ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਟਰੇਡ ਯੂਨੀਅਨਾਂ ਵੱਲੋਂ ਦਿੱਤੇ ਗਏ ਦੇਸ਼ ਵਿਆਪੀ ਸੱਦੇ ਉੱਤੇ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਜਿਲਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਸਥਾਨਕ ਅੰਬੇਡਕਰ ਚੌਂਕ ਵਿਖੇ ਤਿੰਨ ਨਵੇਂ ਫੌਜਦਾਰੀ ਕਾਨੂੰਨਾਂ ਅਤੇ ਚਾਰ ਕਿਰਤ ਕੋਡਜ਼ ਦੀਆਂ ਕਾਪੀਆਂ ਸਾੜਕੇ ਇਹਨਾਂ ਕਾਨੂੰਨਾਂ ਦੇ ਵਿਰੋਧ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਵਿਚਾਰ ਪੇਸ਼ ਕਰਦਿਆਂ ਇਫਟੂ ਪੰਜਾਬ ਦੇ ਉੱਪ ਸਕੱਤਰ ਅਵਤਾਰ ਸਿੰਘ ਤਾਰੀ ਅਤੇ ਪ੍ਰੈਸ ਸਕੱਤਰ ਜਸਬੀਰ ਦੀਪ ਨੇ ਕਿਹਾ ਕਿ ਬਸਤੀਵਾਦੀ ਕਾਨੂੰਨ ਪ੍ਰਣਾਲੀ ਨੂੰ ਖ਼ਤਮ ਕਰਨ ਦੇ ਨਾਂ ਹੇਠ ਪੁਲਿਸ ਰਾਜ ਵਾਲੇ ਨਵੇਂ ਤਿੰਨ ਫੌਜਦਾਰੀ ਕਾਨੂੰਨ ਲਿਆਂਦੇ ਗਏ ਹਨ। ਦਰਅਸਲ ਇਹ ਬਸਤੀਵਾਦੀ ਕਾਨੂੰਨਾਂ ਤੋਂ ਵੀ ਵੱਧ ਘਾਤਕ ਹਨ। ਮੋਦੀ ਸਰਕਾਰ ਕਾਲੇ ਕਾਨੂੰਨ ਥੋਪਕੇ ਨਾਗਰਿਕਾਂ ਦੀ ਪ੍ਰਗਟਾਵੇ ਦੀ ਆਜ਼ਾਦੀ ਦਾ ਗਲਾ ਘੁੱਟ ਰਹੀ ਹੈ। ਉਹਨਾਂ ਕਿਹਾ ਕਿ ਇਹ ਕਾਨੂੰਨ ਸੰਘਰਸ਼ਾਂ ਰਾਹੀਂ ਹਾਸਲ ਕੀਤੇ ਜਮਹੂਰੀ ਹੱਕਾਂ ਨੂੰ ਖੋਹਣ ਲਈ ਹਨ। ਇਹ ਕਾਨੂੰਨ ਕੌਮਾਂਤਰੀ ਸਮਝੌਤਿਆਂ ਦੀ ਵੀ ਉਲੰਘਣਾ ਹੈ। ਜਿਨ੍ਹਾਂ ਉੱਪਰ ਭਾਰਤੀ ਹੁਕਮਰਾਨਾਂ ਨੇ ਦਸਖ਼ਤ ਕੀਤੇ ਹੋਏ ਹਨ। ਤਿੰਨ ਖੇਤੀ ਕਾਨੂੰਨਾਂ ਵਾਂਗ ਹਕੂਮਤ ਦੇ ਤਾਜ਼ਾ ਫਾਸ਼ੀਵਾਦੀ ਹਮਲਿਆਂ ਨੂੰ ਵੀ ਲੋਕ ਤਾਕਤ ਨਾਲ ਠੱਲ੍ਹ ਪਾਈ ਜਾ ਸਕਦੀ ਹੈ। ਉਹਨਾਂ ਕਿਹਾ ਕਿ ਮਜਦੂਰ ਵਰਗ ਨੂੰ ਇਹਨਾਂ ਫਾਸ਼ੀਵਾਦੀ ਕਾਨੂੰਨਾਂ ਦਾ ਤਿੱਖਾ ਵਿਰੋਧ ਕਰਨਾ ਚਾਹੀਦਾ ਹੈ। ਇਫਟੂ ਦੇ ਜਿਲਾ ਪ੍ਰਧਾਨ ਗੁਰਦਿਆਲ ਰੱਕੜ ਅਤੇ ਰੇਹੜੀ ਵਰਕਰ ਯੂਨੀਅਨ ਦੇ ਪ੍ਰਧਾਨ ਹਰੇ ਰਾਮ ਨੇ ਕਿਹਾ ਕਿ ਚਾਰ ਕਿਰਤ ਕੋਡਜ਼ ਕਾਮਿਆਂ ਨੂੰ ਆਪਣੀ ਜਥੇਬੰਦੀ ਬਣਾਉਣ ਅਤੇ ਹੱਕੀ ਮੰਗਾਂ ਨੂੰ ਲੈਕੇ ਘੋਲ ਕਰਨ, ਰੈਲੀਆਂ ਅਤੇ ਹੜਤਾਲਾਂ ਕਰਨ ਉੱਤੇ ਪਾਬੰਦੀਆਂ ਲਾਉਂਦੇ ਹਨ,ਉਹਨਾਂ ਦੇ ਜਮਹੂਰੀ ਹੱਕ ਕੁਚਲਦੇ ਹਨ। ਮੋਦੀ ਸਰਕਾਰ ਇਹ ਕਿਰਤ ਕੋਡਜ਼ ਦੇਸੀ ਬਦੇਸ਼ੀ ਕਾਰਪੋਰੇਟਾਂ ਦੇ ਹਿੱਤ ਪਾਲਣ ਲਈ ਅਤੇ ਦੇਸ਼ ਦੇ ਮਜਦੂਰਾਂ ਦੀ ਕਿਰਤ ਲੁਟਾਉਣ ਲਈ ਲਿਆਂਦੇ ਗਏ ਹਨ ਜਿਹਨਾਂ ਨੂੰ ਵਾਪਸ ਕਰਾਉਣ ਲਈ ਕਿਰਤੀਆਂ ਨੂੰ ਤਿੱਖੇ ਸੰਘਰਸ਼ ਲੜਨ ਦੀ ਲੋੜ ਹੈ। ਇਹ ਕੋਡਜ਼ ਕਿਰਤੀ ਵਰਗ ਨੂੰ ਜਥੇਬੰਦ ਹੋਣ, ਸੰਘਰਸ਼ ਕਰਨ ਤੋਂ ਰੋਕਣ ਦੇ ਹਥਿਆਰ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly