ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਉਰਫ਼ ਰਾਜਾ ਵੜਿੰਗ ਨੇ ਅੱਜ ਸੂਬੇ ਵਿੱਚ ਜਥੇਬੰਦੀ ਨੂੰ ਮਜ਼ਬੂਤ ਕਰਨ ਦਾ ਅਹਿਦ ਲੈਂਦਿਆਂ ਪਾਰਟੀ ਦੇ ਹਰ ਆਗੂ ਅਤੇ ਵਰਕਰ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਆਖੀ ਹੈ। ਹਾਈ ਕਮਾਨ ਤਰਫ਼ੋਂ ਪੰਜਾਬ ’ਚ ਬਣਾਈ ਗਈ ਨਵੀਂ ਟੀਮ ਨੇ ਪਾਰਟੀ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨ ਦਾ ਵਾਅਦਾ ਕੀਤਾ ਹੈ।
ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪੇ ਜਾਣ ’ਤੇ ਰਾਜਾ ਵੜਿੰਗ ਨੇ ਕਾਂਗਰਸ ਹਾਈ ਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਨੂੰ ਮਜ਼ਬੂਤ ਕਰਨਗੇ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ। ਚੇਤੇ ਰਹੇ ਕਿ ਪੰਜਾਬ ਕਾਂਗਰਸ ਦੀ ਆਪਸੀ ਧੜੇਬੰਦੀ ਹੀ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਵੱਡੀ ਹਾਰ ਦਾ ਮੁੱਖ ਕਾਰਨ ਬਣੀ ਸੀ। ਰਾਜਾ ਵੜਿੰਗ ਲਈ ਧੜੇਬੰਦੀ ਖ਼ਤਮ ਕਰਨਾ ਵੱਡੀ ਚੁਣੌਤੀ ਹੋਵੇਗੀ। ਸਭਾ ਚੋਣਾਂ 2024 ਉਨ੍ਹਾਂ ਲਈ ਪ੍ਰੀਖਿਆ ਹੋਣਗੀਆਂ। ਇਸੇ ਦੌਰਾਨ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਪੰਜਾਬ ਵਿਧਾਨ ਸਭਾ ਵਿੱਚ ਪੰਜਾਬੀਆਂ ਦੇ ਹੱਕਾਂ ਲਈ ਡਟ ਕੇ ਲੜਨਗੇ। ਨਵੇਂ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਸਮੁੱਚੀ ਇਕਾਈ ਇੱਕ ਟੀਮ ਦੀ ਤਰ੍ਹਾਂ ਕੰਮ ਕਰੇਗੀ। ਵਿਰੋਧੀਧਿਰ ਦੇ ਉਪ ਨੇਤਾ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਉਹ ਵਿਧਾਨ ਸਭਾ ਵਿਚ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਤਨਦੇਹੀ ਨਾਲ ਡਿਊਟੀ ਨਿਭਾਉਣਗੇ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਵੀ ਟਵੀਟ ਕਰ ਕੇ ਨਵੀਂ ਟੀਮ ਨੂੰ ਪੂਰਨ ਹਮਾਇਤ ਤੇ ਸਹਿਯੋਗ ਦੀ ਗੱਲ ਕਹੀ ਹੈ। ਇਸੇ ਤਰ੍ਹਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ ਨੇ ਵੀ ਨਵੇਂ ਆਗੂਆਂ ਨੂੰ ਵਧਾਈ ਦਿੱਤੀ ਹੈ।
ਮਾਝਾ ਬ੍ਰਿਗੇਡ ਨੂੰ ਲੱਗਾ ਝਟਕਾ
ਪ੍ਰਤਾਪ ਸਿੰਘ ਬਾਜਵਾ ਦੇ ਵਿਰੋਧੀ ਧਿਰ ਦਾ ਨੇਤਾ ਬਣਨ ਨਾਲ ਮਾਝਾ ਬ੍ਰਿਗੇਡ ਨੂੰ ਝਟਕਾ ਲੱਗਾ ਹੈ। ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸੁਖਬਿੰਦਰ ਸਿੰਘ ਸਰਕਾਰੀਆ ਦੀ ਪ੍ਰਤਾਪ ਬਾਜਵਾ ਨਾਲ ਲੰਮੇ ਸਮੇਂ ਤੋਂ ਸਿਆਸੀ ਅਣਬਣ ਹੈ। ਇਹੋ ਮਾਝਾ ਬ੍ਰਿਗੇਡ ਸੀ, ਜਿਸ ਨੇ ਪ੍ਰਤਾਪ ਬਾਜਵਾ ਨੂੰ ਉਤਾਰ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਕਮਾਨ ਦਿਵਾਈ ਸੀ। ਇਹ ਮਾਝਾ ਬ੍ਰਿਗੇਡ ਅਮਰਿੰਦਰ ਸਿੰਘ ਖ਼ਿਲਾਫ਼ ਡਟੀ ਸੀ ਤਾਂ ਉਦੋਂ ਪ੍ਰਤਾਪ ਬਾਜਵਾ ਵੀ ਅਮਰਿੰਦਰ ਦੇ ਸਮਰਥਨ ਵਿਚ ਖੜ੍ਹ ਗਏ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly