(ਸਮਾਜ ਵੀਕਲੀ)
ਮਿਡ ਡੇ ਮੀਲ ਖਾਤੇ ਦੀ ਕਾਪੀ ‘ਚ ਐਂਟਰੀ ਕਰਾਉਣ ਬੈਂਕ ਗਿਆ ਸਾਂ। ਇੱਕ ਤਾਂ ਅੱਤ ਦੀ ਗਰਮੀ ‘ਚ ਇੰਨੀ ਲੰਮੀ ਕਤਾਰ …ਦੇਖ ਕੇ ਈ ਚੱਕਰ ਆਉਂਦੇ ਸਨ। ਉੱਤੋਂ ਅੱਜ ਤੀਜਾ ਗੇੜਾ ਸੀ ਬੈਂਕ ਦਾ। ਉਹੀ ਘਸੇ ਹੋਏ ਰਿਕਾਰਡ, ਕਦੇ ਸਟਾਫ ਘੱਟ ਐ, ਕਦੇ ਪ੍ਰਿੰਟਰ ਖਰਾਬ ਐ ਤੇ ਅੱਜ?
“ਸਰਵਰ ਡਾਊਨ ਐ, ਦੁਪਹਿਰ ਤੋਂ ਬਾਅਦ ਆਇਓ”
ਦਿਲ ਤਾਂ ਕੀਤਾ ਲਾਹ-ਪਾਹ ਕਰ ਦਿਆਂ, ਪਰ ਬੱਸ ਫੜਨ ਦੀ ਕਾਹਲੀ ਸੀ ਤਾਂ ਮੁੜ ਪਿਆ। ਭਰਿਆ-ਪੀਤਾ ਬਾਹਰ ਨਿਕਲਣ ਲੱਗਿਆ ਤਾਂ ਮੇਰੇ ਤੋਂ ਛੇ ਉੰਗਲਾਂ ਲੰਮਾ ਗੱਭਰੂ ਪੈਰੀਂ ਹੱਥ ਲਾ ਬੋਲਿਆ, “ਸਤਿ ਸ਼੍ਰੀ ਅਕਾਲ ਸਰ”।
ਮੈਂ ਆਪਣੀ ਐਨਕ ਠੀਕ ਕੀਤੀ ਤੇ ਉਸ ਗੱਭਰੂ ਨੂੰ ਪਛਾਨਣ ਦਾ ਜਤਨ ਕੀਤਾ, “ਸਤਿ … ਸ਼੍ਰੀ … ਅਕਾਲ”।
“ਸਰ ਪਛਾਣਿਆ ਨੀ ਤੁਸੀਂ ਮੈਨੂੰ ! ਮੈਂ ਮਖਸੂਸਪੁਰ ਆਲਾ ਸੁਰਜੀਤ ਆਂ … ਅੱਠਵੀਂ ਤੋਂ ਲੈ ਕੇ ਦਸਵੀਂ ਤੱਕ ਤੁਹਾਡੇ ਕੋਲ ਪੜ੍ਹਿਆਂ”
“ਓ ਬੱਲੇ ਜੁਆਨਾਂ! ਸੁੱਖ ਨਾਲ ਗੱਭਰੂ ਹੋ ਗਿਆਂ” ਭਾਵੇਂ ਮੈਂ ਉਸ ਨੂੰ ਚੰਗੀ ਤਰ੍ਹਾਂ ਪਛਾਣ ਨਹੀਂ ਸੀ ਸਕਿਆ ਪਰ ਫਿਰ ਵੀ ਮੇਰਾ ਹੱਥ ਉਹਦੇ ਮੋਢੇ ‘ਤੇ ਚਲਾ ਗਿਆ।
“ਇੱਧਰ ਕਿੱਧਰ ਸਰ?”
