹਾਉ।।
ਘਟਿ ਘਟਿ ਅੰਤਰਿ ਏਕੋ ਹਰਿ ਸੋਇ।।
ਗੁਰਿ ਮਿਲਿਐ ਇਕੁ ਪ੍ਰਗਟੁ ਹੋਇ ।।੨।।
ਏਕੋ ਏਕੁ ਰਹਿਆ ਭਰਪੂਰਿ ।।
ਸਾਕਤ ਨਰ ਲੋਭੀ ਜਾਣਹਿ ਦੂਰਿ ।।੩ ।।
ਏਕੋ ਏਕੁ ਵਰਤੈ ਹਰਿ ਲੋਇ ।।
ਨਾਨਕ ਹਰਿ ਏਕੋ ਕਰੇ ਸੁ ਹੋਇ ।।੪।।੧।।
(ਰਾਗੁ ਬਸੰਤੁ ਮਹਲਾ ੪ ਘਰੁ ੧ ਇਕਤੁਕੇ, ਅੰਗ ੧੧੭੭)

ਗੁਰੁ ਸੇਵਉ ਕਰਿ ਨਮਸਕਾਰ ।।
ਆਜੁ ਹਮਾਰੈ ਮੰਗਲਚਾਰ  ।।
ਆਜੁ ਹਮਾਰੈ ਮਹਾ ਅਨੰਦ ।।
ਚਿੰਤ ਲਥੀ ਭੇਟੇ ਗੋਬਿੰਦ ।।1।।
ਆਜੁ ਹਮਾਰੈ ਗ੍ਰਿਹਿ ਬਸੰਤ।।
ਗੁਨ ਗਾਏ ਪ੍ਰਭ ਤੁਮ੍ਰ ਬੇਅੰਤ ।।੧।। ਰਹਾਉ।।
(ਬਸੰਤੁ ਮਹਲਾ ੫ ਘਰੁ ੧ ਦੁਤੁਕੇ, ਅੰਗ ੧੧੮੦)
ਦੇਖੁ ਫੂਲ ਫੂਲ ਫੂਲੇ  ।।
ਅਹੰ ਤਿਆਗ ਤਿਆਗੇ ।।
ਚਰਨ ਕਮਲ ਪਾਗੇ   ।।
ਤੁਮ ਮਿਲਹੁ ਪ੍ਰਭ ਸਭਾਗੇ ।।
ਹਰਿ ਚੇਤਿ ਮਨ ਮੇਰੇ  ।। ਰਹਾਉ ।।
ਸਘਨ ਬਾਸੁ ਕੂਲੇ ।।
ਇਕਿ ਰਹੇ ਸੂਕਿ ਕਠੂਲੇ ।।
ਬਸੰਤ ਰੁਤਿ ਆਈ   ।।
ਪਰਫੂਲਤਾ ਰਹੇ। ।।1 ।।
( ਬਸੰਤੁ ਮਹਲਾ ੫, ਅੰਗ ੧੧੮੫)

ਮਉਲੀ ਧਰਤੀ ਮਉਲਿਆ ਅਕਾਸੁ ।।
ਘਟਿ ਘਟਿ ਮਉਲਿਆ ਆਤਮ ਪ੍ਰਗਾਸੁ ।।੧।।
(ਬਸੰਤੁ ਬਾਣੀ ਭਗਤਾਂ ਕੀ।। ਕਬੀਰ ਜੀ ਘਰੁ ੧,ਅੰਗ ੧੧੯੩)
ਕਤ ਜਾਈਐ ਰੇ ਘਰ ਲਾਗੋ ਰੰਗੁ ।।
ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ ।।੧।।
(ਰਾਮਾਨੰਦ ਜੀ ਘਰੁ ੧, ਅੰਗ ੧੧੯੫)
ਤੁਝਹਿ ਸੁਝੰਤਾ ਕਛੂ ਨਾਹਿ ।।
ਪਹਿਰਾਵਾ ਦੇਖੇ ਊਭਿ ਜਾਹਿ ।।
(ਬਸੰਤੁ ਬਾਣੀ ਰਵਿਦਾਸ ਜੀ ਕੀ, ਅੰਗ ੧੧੯੬)
ਸੁਰਹ ਕੀ ਜੈਸੀ ਤੇਰੀ ਚਾਲ ।।
ਤੇਰੀ ਪੂੰਛਟ ਊਪਰਿ ਝਮਕ ਬਾਲ ।।੧।।
( ਬਸੰਤੁ ਕਬੀਰ ਜੀਉ, ਅੰਗ ੧੧੯੬)

ਤਿਨ ਬਸੰਤੁ ਜੋ ਹਰਿ ਗੁਣ ਗਾਇ ।।
ਪੂਰੈ ਭਾਗਿ ਹਰਿ ਭਗਤਿ ਕਰਾਇ ।।੧ ।।
