ਕਿਸਾਨਾਂ ਦੇ ਜੋਸ਼ ਅੱਗੇ ਠੰਢੇ ਪਏ ਦਿੱਲੀ ਦੇ ਤੇਵਰ

ਨਵੀਂ ਦਿੱਲੀ (ਸਮਾਜ ਵੀਕਲੀ) : ਪੰਜਾਬ, ਹਰਿਆਣਾ ਤੇ ਹੋਰ ਰਾਜਾਂ ਤੋਂ ਦਿੱਲੀ ਦੀਆਂ ਬਰੂਹਾਂ ਤੱਕ ਕਾਫਲਿਆਂ ਦੇ ਰੂਪ ਵਿੱਚ ਪਹੁੰਚੇ ਕਿਸਾਨਾਂ ਮੂਹਰੇ ਗੋਡੇ ਟੇਕਦਿਆਂ ਉਨ੍ਹਾਂ ਨੂੰ ‘ਸ਼ਾਂਤਮਈ’ ਪ੍ਰਦਰਸ਼ਨ ਅਤੇ ਰੈਲੀ ਕਰਨ ਦੀ ਇਜਾਜ਼ਤ ਮਿਲ ਗਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਅਤੇ ਦਿੱਲੀ ਪੁਲੀਸ ਵੱਲੋਂ ਕਿਸਾਨਾਂ ਨੂੰ ਕੌਮੀ ਰਾਜਧਾਨੀ ਵਿੱਚ ਬੁਰਾੜੀ ਸਥਿਤ ਨਿਰੰਕਾਰੀ ਗਰਾਊਂਡ ਵਿੱਚ ਰੈਲੀ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਕਿਸਾਨਾਂ ਨੂੰ ਦੁਪਹਿਰ ਤਕਰੀਬਨ 3 ਵਜੇ ਦਿੱਲੀ ਜਾਣ ਦੀ ਸਹਿਮਤੀ ਦੇ ਦਿੱਤੀ ਸੀ। ਦੇਰ ਰਾਤ ਤੱਕ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀਆਂ ਬੈਠਕਾਂ ਦਾ ਦੌਰ ਜਾਰੀ ਰਿਹਾ ਅਤੇ ਭਲਕੇ ਕਿਸਾਨ ਜਥੇਬੰਦੀਆਂ ਵੱਲੋਂ ਬੁਰਾੜੀ ਵਿਖੇ ਚਾਲੇ ਪਾਉਣ ਜਾਂ ਸਿੰਘੂ ਬਾਰਡਰ ’ਤੇ ਹੀ ਧਰਨਾ ਜਾਰੀ ਰੱਖਣ ਬਾਰੇ ਫ਼ੈਸਲਾ ਕੀਤਾ ਜਾਵੇਗਾ।

ਇਸ ਦੌਰਾਨ ਦਿੱਲੀ ਵੱਲ ਕੂਚ ਕਰ ਰਹੇ ਨੌਜਵਾਨਾਂ ਦੀ ਰਾਇ ਵੀ ਲਈ ਜਾਵੇਗੀ। ਇਸ ਦੌਰਾਨ ਕਿਸਾਨਾਂ ਅਤੇ ਦਿੱਲੀ ਪੁਲੀਸ ਦਰਮਿਆਨ  ਦੁਪਹਿਰ 2 ਵਜੇ ਦੇ ਕਰੀਬ ਤਿੱਖੀਆਂ ਝੜਪਾਂ ਵੀ ਹੋਈਆਂ ਜੋ ਪੌਣਾ ਘੰਟਾ ਜਾਰੀ ਰਹੀਆਂ। ਕਿਸਾਨਾਂ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਜਲ ਤੋਪਾਂ ਦੇ ਵਾਰ-ਵਾਰ ਮੂੰਹ ਖੋਲ੍ਹੇ ਗਏ ਅਤੇ ਕਿਸਾਨਾਂ ’ਤੇ ਲਗਾਤਾਰ 5 ਘੰਟੇ ਤੋਂ ਵੱਧ ਸਮਾਂ ਅੱਥਰੂ ਗੈਸ ਦੇ ਗੋਲੇ ਵਰ੍ਹਾਏ ਗਏ। ਕਿਸਾਨਾਂ ’ਤੇ ਹਲਕਾ ਲਾਠੀਚਾਰਜ ਵੀ ਕੀਤਾ ਗਿਆ ਜਿਸ ਦੌਰਾਨ ਦਰਜਨ ਦੇ ਕਰੀਬ ਕਿਸਾਨਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ।

ਕਿਸਾਨਾਂ ਵੱਲੋਂ ਕੀਤੇ ਪਥਰਾਅ ਨਾਲ ਕੁਝ ਪੁਲੀਸ ਮੁਲਾਜ਼ਮਾਂ ਦੇ ਵੀ ਜ਼ਖ਼ਮੀ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ। ਕਿਸਾਨ ਆਗੂਆਂ ਅਤੇ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੇ ਦਖ਼ਲ ਦੇ ਕੇ ਸਥਿਤੀ ਸੰਭਾਲੀ। ਦਿੱਲੀ ਦੀ ਸਰਹੱਦ ’ਤੇ ਦਿੱਲੀ ਪੁਲੀਸ, ਰੈਪਿਡ ਐਕਸ਼ਨ ਫੋਰਸ, ਸੀਆਰਪੀਐੱਫ ਅਤੇ ਬੀਐੱਸਐੱਫ ਦੀਆਂ ਟੁਕੜੀਆਂ ਤਾਇਨਾਤ ਹਨ। ਦਿੱਲੀ ਸਰਹੱਦ ’ਤੇ ਸਾਰੀਆਂ ਸੜਕਾਂ ਉਪਰ ਟਰੈਕਟਰਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ।

ਹਰਿਆਣਾ ਸਰਕਾਰ ਵੱਲੋਂ ਅੱਜ ਬਾਅਦ ਦੁਪਹਿਰ ਅੰਬਾਲਾ ਤੋਂ ਲੈ ਕੇ ਪਾਣੀਪਤ ਤੱਕ ਕੌਮੀ ਮਾਰਗ ’ਤੇ ਖੜ੍ਹੀਆਂ ਕੀਤੀਆਂ ਗਈਆਂ ਸਾਰੀਆਂ ਰੋਕਾਂ ਹਟਾ ਦਿੱਤੀਆਂ ਗਈਆਂ ਸਨ। ਇਸ ਕਰਕੇ ਦਿੱਲੀ ਸਰਹੱਦ ’ਤੇ ਲੱਖਾਂ ਕਿਸਾਨਾਂ ਦਾ ਇਕੱਠ ਹੋਣ ਕਾਰਨ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ।

ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੇ ਆਗੂਆਂ ਬਲਬੀਰ ਸਿੰਘ ਰਾਜੇਵਾਲ, ਜਗਮੋਹਨ ਸਿੰਘ, ਰਾਜਿੰਦਰ ਸਿੰਘ, ਨਿਰਭੈ ਸਿੰਘ ਢੁੱਡੀਕੇ, ਬੂਟਾ ਸਿੰਘ ਬੁਰਜ ਗਿੱਲ ਅਤੇ ਰੁਲਦੂ ਸਿੰਘ ਮਾਨਸਾ ਦੀ ਅਗਵਾਈ ਹੇਠ ਕਿਸਾਨਾਂ ਦੇ ਵੱਡੇ ਕਾਫਲੇ ਵੀਰਵਾਰ ਸਵੇਰੇ ਹਰਿਆਣਾ ’ਚ 10 ਥਾਵਾਂ ਤੋਂ ਦਾਖ਼ਲ ਹੋਏ ਸਨ। ਇਨ੍ਹਾਂ ਕਿਸਾਨਾਂ ਨੂੰ ਹਰਿਆਣਾ ਸਰਕਾਰ ਵੱਲੋਂ ਖੜ੍ਹੀਆਂ ਕੀਤੀਆਂ ਰੋਕਾਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਟਰੈਕਟਰਾਂ ਅਤੇ ਨੌਜਵਾਨਾਂ ਦੀ ਮਦਦ ਨਾਲ ਕਿਸਾਨਾਂ ਨੇ ਕਰਨਾਲ, ਪਾਣੀਪਤ, ਸੋਨੀਪਤ ਅਤੇ ਹੋਰ ਥਾਵਾਂ ’ਤੇ ਪੱਥਰਾਂ, ਰੇਤੇ ਤੇ ਹੋਰ ਸਾਮਾਨ ਨਾਲ ਭਰੇ ਟਿੱਪਰਾਂ ਨੂੰ ਹਟਾ ਦਿੱਤਾ ਅਤੇ 10 ਫੁੱਟ ਤੱਕ ਡੂੰਘੇ ਪੁੱਟੇ ਗਏ ਖੱਡਿਆਂ ਨੂੰ ਵੀ ਪੂਰ ਦਿੱਤਾ। ਇਸ ਤਰ੍ਹਾਂ ਨਾਲ ਕਿਸਾਨਾਂ ਦੇ ਕਾਫਲੇ ਦਿਨ ਚੜ੍ਹਦਿਆਂ ਹੀ ਦਿੱਲੀ ਦੀ ਸਰਹੱਦ ’ਤੇ ਦਸਤਕ ਦੇਣ ਲੱਗ ਪਏ ਸਨ।

