“”ਜੇ ਨਾ ਸਾਂਭਿਆ ਊਡ਼ਾ ਜੂਡ਼ਾ,ਝੱਲਣੀ ਪਉ ਖੁਆਰੀ””

(ਸਮਾਜ ਵੀਕਲੀ)

ਜਿਵੇ ਕਿ ਤੁਸੀ ਜਾਣਦੇ ਹੋ ਕਿ ਅਸੀ ਸਾਰੇ ਮਾਂ ਬੋਲੀ ਪੰਜਾਬੀ ਦਿਵਸ ਵਜੋ ਮਨਾਉਦੇ ਹਾਂ।ਇਹ ਯੁੱਗਪੁਰਸ਼ ਬਾਬੇ ਨਾਨਕ ,ਬਾਬਾ ਫਰੀਦ,ਬੁੱਲੇ ਸ਼ਾਹ ਵਰਗੇ ਪੀਰ ਫਕੀਰਾ ਅਤੇ ਗੁਰੂਆਂ ਦੀ ਮਿੱਠੀ ਬੋਲੀ ਹੈ।ਮਾਂ ਦੀਆ ਲੋਰੀਆਂ, ਝਿੜਕਾ ਤੇ ਗਾਲਾਂ ਨਾਲ ਪਰੁੰਨੀ ਘਿਉ ਸ਼ਕਰ ਬਰਾਬਰ ਬੋਲੀ ਪਿਆਰੀ ਹੈ ਸਾਨੂੰ।ਸੁਹਾਗ,ਘੋੜੀਆਂ,ਗੀਤ,ਬੋਲੀਆਂ,ਵਾਰਾਂ,ਕਿੱਸੇ,ਤੇ ਢੋਲੇ ਮਾਹੀਏ ਸਾਡੇ ਅਮੀਰ ਵਿਰਸੇ ਦੀਆਂ ਬਾਤਾਂ ਪਾਉਂਦੇ ਨੇ।ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਾ ਹਰੇਕ ਪੰਜਾਬੀ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਹੋਈ ਇਸ ਬੋਲੀ ਨੂੰ ਜਿੰਦਾ ਰੱਖਣ ‘ਚ ਆਪਣਾ ਯੋਗਦਾਨ ਪਾ ਰਿਹਾ ਹੈ।ਜਿੱਥੇ ਮਹਾਨ ਲੇਖਕ,ਕਵੀ,ਕਿੱਸਾਕਾਰ,ਪੰਜਾਬੀਅਤ ਦਾ ਸਿਰ ਉੱਚਾ ਕਰ ਰਹੇ ਨੇ ਉੱਥੇ ਹੀ ਕੁੱਝ ਘਟੀਆ ਗੀਤਕਾਰ ਲੱਚਰ ਗਾਇਕੀ ਪਰੋਸ ਕੇ ਇਸ ਅਮੀਰ ਵਿਰਸੇ ਨੂੰ ਢਾਹ ਲਾ ਰਹੇ ਹਨ।

ਅੱਜ ਬੱਚੇ ਬੱਚੇ ਦੇ ਮੂਹ ਉਹ ਗੰਦੇ ਗੀਤ ਹਨ,ਜਿਹੜੇ ਸਾਡੇ ਪੁਰਾਤਨ ਸੱਭਿਆਚਾਰ ਨੂੰ ਗੰਧਲਾ ਕਰਕੇ ਗੈਰਤਮੰਦ ਪੰਜਾਬੀਆਂ ਨੂੰ ਬੇਗੈਰਤੇ,ਬਲਾਤਕਾਰੀ ਅਤੇ ਨਸ਼ਈ ਬਣਾਉਂਦੇ ਹਨ।ਸਾਡੀ ਜੁਆਨੀ ਲੱਚਰਤਾ ਵਿੱਚ ਗੁਆਚ ਆਪਣੇ ਪੁਰਖਿਆਂ ਦੇ ਇਤਿਹਾਸ ਨੂੰ ਭੁਲਦੀ ਜਾ ਰਹੀ ਹੈ ਕਿ ਸਾਡੇ ਗੁਰੂ ਸਾਹਿਬਾਂ ਨੇ ਇਸ ਅਮੀਰ ਵਿਰਸੇ ਨੂੰ ਬਚਾਉਣ ਖਾਤਰ ਆਪਣਾ ਸਰਬੰਸ ਵਾਰ ਦਿੱਤਾ ਸੀ ।ਪਰ ਅਸੀਂ ਅਕ੍ਰਿਤਘਣ ਹੋ ਗਏ ਹਾ।ਮੇਰੀ ਸੋਚਣੀ ਮੁਤਾਬਕ ਬਹੁਤ ਕੱਝ ਅਜੇ ਜਮੀਨੀ ਪੱਧਰ ਤੇ ਕਰਨਾ ਬਾਕੀ ਹੈ,ਜਿਸ ਦੀ ਸੁਰੂਆਤ ਆਪਣੇ ਘਰਾਂ ਤੋ ਕਰਨੀ ਚਾਹੀਦੀ ਹੈ ਤੇ ਇਹ ਦੇ ਤੇ ਗੌਰ ਕਰਨੀ ਬਣਦੀ ਹੈ ਕਿ ਕੀ ਕੀ ਆਪਣੇ ਘਰਾਂ ਵਿੱਚ ਪੰਜਾਬੀ ਬੋਲਦੇ ਹਾਂ ਜਾ ਫੋਕੇ ਵਿਖਾਵੇ ਖਾਤਰ ਆਪਣੇ ਘਰਾਂ “ਚ ਬੱਚਿਆਂ ਨਾਲ ਹਿੰਦੀ ਅਗਰੇਜੀ ਬੋਲਦੇ ਹਾਂ।

ਭਸ਼ਾਵਾਂ ਦਾ ਗਿਆਨ ਹੋਣਾ ਚੰਗੀ ਗੱਲ ਹੈ,ਪਰ ਆਪਣੀ ਬੋਲੀ ਨੂੰ ਵਿਸਾਰ ਕੇ ਦੂਜੀਆਂ ਬੋਲੀਆਂ ਨੂੰ ਅਹਿਮੀਅਤ ਦੇਣਾ ਕਿੱਧਰ ਦੀ ਸਿਆਣਪ ਹੈ।ਸਿਆਣਿਆਂ ਦਾ ਕਹਿਣਾ ਹੈ ਕਿ ਜਿਨਾਂ ਕੌਮਾਂ ਨੂੰ ਬੋਲੀ ਤੇ ਸੱਭਿਅਤਾ ਭੁੱਲ ਜਾਵੇ ਉਹ ਕੌਮਾਂ ਬਹੁਤੀ ਦੇਰ ਜਿੰਦਾ ਨਹੀ ਰਹਿ ਸਕਦੀਆਂ।ਅਜੋਕੀ ਗਾਇਕੀ ਦਾ ਮਿਆਰ ਏਨਾ ਘਟੀਆ ਹੈ ਕਿ ਅੱਜ ਦੀ ਨੌਜਵਾਨੀ ਬੜੀ ਬੁਰੀ ਤਰਾਂ ਇਸ ਦੇ ਜਾਲ ਵਿੱਚ ਫਸ ਗਈ ਹੈ।ਮਾਰ ਧਾੜ ਵਾਲੇ ਗੀਤ ਲੱਚਰ ਗਾਇਕੀ,ਨਸਿਆ ਨੂੰ ਪਰੋਸਾਹਤ ਕਰਨ ਵਾਲੀ ਗਾਇਕੀ ਨੇ ਬੱਚਿਆ ਦੀ ਸੋਚ ਵਿਚਾਰ ਨੂੰ ਵਿਗਾੜ ਕੇ ਰੱਖ ਦਿੱਤਾ ਹੈ।ਇਕ ਗੀਤ ਜਿਵੇਂ:-
ਗੈਰ ਕਨੂੰਨੀ ਯਾਰ ਮੇਰੇ ਘੁੰਮਦੇ ਫਿਰਦੇ ਰਾਤਾਂ ਨੂੰ।
ਲੋਕੀ ਡਰ ਡਰ ਕਹਿੰਦੇ ਨੇ ਹੋਇਆ ਕੀ ਹਲਾਤਾ ਨੂੰ।