ਇਸੁ ਮਨ ਕਉ ਬਸੰਤ ਕੀ ਲਗੈ ਨ ਸੋਇ ।।
ਇਹੁ ਮਨੁ ਜਲਿਆ ਦੂਜੈ ਦੋਇ ।।੧।।
( ਬਸੰਤੁ ਮਹਲਾ ੩, ਅੰਗ ੧੧੭੬)
ਇੱਕ ਸ਼ਬਦ ਗਾਇਨ ਕਰਨ ਉਪਰੰਤ ਹੇਠ ਲਿਖਿਆਂ ’ਚੋਂ ਇਹ ਪੰਕਤੀਆਂ ਪੜ੍ਹੀਆਂ ਜਾਂਦੀਆਂ ਹਨ ।
ਹਰਿ ਹਰਿ ਨਾਮੁ ਜਪੰਤਿਆ ਕਛੁ ਨ ਕਹੈ ਜਮਕਾਲੁ ।।
ਨਾਨਕ ਮਨੁ ਤਨੁ ਸੁਖੀ ਹੋਇ ਅੰਤੇ ਮਿਲੈ ਗੋਪਾਲੁ ।।੧।।
(ਆਸਾ ਮਹਲਾ ੫, ਅੰਗ ੪੫੭)
ਕਾਮ ਕ੍ਰੋਧ ਅਰੁ ਲੋਭ ਮੋਹ ਬਿਨਸਿ ਜਾਇ ਅਹੰਮੇਵ।।
ਨਾਨਕ ਪ੍ਰਭ ਸਰਣਾਗਤੀ ਕਰਿ ਪ੍ਰਸਾਦੁ ਗੁਰਦੇਵ।।੧।।
( ਗਉੜੀ ਸੁਖਮਨੀ ਮ : ੫, ਅੰਗ ੨੬੯)
ਜੀਤਿ ਲਏ ਓਇ ਮਹਾ ਬਿਖਾਦੀ ਸਹਜ ਸੁਹੇਲੀ ਬਾਣੀ।।
ਕਹੁ ਨਾਨਕ ਮਨਿ ਭਇਆ ਪਰਗਾਸਾ ਪਾਇਆ ਪਦੁ ਨਿਰਬਾਣੀ ।।੪।।੪।।
(ਗਉੜੀ  ਮਹਲਾ ੫, ਅੰਗ ੨੦੬)
ਹਰਿ ਕਾ ਨਾਮੁ ਧਿਆਇ ਕੈ ਹੋਹੁ ਹਰਿਆ ਭਾਈ ।।
ਕਰਮਿ ਲਿਖੰਤੈ ਪਾਈਐ ਇਹ ਰੁਤਿ ਸੁਹਾਈ  ।।
ਵਣੁ ਤ੍ਰਿਣੁ ਤ੍ਰਿਭਵਣੁ ਮਉਲਿਆ ਅੰਮ੍ਰਿਤ ਫਲੁ ਪਾਈ।।
ਮਿਲਿ ਸਾਧੂ ਸੁਖੁ ਊਪਜੈ ਲਥੀ ਸਭ ਛਾਈ   ।।
ਨਾਨਕੁ ਸਿਮਰੈ ਏਕੁ ਨਾਮੁ ਫਿਰਿ ਬਹੁੜਿ ਨ ਧਾਈ ।।੧।।
( ਬਸੰਤ ਕੀ ਵਾਰ ਮਹਲੁ ੫, ਅੰਗ ੧੧੯੩)
ਪੰਜੇ ਬਧੇ ਮਹਾਬਲੀ ਕਰਿ ਸਚਾ ਢੋਆ ।।
ਆਪਣੇ ਚਰਣ ਜਪਾਇਅਨੁ ਵਿਚਿ ਦਯੁ ਖੜੋਆ ।।
ਰੋਗ ਸੋਗ ਸਭਿ ਮਿਟਿ ਗਏ ਨਿਤ ਨਵਾ ਨਿਰੋਆ ।।
ਦਿਨੁ ਰੈਣਿ ਨਾਮੁ ਧਿਆਇਦਾ ਫਿਰਿ ਪਾਇ ਨ ਮੋਆ ।।
ਜਿਸ ਤੇ ਉਪਜਿਆ ਨਾਨਕਾ ਸੋਈ ਫਿਰਿ ਹੋਆ ।।੨ ।।
(ਬਸੰਤ ਕੀ ਵਾਰ ਮਹਲੁ ੫, ਅੰਗ ੧੧੯੩)
ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਸਮਾਪਤੀ ਕਰਨ ਵੇਲੇ ਇਹ ਪੰਕਤੀਆਂ ਪੜ੍ਹੀਆਂ ਜਾਂਦੀਆਂ ਹਨ ।
ਨਾ ਮੈਲਾ ਨਾ ਧੁੰਧਲਾ ਨਾ ਭਗਵਾ ਨਾ ਕਚੁ ।।
