ਬਾਬੇ ਭੰਗੜਾ ਪਾਉਂਦੇ ਨੇ

(ਸਮਾਜ ਵੀਕਲੀ)

ਸਮਾਜ ਵਿੱਚ ਗ੍ਰਹਿਸਤੀ ਦੇ ਹਰ ਇਕ ਕੰਮ ਨੂੰ ਕਰਨ ਲਈ ਇੱਕ ਉਮਰ ਹੁੰਦੀ ਹੈ ਅਤੇ ਹਰੇਕ ਕੰਮ ਉਮਰ ਦੇ ਹਿਸਾਬ ਨਾਲ ਹੀ ਸਮਾਜ ਵਿੱਚ ਚੰਗਾ ਲੱਗਦਾ ਹੈ। ਇੱਥੇ ਮੈਂ ਗੱਲ ਕਰਾਂਗਾ ਵੱਡੀ ਉਮਰ ਵਿਚ ਹੋਏ ਟਹਿਲ ਸਿੰਘ ਦੇ ਵਿਆਹ ਬਾਰੇ। ਸਰਦਾਰ ਟਹਿਲ ਸਿੰਘ ਦਾ ਜਨਮ 28 ਅਗਸਤ 1968 ਈਸਵੀ ਵਿੱਚ ਪੰਜਾਬ ਦੇ ਜਿਲ੍ਹੇ ਪਟਿਆਲਾ ਦੇ ਪਿੰਡ ਘਨੌਰ ਵਿਖੇ ਹੋਇਆ । ਉਸ ਦੇ ਪੰਜ ਦੋਸਤ ਜਿਨ੍ਹਾਂ ਦੇ ਨਾਮ ਰੁਲਦੂ ਸਿੰਘ, ਦੌਲਤ ਸਿੰਘ, ਧਰਮ ਸਿੰਘ, ਬਗੀਚਾ ਸਿੰਘ ਅਤੇ ਮੱਘਰ ਸਿੰਘ ਸਨ। ਟਹਿਲ ਸਿੰਘ ਦੇ ਦੋ ਵੱਡੇ ਭਰਾ ਅਤੇ ਦੋ ਛੋਟੀਆਂ ਭੈਣਾਂ ਸਨ। ਟਹਿਲ ਸਿੰਘ ਦੇ ਹਿੱਸੇ 6 ਕਿੱਲੇ ਜ਼ਮੀਨ ਆਉਂਦੀ ਸੀ। ਟਹਿਲ ਸਿੰਘ ਨੇ ਆਪਣੀ ਮੈਟ੍ਰਿਕ ਦੀ ਪੜ੍ਹਾਈ ਘਨੌਰ ਸਕੂਲ ਅਤੇ ਬਾਰਵੀਂ ਦੀ ਪ੍ਰੀਖਿਆ ਸਰਕਾਰੀ ਸਕੂਲ ਬਹਾਦਰਗੜ੍ਹ, ਪਟਿਆਲਾ ਤੋਂ ਕੀਤੀ। ਬਾਅਦ ਵਿਚ ਉਸ ਨੇ ਬੀ.ਏ. ਦੀ ਪੜ੍ਹਾਈ ਲਈ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿੱਚ ਦਾਖਲਾ ਲਿਆ।

ਬਾਰ੍ਹਵੀਂ ਜਮਾਤ ਪੂਰੀ ਕਰਨ ਤੋਂ ਬਾਅਦ ਉਹ ਸਾਰੇ ਮਿੱਤਰ ਆਪਣੇ ਆਪਣੇ ਕੰਮ ਸਿੱਖਣ ਲੱਗ ਪਏ ਅਤੇ ਵਾਰੋ-ਵਾਰੀ ਉਸਦੇ ਪੰਜ ਮਿੱਤਰਾਂ ਦਾ ਵਿਆਹ ਹੋ ਗਿਆ ਅਤੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨ ਲੱਗ ਪਏ। ਪਰ ਟਹਿਲ ਸਿੰਘ ਦਾ ਇਰਾਦਾ ਸੀ ਕੀ ਉਹ ਜਿੰਦਗੀ ਵਿੱਚ ਸਰਕਾਰੀ ਨੌਕਰੀ ਕਰੇਗਾ। ਜਦੋਂ ਉਹ ਬੀ.ਏ. ਭਾਗ ਦੂਸਰਾ ਵਿੱਚ ਪੜ੍ਹ ਰਿਹਾ ਸੀ ਤਾਂ ਉਸ ਨੇ ਫੌਜ ਦੀ ਨੌਕਰੀ ਬਾਰੇ ਅਰਜ਼ੀ ਦਿੱਤੀ ਅਤੇ ਉਹ ਫੌਜ ਵਿੱਚ ਭਰਤੀ ਹੋ ਗਿਆ। ਜਦੋਂ ਉਹ ਫੌਜ ਵਿਚ ਸੀ ਤਾਂ ਉਹ ਆਪਣੇ ਸਾਰੇ ਦੋਸਤਾਂ ਮਿੱਤਰਾਂ ਦੀ ਘਰ ਗ੍ਰਹਿਸਤੀ ਦੀ ਖਬਰ ਰੱਖਦਾ ਸੀ। ਉਸ ਦੇ ਦੋ ਦੋਸਤਾਂ ਬਗੀਚਾ ਸਿੰਘ ਅਤੇ ਧਰਮ ਸਿੰਘ ਦੀ ਆਪਣੇ ਪਰਵਾਰ ਵਿੱਚ ਬਿਲਕੁਲ ਨਹੀਂ ਬਣਦੀ ਸੀ ਜਿਸ ਕਾਰਨ ਉਸ ਦੇ ਦੋਸਤਾਂ ਦੇ ਘਰੇ ਹਮੇਸ਼ਾ ਕਲੇਸ਼ ਰਹਿੰਦਾ ਸੀ।

ਘਰੇਲੂ ਕਲੇਸ਼ ਕਾਰਨ ਧਰਮ ਸਿੰਘ ਦੀ ਪਤਨੀ ਨੇ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਈ ਸੀ, ਜਿਸ ਕਾਰਨ ਦੋਸਤ ਧਰਮ ਸਿੰਘ ਨੂੰ ਜੇਲ ਹੋ ਗਈ ਸੀ। ਬਗੀਚਾ ਸਿੰਘ ਦਾ ਆਪਣੀ ਪਤਨੀ ਨਾਲ ਕਲੇਸ਼ ਕਾਰਨ ਪੰਚਾਇਤੀ ਤਲਾਕ ਹੋ ਗਿਆ ਸੀ ਅਤੇ ਉਹ ਵਿਆਹ ਤੋਂ ਬਾਅਦ 11 ਸਾਲ ਤੋਂ ਅੱਡ ਅੱਡ ਰਹਿ ਰਹੇ ਸਨ। ਇਹੋ ਜਿਹੀਆਂ ਘਰ ਗ੍ਰਹਿਸਥੀ ਦੀਆਂ ਗੱਲਾਂ ਤੋਂ ਟਹਿਲ ਸਿੰਘ ਬਹੁਤ ਦੁਖੀ ਰਹਿੰਦਾ ਸੀ ਅਤੇ ਉਹ ਸੋਚਦਾ ਹੁੰਦਾ ਸੀ ਕੀ ਉਹ ਜ਼ਿੰਦਗੀ ਦੇ ਵਿੱਚ ਵਿਆਹ ਨਹੀਂ ਕਰਵਾਏਗਾ , ਆਪਣੇ ਹੱਥੀਂ ਪਕਾਏਗਾ ਅਤੇ ਖਾਏਗਾ।

ਹੁਣ ਟਹਿਲ ਸਿੰਘ ਦੀ ਉਮਰ 52 ਸਾਲ ਦੀ ਹੋ ਗਈ ਸੀ ਅਤੇ ਉਹ ਫੌਜ ਵਿੱਚੋਂ ਰਿਟਾਇਰ ਹੋ ਕੇ ਆਪਣੇ ਭਾਈ ਭਰਜਾਈਆਂ ਅਤੇ ਭਤੀਜਿਆ ਨਾਲ ਪਿੰਡ ਦੇ ਘਰ ਵਿਚ ਆ ਕੇ ਰਹਿਣ ਲੱਗ ਪਿਆ। ਇਕ ਰਿਟਾਇਰਡ ਫੌਜੀ ਹੋਣ ਦੇ ਨਾਤੇ ਟਹਿਲ ਸਿੰਘ ਆਪਣੇ ਆਪ ਨੂੰ ਹੁਣ ਵੀ ਟਿਪ ਟੋਪ ਰੱਖਦਾ ਸੀ, ਉਹ ਆਪਣੀ ਦਾੜੀ ਕਾਲੀ ਕਰਦਾ ਅਤੇ ਸਾਫ ਸੁਥਰੀ ਪੈਂਟ ਕਮੀਜ਼ ਪਹਿਨਦਾ ਸੀ। ਡੇਢ ਕੁ ਮਹੀਨਾ ਉਸਦੇ ਭਤੀਜੇ ਉਹਦੇ ਨਾਲ ਠੀਕ ਵਰਤਾਰਾ ਕਰਦੇ ਰਹੇ ਪਰ ਬਾਅਦ ਵਿੱਚ ਉਸ ਦੀ ਗੱਲ ਵਿੱਚ ਕਿੰਤੂ ਪ੍ਰੰਤੂ ਲੱਗ ਪਏ, ਇਸ ਤੋਂ ਖਫ਼ਾ ਹੋ ਕੇ ਟਹਿਲ ਸਿੰਘ ਨੇ ਆਪਣੇ ਭਰਾਵਾਂ ਤੋਂ ਰੋਟੀ ਅੱਡ ਬਣਾਉਣ ਲੱਗ ਪਿਆ ਅਤੇ ਆਪਣੇ ਭਰਾਵਾਂ ਤੋਂ ਆਪਣੇ ਹਿੱਸੇ ਦੀ ਜ਼ਮੀਨ ਵੰਡਵਾਂ ਕੇ ਖੇਤੀ ਵੀ ਆਪ ਕਰਨ ਲੱਗ ਪਿਆ।

ਟਹਿਲ ਸਿੰਘ ਆਪਣੇ ਘਰ ਦਾ ਆਪ ਆਪਣੇ ਹੱਥੀ ਝਾੜੂ-ਪੋਚਾ ਕਰਦਾ, ਆਪਣੇ ਲਈ ਆਪ ਰੋਟੀ ਬਣਾਉਂਦਾ ਅਤੇ ਆਪ ਕੱਪੜੇ ਧੋਂਦਾ ਸੀ। ਇਹ ਸਭ ਕੁਝ ਦੇਖ ਕੇ ਉਸਦੇ ਦੋਸਤ ਉਸ ਨੂੰ ਕਹਿਣ ਲੱਗੇ ਉਹ ਆਪਣੇ ਲਈ ਵਿਆਹ ਕਰਵਾ ਲਵੇ, ਉਸ ਦੇ ਰਿਸ਼ਤੇਦਾਰ ਵੀ ਉਸ ਨੂੰ ਵਿਆਹ ਕਰਵਾਉਣ ਦੀ ਸਲਾਹ ਦੇਣ ਲੱਗ ਪਏ ਅਤੇ ਕਹਿਣ ਲੱਗ ਪਏ ਕਿ ਹੁਣ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗਾੜਿਆ। ਤੂੰ ਸਾਡੇ ਸਾਰਿਆਂ ਦੇ ਵਿਆਹਾਂ ਵਿਚ ਨੱਚਿਆ ਕੁੱਦਿਆ ਹੈ ਸਾਡੇ ਵੀ ਤੂੰ ਤੇਰੇ ਵਿਆਹ ਵਿਚ ਭੰਗੜੇ ਪੁਆ ਦੇ, ਨਾਲ ਉਹ ਇਹ ਵੀ ਕਹਿੰਦੇ ਜੇਕਰ ਤੂੰ ਵਿਆਹ ਨਹੀਂ ਕਰਵਾਏਗਾ ਤਾਂ ਤੇਰੇ ਵਾਲੀ ਜਮੀਨ ਉਸ ਦੇ ਭਾਈ ਭਤੀਜੇ ਵਰਤਣਗੇ। ਹੁਣ ਟਹਿਲ ਸਿੰਘ ਸੋਚਣ ਲੱਗ ਪਿਆ ਸੀ ਜੇ ਉਸਨੇ ਜਵਾਨੀ ਵੇਲੇ ਵਿਆਹ ਕਰਵਾਇਆ ਹੁੰਦਾ ਤਾਂ ਉਸਦੇ ਘਰ ਨੂੰ ਸਾਂਭਣ ਵਾਲਾ ਵੀ ਅੱਜ ਕੋਈ ਨਾ ਕੋਈ ਹੁੰਦਾ। ਅਤੇ ਆਪਣੇ ਦੋਸਤਾਂ ਦੇ ਵਾਂਗ ਉਸਦੇ ਵੀ ਆਪਣੇ ਧੀਆਂ ਪੁੱਤਰਾਂ ਵਾਲਾ ਹੁੰਦਾ।

ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਕਹਿਣ ਤੇ ਟਹਿਲ ਸਿੰਘ ਮੰਨ ਗਿਆ ਅਤੇ ਹੁਣ ਸਾਰੇ ਟਹਿਲ ਸਿੰਘ ਲਈ ਜੀਵਣ ਸਾਥੀ ਲੱਭਣ ਲੱਗ ਪਏ। ਪਰ ਇਸ ਉਮਰ ਵਿੱਚ ਟਹਿਲ ਸਿੰਘ ਲਈ ਜੀਵਨ ਸਾਥੀ ਲੱਭਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ ਕਿਉਂਕਿ ਉਸ ਦੀ ਉਮਰ 52 ਸਾਲ ਤੋਂ ਉੱਪਰ ਹੋ ਚੁੱਕੀ ਸੀ। ਵਿਚੋਲਿਆ ਅਤੇ ਰਿਸਤੇਦਾਰਾ ਨੇ ਬਥੇਰੀਆਂ ਜੁੱਤੀਆਂ ਘਸਾਈਆਂ। ਆਖਰਕਾਰ ਉਤਰ ਪ੍ਰਦੇਸ਼ ਦਾ ਇੱਕ ਪਰਿਵਾਰ ਆਪਣੇ ਵਿਧਵਾ ਲੜਕੀ ਦੇ ਵਿਆਹ ਲਈ ਤਿਆਰ ਹੋ ਗਿਆ ਜਿਸ ਦੀ ਉਮਰ 43 ਕੁ ਸਾਲ ਸੀ ਅਤੇ ਉਸ ਕੋਲ ਇੱਕ 13 ਸਾਲ ਦੀ ਬੇਟੀ ਸੀ। ਪਹਿਲਾਂ ਤਾਂ ਟਹਿਲ ਸਿੰਘ ਇਸ ਪ੍ਰਤੀ ਨਾਂਹ ਨੁੱਕਰ ਕਰਦਾ ਰਿਹਾ ਪਰ ਬਾਅਦ ਵਿੱਚ ਰਾਜ਼ੀ ਹੋ ਗਿਆ। ਪਰੰਤੂ ਟਹਿਲ ਸਿੰਘ ਦੇ ਭਰਾ ਅਤੇ ਭਰਜਾਈਆਂ ਇਹ ਸੁਣ ਕੇ ਹੱਕੀਆਂ ਬੱਕੀਆਂ ਰਹਿ ਗਈਆਂ ਅਤੇ ਇਸ ਰਿਸ਼ਤੇ ਬਾਰੇ ਭਾਨੀ ਮਾਰਨ ਲੱਗ ਪਈਆਂ ਕਿਉਂਕਿ ਟਹਿਲ ਸਿੰਘ ਦੀ ਜ਼ਮੀਨ ਉਹਨਾਂ ਦੇ ਹੱਥੋਂ ਖਿਸਕਦੀ ਨਜ਼ਰ ਆ ਰਹੀ ਸੀ। ਹੁਣ ਟਹਿਲ ਸਿੰਘ ਨੂੰ ਵੀ ਸਮਝ ਆ ਰਹੀ ਸੀ ਅਤੇ ਉਹ ਆਪਣੇ ਚਾਰ ਪੰਜ ਰਿਸ਼ਤੇਦਾਰਾਂ ਨੂੰ ਨਾਲ ਉੱਤਰ ਪ੍ਰਦੇਸ ਲਿਜਾ ਕੇ ਆਨੰਦ ਕਾਰਜ ਕਰਵਾ ਕੇ ਆਪਣੀ ਪਤਨੀ ਜਗਮੋਹਣ ਕੌਰ ਨੂੰ ਨਾਲ ਆਪਣੇ ਘਰ ਲੈ ਆਇਆ।

ਇਧਰ ਟਹਿਲ ਸਿੰਘ ਦੋਸਤਾਂ ਨੇ ਉਸਦੇ ਵਿਆਹ ਦੀ ਖੁਸ਼ੀ ਵਿੱਚ ਟਹਿਲ ਸਿੰਘ ਦੇ ਘਰ ਇਕ ਰਾਤ ਦੀ ਪਾਰਟੀ ਰੱਖੀ ਸੀ ਜਿਸ ਵਿੱਚ ਟਹਿਲ ਸਿੰਘ ਦੇ ਸਾਕ-ਸੰਬੰਧੀ, ਰਿਸ਼ਤੇਦਾਰ ਅਤੇ ਪਿੰਡ ਵਾਲੇ ਸੱਦੇ ਗਏ। ਟਹਿਲ ਸਿੰਘ ਆਪਣੀ ਵਹੁਟੀ ਨਾਲ ਘਰੇ ਵਾਪਸ ਆਉਂਦਾ ਹੈ ਅਤੇ ਪਾਰਟੀ ਵਿੱਚ ਸ਼ਾਮਲ ਹੋ ਜਾਂਦਾ ਹੈ । ਸਟੇਜ ਤੇ ਡੀ.ਜੇ. ਵਾਲਾ ਬਦਲ ਬਦਲ ਕੇ ਗੀਤ ਲਗਾਉਂਦਾ ਹੈ ਪਰ ਨੱਚਣ ਲਈ ਕੋਈ ਅੱਗੇ ਨਹੀਂ ਆ ਰਿਹਾ ਸੀ । ਡੀ.ਜੇ. ਵਾਲੇ ਨੇ ਅਨਾਊਸਮੈਂਟ ਕੀਤੀ ਕਿ ਮੁੰਡੇ ਦੇ ਯਾਰ-ਦੋਸਤ ਹੀ ਆ ਕੇ ਭੰਗੜਾ ਪਾ ਲੈਣ। ਬਸ ਫੇਰ ਟਹਿਲ ਸਿੰਘ ਦੇ ਜੁੰਡੀ ਦੇ ਯਾਰ ਭੰਗੜਾ ਪਾਉਣ ਲਈ ਸਟੇਜ ਦੇ ਅੱਗੇ ਆ ਗਏ, ਉਹਨਾਂ ਨੂੰ ਵੇਖ ਕੇ ਡੀ.ਜੇ. ਵਾਲੇ ਨੇ ਸੋਚਿਆ ਕਿ ਮੁੰਡੇ ਦੇ ਦੋਸਤ ਤਾਂ ਬਾਅਦ ਵਿਚ ਨੱਚਣਗੇ ਪਹਿਲਾ ਇਨਾਮ ਬਜੁਰਗਾਂ ਤੋਂ ਹੇ ਸਰੂਆਤ ਕੀਤੀ ਜਾਵੇ ਅਤੇ ਗੁਰਦਾਸ ਮਾਨ ਦਾ ਗੀਤ ਲਗਇਆ ਗਿਆ “ਆ ਬਹਿ ਕੇ ਵੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ”, ਦੋਸਤਾਂ ਨੇ ਖਾਧੀ ਪੀਤੀ ਦੇ ਵਿੱਚ ਵਿਆਹ ਦੇ ਵਿੱਚ ਭੰਗੜਾ ਪਾ ਕੇ ਚਾਰ ਚੰਨ ਲਗਾ ਦਿੱਤੇ।

52-53 ਸਾਲਾਂ ਦੇ ਭੰਗੜਾ ਪਾਉਂਦੇ ਲੰਮੀਆਂ ਦਾੜੀਆਂ ਵਾਲੇ ਦੋਸਤ ਬਹੁਤ ਸੋਹਣੇ ਲੱਗ ਰਹੇ ਸਨ ਆਪਣੇ ਯਾਰ ਦੇ ਵਿਆਹ ਦੇ ਵਿੱਚ ਖੁਸ਼ੀ ਮਨਾ ਰਹੇ ਸਨ ਅਤੇ ਬਾਰ ਬਾਰ ਡੀ.ਜੇ. ਵਾਲੇ ਤੋਂ ਇਹੀ ਗਾਣਾ ਲਗਵਾ ਰਹੇ ਸੀ ਕੀ ਬਾਬੇ ਭੰਗੜਾ ਪਾਉਂਦੇ ਨੇ ਅਤੇ ਆਪਣੇ ਯਾਰ ਦੇ ਬਿਆਹ ਦੇ ਵਿਚ ਖੁਸ਼ੀ ਮਨਾਉਂਦੇ ਨੇ। ਇਸੇ ਤਰ੍ਹਾਂ ਟਹਿਲ ਸਿੰਘ ਤੇ ਭਰਾ ਭਰਜਾਈ ਅਤੇ ਭਤੀਜੇ ਵਿਆਹ ਤੋਂ ਨਾਖੁਸ਼ ਹੋ ਕੇ ਚੁੱਪ-ਚੁਪੀਤੇ ਬੈਠੇ ਸਨ। ਟਹਿਲ ਸਿੰਘ ਦੇ ਘਰ ਨੂੰ ਸਾਂਭਣ ਲਈ ਆ ਕੇ ਰੋਟੀ ਟੁੱਕ ਕਰਨ ਲਈ ਉਸ ਦੀ ਪਤਨੀ ਜਗਮੋਹਣ ਕੌਰ ਆ ਗਈ, ਉਸ ਦੀ ਬੇਟੀ ਨੂੰ ਸਕੂਲ ਵਿੱਚ ਪੜ੍ਹਨ ਲਾ ਦਿੱਤਾ ਅਤੇ ਇੱਕ ਸਾਲ ਬਾਅਦ ਟਹਿਲ ਸਿੰਘ ਦੇ ਘਰੇ ਇੱਕ ਪੁੱਤਰ ਨੇ ਜਨਮ ਲਿਆ। ਇਸ ਤਰ੍ਹਾਂ ਟਹਿਲ ਸਿੰਘ ਵੀ ਘਰ ਗਰਿਸਤੀ ਵਾਲਾ ਹੋ ਗਿਆ ਅਤੇ ਇੱਕ ਆਮ ਇਨਸਾਨ ਦੀ ਤਰ੍ਹਾਂ ਆਪਣਾ ਜੀਵਨ ਬਤੀਤ ਕਰਨ ਲੱਗਿਆ।

ਜਸਪਾਲ ਸਿੰਘ ਮਹਿਰੋਕ
ਸਨੌਰ (ਪਟਿਆਲਾ)
ਮੋਬਾਈਲ 6284347188

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਰ ਢਾਂਗਾ,ਪਾਰ ਢਾਂਗਾ-
Next articleਹਾੜੀ ਦੀ ਫਸਲ