ਦਿੱਲੀ ਪੁਲੀਸ ਵੱਲੋਂ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ ਤੇ ਕਿਸਾਨਾਂ ਨੂੰ ਲਾਊਡ ਸਪੀਕਰ ਰਾਹੀਂ ਲਗਾਤਾਰ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਸਨ। ਕਿਸਾਨਾਂ ਅਤੇ ਪੁਲੀਸ ਦਰਮਿਆਨ ਇੱਕ ਤੋਂ ਵੱਧ ਵਾਰ ਤਿੱਖੀਆਂ ਬਹਿਸਾਂ ਵੀ ਹੋਈਆਂ। ਨਾਕਿਆਂ ’ਤੇ ਤਾਇਨਾਤ ਪੁਲੀਸ ਅਧਿਕਾਰੀਆਂ ਨੇ ਜਦੋਂ ਕੋਵਿਡ ਦਾ ਹਵਾਲਾ ਦਿੰਦਿਆਂ ਰੈਲੀ ਮੁਜ਼ਾਹਰਾ ਕਰਨ ’ਤੇ ਪਾਬੰਦੀ ਲੱਗੇ ਹੋਣ ਦੀ ਗੱਲ ਕਹੀ ਤਾਂ ਕਿਸਾਨਾਂ ਨੇ ਬਿਹਾਰ, ਮੱਧ ਪ੍ਰਦੇਸ਼ ਅਤੇ ਹੋਰਨਾਂ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਤੇ ਜ਼ਿਮਨੀ ਚੋਣਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਕੇਂਦਰੀ ਮੰਤਰੀ, ਮੁੱਖ ਮੰਤਰੀ ਅਤੇ ਸਿਆਸਤਦਾਨ ਰਾਜਸੀ ਰੈਲੀਆਂ ਕਰ ਸਕਦੇ ਹਨ ਤਾਂ ਕਿਸਾਨ ਆਪਣਾ ਦੁੱਖ ਸੁਣਾਉਣ ਲਈ ਕਿਉਂ ਨਹੀਂ ਜੁੜ ਸਕਦੇ। ਕਿਸਾਨਾਂ ਦੀਆਂ ਦਲੀਲਾਂ ਦੇ ਸਾਹਮਣੇ ਪੁਲੀਸ ਅਧਿਕਾਰੀਆਂ ਨੂੰ ਵੀ ਲਾਜਵਾਬ ਹੋਣਾ ਪਿਆ।

Previous articleਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ
Next articleਮਹਾਰਾਸ਼ਟਰ ’ਚ ਐੱਨਸੀਪੀ ਦੇ ਵਿਧਾਇਕ ਦੀ ਕਰੋਨਾ ਕਾਰਨ ਮੌਤ