ਨਾਨਕ ਲਾਲੋ ਲਾਲੁ ਹੈ ਸਚੈ ਰਤਾ ਸਚੁ ।।੧ ।।
( ਮਾਰੂ ਵਾਰ ਸਲੋਕੁ ਮ : ੧,ਅੰਗ ੧੦੯੯ )
ਕਿਥਹੁ ਉਪਜੈ ਕਹ ਰਹੈ ਕਹ ਮਾਹਿ ਸਮਾਵੈ ।।
ਜੀਅ ਜੰਤ ਸਭਿ ਖਸਮ ਕੇ ਕਉਣੁ ਕੀਮਤਿ ਪਾਵੈ ।।
ਕਹਨਿ ਧਿਆਇਨਿ ਸੁਣਨਿ ਨਿਤ ਸੇ ਭਗਤ ਸੁਹਾਵੈ।।
ਅਗਮੁ ਅਗੋਚਰੁ ਸਾਹਿਬੋ ਦੂਸਰੁ ਲਵੈ ਨ ਲਾਵੈ ।।
ਸਚੁ ਪੂਰੈ ਗੁਰਿ ਉਪਦੇਸਿਆ ਨਾਨਕੁ ਸੁਣਾਵੈ ।।੩।।੧।।
(ਬਸੰਤ ਕੀ ਵਾਰ ਮਹਲੁ ੫,ਅੰਗ ੧੧੯੩)
ਇਸ ਤੋਂ ਇਲਾਵਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਵੀ ਬਸੰਤ ਸੰਬੰਧੀ ਜ਼ਿਕਰ ਕੀਤਾ ਗਿਆ ਹੈ । ਵੰਨਗੀ ਮਾਤਰ ਕੁਝ ਟੂਕਾਂ ਹਨ ।
ਮਉਲੇ ਅੰਬ ਬਸੰਤ ਰੁਤਿ ਅਉੜੀ ਅਕੁ ਸੁ ਫੁਲੀ ਭਰਿਆ।
(ਵਾਰ ੩੧, ਪਉੜੀ ੮)
ਅਪਤੁ ਕਰੀਰੁ ਨ ਮਉਲੀਐ ਦੇ ਦੋਸੁ ਬਸੰਤੈ।
( ਵਾਰ ੩੫, ਪਉੜੀ ੭)

ਬਸੰਤ ਰਾਗ ਦੀ ਸਮਾਪਤੀ ਹੋਲੇ-ਮਹੱਲੇ ਤੇ ਹੁੰਦੀ ਹੈ। ਤਕਰੀਬਨ ਦੋ ਮਹੀਨੇ ਦੇ ਕਰੀਬ ਹਰ ਰਾਗੀ ਸਿੰਘ ਵੱਲੋਂ ਧਾਰਮਿਕ ਸਮਾਗਮਾਂ, ਗੁਰਦੁਆਰਿਆਂ ਵਿੱਚ ਬਸੰਤ ਰਾਗ ਸੰਬੰਧੀ ਸ਼ਬਦ ਗਾਇਨ ਕੀਤੇ ਜਾਂਦੇ ਹਨ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਚਾਹੇ ਉਹ ਕਿਸੇ ਵੀ ਧਾਰਮਿਕ ਸਮਾਗਮ ਵਿੱਚ ਕੀਰਤਨ ਕਰ ਰਹੇ ਹੋਣ, ਉਹ ਕੀਰਤਨ ਦੀ ਆਰੰਭਤਾ ਬਸੰਤ ਰਾਗ ਨਾਲ ਕਰਦੇ ਹਨ। ਇਸ ਵਾਰ ਬਸੰਤ ਰਾਗ ਦੀ ਸਮਾਪਤੀ 4 ਮਾਰਚ ਨੂੰ ਹੋਲੇ-ਮਹੱਲੇ ਤੇ ਹੋ ਰਹੀ ਹੈ ।

          ਗੁਰਦੁਆਰਾ ਛੇਹਰਟਾ ਸਾਹਿਬ (ਅੰਮ੍ਰਿਤਸਰ), ਗੁਰਦੁਆਰਾ ਗੁਰੂ ਕਾ ਲਾਹੌਰ (ਸ਼੍ਰੀ ਅਨੰਦਪੁਰ ਸਾਹਿਬ), ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਬਸੰਤ ਦਾ ਤਿਉਹਾਰ ਬੜੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ । ਇਹਨਾਂ ਤਿੰਨਾਂ ਸਥਾਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਗੁਰਦੁਆਰਾ ਛੇਹਰਟਾ ਸਾਹਿਬ :- ਸ਼੍ਰੀ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਗੁਰੂ ਕੇ ਮਹਿਲ ‘ਚੋਂ ਸਮਾਨ ਲੱਦ ਕੇ ਛੇਹਰਟਾ ਪਹੁੰਚੇ । ਇੱਕ ਬੇਰੀ ਥੱਲੇ ਰਹੇ । ਇੱਥੋਂ ਹੀ ਭਾਈ ਖਾਨ, ਭਾਈ ਢੋਲ, ਭਾਈ ਭਾਗੂ ਅਤੇ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਕੀ ਵਡਾਲੀ ਜੋ ਛੇਹਰਟਾ ਸਾਹਿਬ ਤੋਂ ਇੱਕ ਕਿਲੋਮੀਟਰ ਦੀ ਦੂਰੀ ਤੇ ਹੈ, ਉੱਥੇ ਨਿਵਾਸ ਰੱਖਣ ਲੱਗ ਪਏ । ਗੁਰੂ ਜੀ ਨੇ ਇਸ ਇਲਾਕੇ ਵਿੱਚ ਇੱਕ ਹਰਟਾ, ਦੋ ਹਰਟਾ, ਤਿੰਨ ਹਰਟਾ, ਚਾਰ ਹਰਟਾ ਅਤੇ ਪੰਜ ਹਰਟਾ ਵਾਲੇ ਖੂਹ ਲਗਵਾਏ । ਖੂਹ ਲਗਵਾਉਣ ਦੇ ਚੱਲ ਰਹੇ ਕਾਰਜ ਸਮੇਂ ਹੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪਾਵਨ ਪ੍ਰਕਾਸ਼/ ਜਨਮ ਮਾਤਾ ਗੰਗਾ ਜੀ ਦੀ ਪਵਿੱਤਰ ਕੁੱਖ ਤੋਂ ਹੋਇਆ। ਜਦੋਂ ਸਿੱਖ ਨੇ ਆ ਕੇ ਦੱਸਿਆ ਕਿ ਸਾਹਿਬਜ਼ਾਦਾ ਪ੍ਰਗਟ ਹੋਇਆ ਹੈ  ਤਾਂ ਗੁਰੂ ਸਾਹਿਬ ਨੇ ਖ਼ੁਸ਼ੀ ਵਿੱਚ ਆ ਕੇ “ਸਤਿਗੁਰ ਸਾਚੈ ਦੀਆ ਭੇਜਿ ।।————–ਗੁਰੁ ਨਾਨਕੁ ਤੁਠਾ ਕੀਨੀ ਦਾਤਿ ।।੪।।” ਸ਼ਬਦ ਉਚਾਰਨ ਕੀਤਾ ਤੇ ਵਰ ਦਿੱਤਾ ਜਿਨ੍ਹਾਂ ਦੇ ਘਰ ਪੁੱਤਰ ਨਹੀਂ ਹੁੰਦਾ । ਇਸ ਸ਼ਬਦ ਦਾ ਪਾਠ ਕਰੋ, ਪੁੱਤਰ ਦੀ ਦਾਤ ਪ੍ਰਾਪਤ ਹੋਵੇਗੀ । ਪੁੱਤਰ ਦੀ ਖ਼ੁਸ਼ੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਪੰਜ ਟੱਪ ਲਾ ਕੇ ਖੂਹ ਦਾ ਨਿਰਮਾਣ ਕਰਵਾਇਆ ਜਿਸ ਵਿੱਚ ਛੇ ਹਰਟ ਇੱਕ ਸਮੇਂ ਚੱਲ ਸਕਦੇ ਹਨ ।  ਛੇ ਹਰਟ ਚੱਲਣ ਕਰਕੇ ਹੀ ਇਸ ਅਸਥਾਨ ਦਾ ਨਾਂ “ਛੇਹਰਟਾ ਸਾਹਿਬ” ਪ੍ਰਸਿੱਧ ਹੋਇਆ । ਇਹ ਖੂਹ ਤੇ ਪਾਤਸ਼ਾਹ ਨੇ ਅਟੱਲ ਬਚਨ ਕੀਤਾ ।