“ਸਕੂਲ ਦਾ ਕੰਮ ਸੀ ਇੱਕ”
“ਹੋਰ ਸਰ ਸਿਹਤ ਕਿਵੇਂ ਜੀ”
“ਵਧੀਆ। … ਹੋਰ ਤੂੰ ਸੁਣਾ, ਵਧੀਆ?” ਮੈਂ ਆਪਣੇ ਰਾਹ ਤੁਰਨ ਦੀ ਕਾਹਲੀ ‘ਚ ਸਾਂ।
“ਆਜੋ ਸਰ, ਚਾਹ ਪੀਨੇ ਆਂ ਜੀ”
“ਨਹੀਂ ਪੁੱਤਰ, ਮੈਂ ਕਾਹਲੀ ‘ਚ ਆਂ, ਦੋ ਵਜੇ ਮੋਹਾਲੀ ਪੁੱਜਣਾ।”
“ਆਜੋ ਸਰ ਮੈਂ ਤੁਹਾਨੂੰ ਬੱਸ ਅੱਡੇ ਛੱਡ ਦਿੰਨਾਂ”, ਸੁਰਜੀਤ ਆਪਣੇ ਬੁਲੇਟ ਮੋਟਰਸਾਈਕਲ ਦੀ ਚਾਬੀ ਘੁਮਾਉਂਦਿਆਂ ਬੋਲਿਆ।
ਮੇਰੇ ਚਿਹਰੇ ਤੇ ਖੇੜਾ ਆ ਗਿਆ।
ਮੋਟਰਸਾਈਕਲ ਹਵਾ ਨੂੰ ਗੰਢਾਂ ਦੇਣ ਲੱਗਾ ਤਾਂ ਪਸੀਨੇ ਨਾਲ ਭਿੱਜਿਆ ਪਿੰਡਾ ਵੀ ਠਰਨ ਲੱਗਾ। ਅੱਡੇ ‘ਤੇ ਪੁੱਜ ਚੰਡੀਗੜ੍ਹ ਵਾਲੀ ਬੱਸ ਖੜ੍ਹੀ ਦੇਖ ਸਾਹ ‘ਚ ਸਾਹ ਆਇਆ। ਮੈਂ ਅੰਦਾਜ਼ਾ ਲਾਇਆ ਕਿ ਡਰਾਈਵਰ-ਕੰਡਕਟਰ ਸ਼ਾਇਦ ਚਾਹ ਪੀਂਦੇ ਹੋਣਗੇ। ਮੈਂ ਬਾਹਰ ਈ ਖੜ੍ਹ ਬੱਸ ਦੇ ਤੁਰਨ ਦੀ ਉਡੀਕ ਕਰਨੀ ਬਿਹਤਰ ਸਮਝ ਮੋਟਰਸਾਈਕਲ ਤੋਂ ਉੱਤਰ ਗਿਆ।
ਸੁਰਜੀਤ ਨਾਲ ਥੋੜ੍ਹੀ ਗੱਲ-ਬਾਤ ਤੁਰ ਪਈ। ਪਰ ਗੱਲ-ਬਾਤ ਕਰਦਿਆਂ ਵੀ ਮੇਰਾ ਧਿਆਨ ਬੱਸ ਵੱਲ੍ਹ ਹੀ ਸੀ। ਮੈਂ ਅਚਾਨਕ ਦੇਖਿਆ ਡਰਾਈਵਰ-ਕੰਡਕਟਰ ਬਾਹਰ ਆ ਰਹੇ ਸਨ।
ਮੈਂ ਸੁਰਜੀਤ ਤੋਂ ਵਿਦਾ ਲੈਣੀ ਚਾਹੀ, “ਚੰਗਾ ਕਾਕੇ ਬੱਸ ਤੁਰਨ ਲੱਗੀ ਆ”
“ਠੀਕ ਆ ਸਰ”, ਆਖਦਿਆਂ ਉਸ ਮੁੜ ਮੇਰੇ ਪੈਰੀਂ ਹੱਥ ਲਾਇਆ।
“ਸੱਚ, ਮੈਂ ਤੈਥੋਂ ਪੁੱਛਣਾ ਤਾਂ ਭੁੱਲ ਈ ਗਿਆ, ਕਿੱਥੇ ਹੁੰਨਾਂ ਤੂੰ ਅੱਜ-ਕੱਲ੍ਹ?”, ਮੈਂ ਕਾਹਲੀ-ਕਾਹਲੀ ਪੁੱਛਿਆ
“ਸਰ ਮੈਂ ਆਰਮੀ ਤੋਂ ਰਿਟਾਇਰ ਹੋ ਕੇ ਪੰਜਾਬ ਪੁਲਿਸ ‘ਚ ਭਰਤੀ ਹੋ ਗਿਆ ਸੀ”, ਸੁਰਜੀਤ ਬੋਲਿਆ
“ਠੀਕ ਆ, ਚੱਲ ਚੰਗਾ”, ਕੰਡਕਟਰ ਨੇ ਸੀਟੀ ਵਜਾਈ ਤਾਂ ਮੈਂ ਉਹਨੂੰ ਆਖਿਆ।
“ਸਰ, ਤੁਸੀਂ ਕਿੱਥੇ ਓ ਅੱਜ-ਕੱਲ੍ਹ … ਮੇਰਾ ਮਤਲਬ ਤੁਹਾਡੀ ਪੋਸਟਿੰਗ ਕਿੱਥੇ ਅੱਜ-ਕੱਲ੍ਹ?”, ਆਖਦਿਆਂ ਉਸ ਅਣਜਾਣੇ ਈ ਸ਼ਾਇਦ ਮੇਰੀ ਦੁਖਦੀ ਰਗ਼ ‘ਤੇ ਹੱਥ ਰੱਖ ਦਿੱਤਾ ਸੀ।
“ਪੋਸਟਿੰਗ ਤਾਂ ਰੈਗੂਲਰ ਟੀਚਰਾਂ ਦੀ ਹੁੰਦੀ ਆ ਕਾਕੇ, ਸਾਡੀ ਕਾਹਦੀ ਪੋਸਟਿੰਗ। ਘਸੀ ਹੋਈ ਸਟਿੱਪਣੀ ਵਾਂਗ, ਜਿੱਥੇ ਜਾ ਕੇ ਕੋਈ ਵੀ ਰਾਜੀ ਨਹੀਂ ਹੁੰਦਾ, ਉੱਥੇ ਸਾਡੀ ਕੱਚਿਆਂ ਦੀ ਪੋਸਟਿੰਗ ਹੋ ਜਾਂਦੀ ਆ”
ਬੱਸ ਅੱਡੇ ਤੋਂ ਬਾਹਰ ਆ ਰਹੀ ਸੀ।
“ਸਰ ਅਠਾਰਾਂ ਸਾਲ ਬਾਅਦ ਵੀ ਤੁਹਾਡੀ ਪੋਸਟ ਰੈਗੂਲਰ ਨਹੀਂ ਹੋਈ?”
“ਜੇ ਰੈਗੂਲਰ ਹੁੰਦਾ ਤਾਂ ਆਹ ਮੋਹਾਲੀ ਧਰਨੇ ‘ਤੇ ਜਾਣ ਲਈ ਬੱਸ ਕਿਉਂ ਫੜਨੀ ਸੀ?”, ਆਖ ਮੈਂ ਬੱਸ ਦੀ ਬਾਰੀ ਨੂੰ ਹੱਥ ਪਾ ਲਿਆ ਸੀ, ਪਰ ਮੈਂ ਮੁੜ ਸੁਰਜੀਤ ਨਾਲ ਅੱਖਾਂ ਮੇਲਣ ਦੀ ਹਿੰਮਤ ਨਾ ਜੁਟਾ ਸਕਿਆ।
ਹਰਿੰਦਰ ਪਾਲ ਸਿੰਘ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly