ਆਰ ਢਾਂਗਾ,ਪਾਰ ਢਾਂਗਾ-

(ਸਮਾਜ ਵੀਕਲੀ)

ਆਰ ਟਾਂਗਾ ਪਾਰ ਢਾਂਗਾ ,ਵਿੱਚ ਟਲਮ-ਟੱਲੀਆਂ।
ਆਉਣ ਕੂੰਜਾਂ ਦੇਣ ਬੱਚੇ, ਨਦੀ ਨ੍ਹਾਉਣ ਚਲੀਆਂ

ਬੇਸ਼ੱਕ ਇਹ ਨਵੀ ਪੀੜੀ ਲਈ ਇਕ ਬੁਝਾਰਤ ਹੈ ਪਰ 1970 ਤੋਂ ਪਹਿਲਾਂ ਜਨਮੇ ਲੋਕ ਇਸਦੇ ਨਾਂਮ ਤੋਂ ਵਾਕਿਫ਼ ਹੀ ਨਹੀ ਬਲਕਿ ਉਨ੍ਹਾਂ ਨੇ ਟਿੰਡਾਂ ਵਾਲੇ ਖੂਹ ਦੇਖੇ ਵੀ ਹਨ, ਚਲਾਏ ਅਤੇ ਬਣਾਏ ਵੀ ਹਨ। ਬਲਦਾਂ ਦੀ ਸਹਾਇਤਾ ਨਾਲ ਲੋਹੇ ਦੀਆਂ ਟੀਂਡਾ ਰਾਹੀਂ ਖੂਹ ਵਿੱਚੋਂ ਪਾਣੀ ਕੱਢ ਕੇ ਖੇਤੀ ਲਈ ਵਰਤਿਆ ਜਾਂਦਾ ਸੀ।

ਟਿੰਡਾਂ ਵਾਲੇ ਖੂਹ ਦੇ ਸਰਬੱਤ ਵਰਗੇ ਪਾਣੀ ਨਾਲੋਂ ਵੀ ਮਿੱਠੇ ਸਨ ਉਸ ਸਮੇਂ ਦੇ ਲੋਕ ਅਤੇ ਉਸ ਤੋਂ ਵੀ ਵੱਧ ਮਿੱਠਾ ਸੀ ਉਹ ਵਕਤ ਜੋ ਲੋਕ ਇਕ ਦੂਜੇ ਨੂੰ ਵੰਡਦੇ ਸਨ। ਉਨ੍ਹਾਂ ਸਮਿਆਂ ਵਿੱਚ ਲੋਕ ਉਠਾ ਅਤੇ ਬਲਦਾਂ ਨਾਲ ਖੇਤੀ ਕਰਦੇ ਸਨ ਅਤੇ ਬਲਦਾ ਨੂੰ ਬੜਾ ਸਿੰਗਾਰ ਕੇ ਰੱਖਿਆ ਜਾਂਦਾ ਸੀ। ਉਨ੍ਹਾਂ ਸਮਿਆਂ ਵਿੱਚ ਖੇਤੀਬਾੜੀ ਕਰਨ ਦੇ ਸੀਮਤ ਤੇ ਸਸਤੇ ਸੰਦ ਹੋਇਆ ਕਰਦੇ ਸਨ, ਜ਼ਿਆਦਾਤਰ ਲੋਕ ਉਨ੍ਹਾਂ ਸਮਿਆਂ ਵਿੱਚ ਵਿੜ੍ਹੀ ਨਾਲ ਵੀ ਖੇਤੀ ਕਰ ਲਿਆ ਕਰਦੇ ਸਨ,

ਸਾਡੇ ਪੁਰਖੇ ਆਪਣੇ ਹੱਥੀਂ ਕੰਮ ਕਰਨ ਨੂੰ ਤਰਜੀਹ ਦਿੰਦੇ ਸਨ ਤੇ ਦੂਜਿਆਂ ਨੂੰ ਵੀ ਪ੍ਰੇਰਦੇ ਸਨ ਕਿ ਇਨਸਾਨ ਨੂੰ ਹਰ ਕੰਮ ਆਪਣੇ ਹੱਥੀਂ ਕਰਨਾ ਚਾਹੀਦਾ ਹੈ। ਜਦੋਂ ਤੜਕੇ ਮੁਰਗੇ ਨੇ ਬਾਂਗ ਦੇਣੀ ਤਾਂ ਲੋਕੀ ਸਮਝ ਜਾਂਦੇ ਸਨ ਚਾਰ ਵਜ ਗਏ ਹਨ ਹਾਲੀਆ ਨੇ ਹਲ ਜੋੜ ਕੇ ਜਦੋਂ ਖੇਤਾਂ ਨੂੰ ਜਾਣਾ ਤਾਂ ਬਲਦਾਂ ਦੇ ਗਲਾਂ ਵਿੱਚ ਪਈਆ ਟੱਲੀਆਂ ਦੀ ਅਵਾਜ਼ ਹਰ ਇੱਕ ਨੂੰ ਸੰਗੀਤਮਈ ਧੁਨ ਦਾ ਅਹਿਸਾਸ ਕਰਵਾਉਂਦੀ ਸੀ। ਘਰ ਦੇ ਸਾਰੇ ਕੰਮ ਬੀਬੀਆਂ ਭੈਣਾਂ ਧੀਆਂ ਨੇ ਕਰਨੇ ਤੇ ਖੇਤੀ ਕਰਨ ਵਾਲਿਆਂ ਨੂੰ ਰੋਟੀ-ਚਾਹ ਵੀ ਖੇਤਾਂ ’ਚ ਪਹੁੰਚਾਉਣੀ, ਜਿਸਨੂੰ ਭੱਤਾ ਕਿਹਾ ਜਾਂਦਾ ਸੀ। ਭੱਤਾ ਲੈਕੇ ਖੇਤ ਨੂੰ ਚੱਲੀ ਅੱਗੇ, ਜੇਠ ਬਕਰਾ ਹੱਲ ਵਾਹਵੇ ।

ਦੁਪਹਿਰਾਂ ਨੂੰ ਹਾਲ਼ੀਆਂ ਨੇ ਹਲ਼ ਛੱਡ ਦੇਣੇ ਤੇ ਨੇੜੇ ਦੇ ਕਿਸੇ ਖੂਹ ’ਤੇ ਜਾਂ ਬੋਹੜ ਪਿੱਪਲ ਦੇ ਦਰੱਖਤ ਥੱਲੇ ਰੋਟੀ ਖਾਣੀ ਅਤੇ ਅਤੇ ਟਿੰਡਾਂ ਵਾਲੇ ਖੂਹ ਚੋਂ ਕਸੀ ਰਾਹੀਂ ਆਉਂਦਾ ਪਾਣੀ ਪੀ ਕੇ ਆਰਾਮ ਕਰਨਾ ਜਦੋਂ ਭੱਤਾ ਲੈਕੇ ਆਈ ਮੁਟਿਆਰ ਨੂੰ ਪਿਆਸ ਲੱਗਣੀ ਤਾਂ ਹਾਲੀ ਨੇ ਕਹਿ ਛੱਡਣਾ ” ਠੰਡਾ ਠਾਰ ਨੀਂ ਕਸੀ ਦਾ ਪਾਣੀ, ਗੋਡੀ ਲਾਕੇ ਪੀ ਲੈ ਬੱਲੀਏ। ਖੇਤਾਂ ਨੂੰ ਪਾਣੀ ਦੇਣ ਲਈ ਖੂਹਾਂ ਦੀ ਜਾਂ ਫਿਰ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾਂਦੀ ਸੀ। ਕੁੱਝ ਕੁ ਪਿੰਡਾਂ ਦੇ ਰਕਬੇ ਵਿੱਚ ਬਰਾਨੀ ਜ਼ਮੀਨ ਵੀ ਹੁੰਦੀ ਸੀ, ਉਸ ਵਿੱਚ ਜ਼ਿਆਦਾਤਰ ਛੋਲੇ, ਜਵਾਰ, ਬਾਜਰਾ ਜਾਂ ਹੋਰ ਉਹ ਫਸਲਾਂ ਬੀਜੀਆਂ ਜਾਂਦੀਆਂ ਸਨ ਜਿਹਨਾਂ ਨੂੰ ਘੱਟ ਪਾਣੀ ਦੀ ਲੋੜ ਹੁੰਦੀ ਸੀ।

ਜਦੋਂ ਕਿਤੇ ਬਹੁਤ ਜ਼ਿਆਦਾ ਔੜ ਵੀ ਲੱਗ ਜਾਂਦੀ ਸੀ ਭਾਵ ਮੀਂਹ ਨਾ ਪੈਣਾ। ਫਿਰ ਕਈ-ਕਈ ਪਿੰਡ ਰਲ਼ ਕੇ ਜਾਂ ਆਪੋ-ਆਪਣੇ ਪਿੰਡ ਦੇ ਹਿਸਾਬ ਨਾਲ ਧਿਆਣੀਆਂ (ਮਿੱਠੇ ਚੌਲ) ਖਵਾਏ ਜਾਂਦੇ ਸਨ, ਗੁੱਡੀਆਂ ਫੂਕੀਆਂ ਜਾਂਦੀਆਂ ਸਨ। ਭਾਵੇ ਇਹ ਸਭ ਗੱਲਾਂ ਮਿਥਿਹਾਸਕ ਸਨ ਪਰ ਲੋਕਾਂ ਦੀ ਇੱਕ ਆਸਥਾ ਸੀ।

ਤਕਰੀਬਨ ਹਰ ਪਿੰਡ ਵਿੱਚ ਹੀ ਖੂਹ ਹੋਇਆ ਕਰਦੇ ਸਨ, ਕਿਉਂਕਿ ਘਰਾਂ ਵਿੱਚ ਪੀਣ ਲਈ ਪਾਣੀ ਵੀ ਖੂਹਾਂ ਤੋਂ ਹੀ ਭਰਿਆ ਜਾਂਦਾ ਸੀ ਅਤੇ ਖੂਹਾਂ ਦੇ ਪਾਣੀ ਬਹੁਤ ਮਿੱਠੇ ਹੁੰਦੇ ਸਨ ਕਈ ਪਿੰਡਾਂ ਵਿੱਚ ਮਹਿਰਾ ਜਾਤੀ ਦੇ ਲੋਕ ਹਰ ਘਰ ਪਾਣੀ ਵਹਿੰਗੀ ’ਤੇ ਲਿਜਾ ਕੇ ਪਾਇਆ ਕਰਦੇ ਸਨ। ਹਾੜ੍ਹੀ-ਸਾਉਣੀ ਸੇਪੀ ’ਤੇ ਕੰਮ ਹੁੰਦੇ ਸਨ, ਭਾਵ ਸਾਰਾ ਸਾਲ ਲੁਹਾਰ, ਤਰਖਾਣ ਤੋਂ ਕੰਮ ਕਰਵਾਈ ਜਾਣਾ ਤੇ ਮਿਹਨਤਾਨਾ ਹਾੜ੍ਹੀ-ਸਾਉਣੀ ਦਾਣੇ ਦੇ ਕੇ ਹਿਸਾਬ ਚੁਕਤਾ ਕਰ ਦਿੱਤਾ ਜਾਂਦਾ ਸੀ।

ਵਕਤ ਬਹੁਤ ਬਦਲ ਚੁੱਕਾ ਹੈ ਸਮੇਂ ਦੇ ਹਿਸਾਬ ਨਾਲ ਬਦਲਣਾ ਵੀ ਚਾਹੀਦਾ ਅਸੀਂ ਇੱਕੀਵੀਂ ਸਦੀ ਵਿਚ ਪ੍ਰਵੇਸ਼ ਕਰ ਚੁੱਕੇ। ਸਾਇਕਲ ਤੋ ਲੈਕੇ ਜਹਾਜ਼ ਤੱਕ ਬਣਾ ਚੁੱਕਾ ਹੈ ਇਨਸਾਨ। ਇਨਟਰਨੈਟ ਅਤੇ ਮੋਬਾਈਲ ਰਾਹੀਂ ਦੁਨੀਆਂ ਮੁੱਠੀ ਵਿੱਚ ਕਰ ਲਈ ਹੈ ਇਨਸਾਨ ਨੇ। ਪਰ ਅਸੀਂ ਕਦੇ ਇਹ ਸੋਚਿਆ ਹੈ ਕਿ ਟਿੰਡਾਂ ਵਾਲਾ ਖੂਹ , ਮੋਹ ਭਰਿਆ ਅੰਬੀਂ ਦਾ ਬੂਟਾ ਅਤੇ ਆਪਸੀ ਭਾਈਚਾਰਕ ਸਾਂਝਾਂ ਦਾ ਬੋਹੜ ਕਦੇ ਦੁਬਾਰਾ ਲਾ ਪਾਏਗਾ ਇਨਸਾਨ ? ਕਿਉਂਕਿ ਧਰਤੀ ਹੇਠਲਾ ਪਾਣੀ ਅਤੇ ਇਨਸਾਨ ਆਪਣਿਆਂ ਤੋਂ ਕੋਹਾਂ ਦੂਰ ਚਲਾ ਗਿਆ ਹੈ। ਪੁਰਾਣੀ ਸਭਿਅਤਾ , ਭਾਈਚਾਰਕ ਸਾਂਝ, ਲੋਕਾਂ ਦਾ ਆਪਸੀ ਪਿਆਰ, ਅਤੇ ਪਾਣੀ ਨੂੰ ਬਚਾਉਣ ਅਤੇ ਮਿੱਠਾ ਰੱਖਣ ਲਈ ਨਵੀਂ ਪੀੜ੍ਹੀ ਨੂੰ ਇਤਿਹਾਸ ਬਾਰੇ ਪਤਾ ਹੋਣਾ ਜ਼ਰੂਰੀ ਹੈ।

ਕੁਲਦੀਪ ਸਿੰਘ ਰਾਮਨਗਰ
9417990040

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੇਰਾ ਮੇਰਾ ਇਸ਼ਕ
Next articleਬਾਬੇ ਭੰਗੜਾ ਪਾਉਂਦੇ ਨੇ