         ਪੁਤਰ ਹੋਤ ਨਾਰੀ ਜੋਊ ਮਾਸ ਮਾਸ ਈਹਾ ਨ੍ਹਾਇ।
         ਏਕ ਬਰਸ ਮਹਿ ਸੁਤ ਲਹਿ ਸਿਰੀ ਗੁਰ ਅਸ ਫੁਰਮਾਇ।
                                                        (ਗੁਰ ਬਿਲਾਸ)
            ਜਿਸ ਦਿਨ ਗੁਰੂ ਹਰਿਗੋਬਿੰਦ ਸਾਹਿਬ ਜੀ ਪਹਿਲੀ ਵਾਰ ਆਪਣੇ ਜਨਮ ਸਥਾਨ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ ਤਾਂ ਉਸ ਦਿਨ ਪਹਿਲੀ ਵਾਰ ਛੇਹਰਟਾ ਸਾਹਿਬ ਵਿਖੇ ਬਸੰਤ ਪੰਚਮੀ ਦਾ ਮੇਲਾ ਲੱਗਾ ਸੀ । ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ‘ਬਸੰਤ ਪੰਚਮੀ’ ਨੂੰ ਬਹੁਤ ਭਾਰੀ ਮੇਲਾ ਹੁੰਦਾ ਹੈ । ਵਿਸ਼ੇਸ਼ ਦੀਵਾਨ ਸਜਦਾ ਹੈ । ਬੱਚੇ, ਬੁੱਢੇ, ਨੌਜਵਾਨ ਪਤੰਗਬਾਜ਼ੀ ਦੇ ਮੁਕਾਬਲੇ ਕਰਦੇ ਹਨ। ਲੱਖਾਂ ਸੰਗਤਾਂ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਹਨ। ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ।
    ਛੇਹਰਟਾ-ਅੰਮ੍ਰਿਤਸਰ ਬੱਸ ਸਟੈਂਡ ਤੋਂ 8 ਕਿਲੋਮੀਟਰ ਦੀ ਦੂਰੀ ਤੇ ਵੱਸਿਆ ਹੈ, ਜੋ ਅੰਮ੍ਰਿਤਸਰ-ਲਾਹੌਰ ਰੇਲਵੇ ਸਟੇਸ਼ਨ ਦਾ ਪਹਿਲਾ ਸਟੇਸ਼ਨ ਹੈ । ਛੇਹਰਟਾ ਰੇਲਵੇ ਸਟੇਸ਼ਨ ਤੋਂ ਗੁਰਦੁਆਰਾ ਛੇਹਰਟਾ ਸਾਹਿਬ ਪਾਤਸ਼ਾਹੀ ਛੇਵੀਂ ਅੱਧਾ ਕਿਲੋਮੀਟਰ ਅਤੇ ਬੱਸ ਸਟੈਂਡ ਛੇਹਰਟਾਂ ਤੋਂ ਇੱਕ ਕਿਲੋਮੀਟਰ ਦੀ ਦੂਰੀ ‘ਤੇ ਹੈ ।
ਗੁਰਦੁਆਰਾ ਗੁਰੂ ਕਾ ਲਾਹੌਰ :-  ਇਹ ਅਸਥਾਨ ਸ਼੍ਰੀ ਅਨੰਦਪੁਰ ਸਾਹਿਬ ਤੋਂ 8 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ । ਸਿੱਖ ਇਤਿਹਾਸ ਵਿੱਚ ਹਵਾਲਾ ਮਿਲਦਾ ਹੈ ਕਿ ਲਾਹੌਰ ਦੇ ਵਸਨੀਕ ਹਰਿਜਸ ਸੁਭਿਖੀਏ ਨੇ ਆਪਣੀ ਪੁੱਤਰੀ ਜੀਤੋ ਦਾ ਦਸਮ ਪਾਤਸ਼ਾਹ ਨਾਲ ਵਿਆਹ ਕਰਨ ਦਾ ਸੰਕਲਪ ਲਿਆ । ਉਹ ਇਸ ਸੰਬੰਧ ਵਿੱਚ ਅਨੰਦਪੁਰ ਸਾਹਿਬ ਆਏ ਪਰ ਗੁਰੂ ਸਾਹਿਬ ਗੁਰੂ ਕੇ ਲਾਹੌਰ ਦੀਆਂ ਪਹਾੜੀਆਂ ਵਿੱਚ ਸ਼ਿਕਾਰ ਖੇਡਣ ਗਏ ਸਨ। ਉਹ ਉਹਨਾਂ ਨੂੰ ਮਿਲਣ ਲਈ ਇਸ ਸਥਾਨ ਉੱਤੇ ਗਏ ਅਤੇ ਆਪਣੇ ਮਨ ਦੇ ਸੰਕਲਪ ਬਾਰੇ ਗੁਰੂ ਜੀ ਨੂੰ ਦੱਸਿਆ । ਉਹਨਾਂ ਗੁਰੂ ਜੀ ਨਾਲ ਆਪਣੇ ਮਨ ਦਾ  ਇਹ ਸੰਕਲਪ ਵੀ ਸਾਂਝਾ ਕੀਤਾ ਕਿ ਉਹ ਇਹ ਸ਼ਾਦੀ ਲਾਹੌਰ ਵਿਖੇ ਕਰਨਾ ਚਾਹੁੰਦੇ ਸਨ। ਗੁਰੂ ਸਾਹਿਬ ਨੇ ਉਹਨਾਂ ਦੀ ਪੁੱਤਰੀ ਜੀਤੋ ਜੀ ਨਾਲ ਵਿਆਹ ਦੀ ਬੇਨਤੀ ਤਾਂ ਸਵੀਕਾਰ ਕਰ ਲਈ ਪਰ ਲਾਹੌਰ ਜਾਣ ਬਾਰੇ ਅਸਮਰਥਾ ਪ੍ਰਗਟ ਕੀਤੀ । ਕਲਗ਼ੀਧਰ ਪਾਤਸ਼ਾਹ ਨੇ ਸਿੱਖਾਂ ਨੂੰ ਹੁਕਮ ਦੇ ਕੇ ਉਸ ਪਵਿੱਤਰ ਕਾਰਜ ਲਈ ਇਸੇ ਸਥਾਨ ਤੇ ਲਾਹੌਰ ਸ਼ਹਿਰ ਵਾਂਗ ਰਚਨਾ ਕੀਤੀ । ਗੁਰਦੁਆਰਾ ਸਿਹਰਾ ਸਾਹਿਬ ਦੇ ਸਥਾਨ ਤੋਂ ਸਾਰੀਆਂ ਧਾਰਮਿਕ ਰਸਮਾਂ ਪੂਰੀਆਂ ਕਰਕੇ ਬਰਾਤ ਮੁੱਖ ਗੁਰਦੁਆਰਾ ਵੱਲ ਰਵਾਨਾ ਹੋਈ ਜਿੱਥੇ ਅਨੰਤ ਖੁਸ਼ੀਆਂ ਅਤੇ ਖੇੜਿਆਂ ਵਿੱਚ ਗੁਰੂ ਗੋਬਿੰਦ ਸਿੰਘ ਜੀ (ਬਸੰਤੀ ਪੁਸ਼ਾਕ ਪਹਿਨ ਕੇ) ਦਾ ਮਾਤਾ ਜੀਤੋ ਜੀ ਨਾਲ ਵਿਆਹ 23 ਹਾੜ ਸੰਮਤ 1734 ਸੰਨ 1677 ਈ: ਨੂੰ ਹੋਇਆ । ਗੁਰੂ ਕਾ ਲਾਹੌਰ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਦੀ ਖ਼ੁਸ਼ੀ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
        ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਮੌਕੇ ਪੰਥ ਦੀ ਸਿਰਮੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਗੁਰੂ ਕੇ ਮਹਿਲ (ਭੋਰਾ ਸਾਹਿਬ) ਤੋਂ ਗੁਰੂ ਕਾ ਲਾਹੌਰ ਤੱਕ ਬਰਾਤ ਰੂਪੀ ਨਗਰ-ਕੀਰਤਨ ਸਜਾਇਆ ਜਾਂਦਾ ਹੈ।  ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਬੁਲਾਰੇ, ਮੈਂਬਰ ਸ਼ਾਮਲ ਹੁੰਦੇ ਹਨ । ਉਹ ਸੰਗਤਾਂ ਨੂੰ ਵਿਆਹ ਪੁਰਬ ਦੀਆਂ ਵਧਾਈਆਂ ਦਿੰਦੇ ਹਨ । ਨਗਰ-ਕੀਰਤਨ ਵਿੱਚ ਸ਼ਾਮਲ ਸੰਗਤਾਂ ਉੱਤੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ । ਬਰਾਤ ਰੂਪੀ ਵਿਸ਼ਾਲ ਨਗਰ-ਕੀਰਤਨ ਸ਼੍ਰੀ ਅਨੰਦਪੁਰ ਸਾਹਿਬ ਦੇ ਵੱਖ-ਵੱਖ ਸਥਾਨਾਂ, ਮੇਨ ਬਜ਼ਾਰ, ਰਵਿਦਾਸ ਚੌਂਕ, ਬੱਸ ਅੱਡਾ, ਅਗੰਮਪੁਰ ਚੌਕ, ਮਜਾਰਾ, ਗੰਗੂਵਾਲ, ਗੁਰਦੁਆਰਾ ਸੁਹੇਲਾ ਘੋੜਾ, ਗੁਰਦੁਆਰਾ ਸਿਹਰਾ ਸਾਹਿਬ, ਗੁਰਦੁਆਰਾ ਤ੍ਰਿਵੈਣੀ ਸਾਹਿਬ ਤੋਂ ਹੁੰਦਾ ਹੋਇਆ ਗੁਰਦੁਆਰਾ ਗੁਰੂ ਕਾ ਲਾਹੌਰ ਪਹੁੰਚ ਸਮਾਪਤ ਹੁੰਦਾ ਹੈ।
        ਗੁਰਦੁਆਰਾ ਗੁਰੂ ਕਾ ਲਾਹੌਰ ਵਿਖੇ ਵਿਸ਼ੇਸ਼ ਦੀਵਾਨ ਸਜਦੇ ਹਨ । ਰਾਗੀ, ਢਾਡੀ, ਪ੍ਰਚਾਰਕ ਗੁਰੂ ਜਸ ਦੁਆਰਾ ਸੰਗਤਾਂ ਨੂੰ ਨਿਹਾਲ ਕਰਦੇ ਹਨ। ਗੁਰਦੁਆਰਾ ਸਾਹਿਬ ਵਿੱਚ ਵੱਡੀ ਤਾਦਾਦ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਹਨ । ਸੰਗਤਾਂ ਲਈ ਵੱਖ-ਵੱਖ ਪਿੰਡਾਂ ਵੱਲੋਂ ਭਾਂਤ-ਭਾਂਤ ਦੇ ਲੰਗਰ ਲਗਾਏ ਜਾਂਦੇ ਹਨ । ਭਾਂਤ-ਭਾਂਤ ਦੀਆਂ ਮਠਿਆਈਆਂ ਸੰਗਤਾਂ ਨੂੰ ਵਰਤਾਈਆਂ ਜਾਂਦੀਆਂ ਹਨ।
ਗੁਰਦੁਆਰਾ ਦੂਖ ਨਿਵਾਰਨ ਸਾਹਿਬ  :-ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਸਥਿਤ ਹੈ । ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ-ਛੋਹ ਪ੍ਰਾਪਤ ਇਤਿਹਾਸਕ ਅਸਥਾਨ ‘ਤੇ ਬਸੰਤ ਪੰਚਮੀ ਦਾ ਬਹੁਤ ਭਾਰੀ ਮੇਲਾ ਲੱਗਦਾ ਹੈ। ਬਸੰਤ ਪੰਚਮੀ ਮੌਕੇ ਇਸ ਇਤਿਹਾਸਕ ਅਸਥਾਨ ਤੇ ਇਸ਼ਨਾਨ ਕਰਨ ਦੀ ਵਿਸ਼ੇਸ਼ ਮਹਿਮਾ ਹੈ । ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸਾਹਿਬ ਨਤਮਸਤਕ ਹੁੰਦੀਆਂ ਹਨ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਬਸੰਤ ਪੰਚਮੀ ਮੌਕੇ “ਬਸੰਤ ਰਾਗ ਦਰਬਾਰ” ਸਵੇਰ ਤੋਂ ਰਾਤ ਤੱਕ ਹੁੰਦਾ ਹੈ । ਜਿਸ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਅਤੇ ਪੰਥ ਦੇ ਪ੍ਰਸਿੱਧ ਰਾਗੀ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਦੇ ਹਨ।  ਹਜ਼ਾਰਾਂ ਹੀ ਸੰਗਤਾਂ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਹਨ । ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ।
 
 ਕਰਨੈਲ ਸਿੰਘ ਐੱਮ.ਏ. ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,ਗਲੀ ਨੰਬਰ 1, ਚੰਡੀਗੜ੍ਹ ਰੋਡ,ਜਮਾਲਪੁਰ, ਲੁਧਿਆਣਾ ।
Previous articleਕੰਗਣੀ ਵਾਲ ਵੇਈਂ ਪੁਲ ਅਤੇ ਨਕੋਦਰ ਰੋਡ ਜਗਰਾਉਂ ਬਣਾਉਣ ਸਬੰਧੀ ਕਿਸਾਨਾਂ ਮਜ਼ਦੂਰਾਂ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੋਂਪਿਆ
Next articleਦਵਾਈਆਂ ਟੀਕੇ ਦੇ ਵੱਧ ਪੈਸੇ ਵਸੂਲਣ ਖ਼ਿਲਾਫ਼ ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਦਾ ਨਿੱਜੀ ਹਸਪਤਾਲ ਦੇ ਬਾਹਰ ਧਰਨਾ