ਅਜਿਹੇ ਗੀਤ ਸ਼ਰੇਆਮ ਗੁੰਡਾਗਰਦੀ ਨੂੰ ਬੜਾਵਾ ਦੇਂਦੇ ਹਨ।ਗੀਤਕਾਰ ਮੈਨੂੰ ਨੀ ਪਤਾ ਕੀ ਸੋਚ ਕੇ ਲਿਖਦਾ ਹੈ ਅੱਗੋ ਗਾਉਣ ਵਾਲੇ ਵੀ ਕੋਈ ਕਸਰ ਨਹੀ ਛੱਡਦੇ। ਕਿਸੇ ਕੁੜੀ ਵੱਲੋ ਹੀ ਗਾਇਆ ਹੋਇਆ ਇਕ ਗੀਤ ਹੈ ਕਿ:-
“ਮੈ ਵੈਲੀ ਨਾਲ ਮੰਗੀ ਹੋਈ ਹਾਂ”।

ਮੈਨੂੰ ਸਮਝ ਨੀ ਆਉਦੀ ਕਿ ਗੀਤਕਾਰ ਤੇ ਗਾਇਕ ਕਿਹੜੀ ਮਾਂ ਬੋਲੀ ਪੰਜਾਬੀ ਨੂੰ ਪਰਮੋਟ ਕਰ ਰਹੇ ਹਨ।ਕਿਹੜਾ ਸੱਭਿਆਚਾਰ ਪਰੋਸ ਰਹੇ ਹਨ।ਸੰਗੀਤਕ ਕੰਪਨੀਆਂ ਨੇ ਵੀ ਪੈਸਾ ਕਮਾਉਣ ਖਾਤਰ ਗੰਦ ਪਾਉਣ ਵਾਲੀ ਕੋਈ ਕਸਰ ਨਹੀ ਛੱਡੀ।ਇਹ ਲੋਕ ਪੰਜਾਬੀ ਸੱਭਿਆਚਾਰ ਦੇ ਨਾਂ ਤੇ ਪੰਜਾਬੀ ਮਾਂ ਬੋਲੀ ਦਾ ਘਾਣ ਕਰ ਰਹੇ ਹਨ।ਇਹ ਸਰਕਾਰਾਂ ਅਜਿਹੇ ਗਾਣਿਆਂ ਤੇ ਪਬੰਦੀ ਕਿਉਂ ਨਹੀ ਲਾਉਂਦੀਆਂ,ਜੋ ਨਸ਼ਿਆ ਨੂੰ,ਹਥਿਆਰਾਂ ਨੂੰ ਤੇ ਗੰਡਾਗਰਦੀ ਨੂੰ ਉਤਸਾਹਿਤ ਕਰਕੇ ਸਾਡੀ ਜੁਆਨੀ ਨੂੰ ਕੁਰਾਹੇ ਪਾ ਰਹੇ ਹਨ।ਕਿੰਨੇ ਦੁੱਖ ਦੀ ਗੱਲ ਹੈ ਕਿ ਸਾਡੀਆਂ ਮੁਟਿਆਰਾਂ ਖੁਦ ਸੰਗੀਤਕ ਕੰਪਨੀਆਂ ਨਾਲ ਸਮਝੌਤੇ ਕਰਕੇ ਅਪਣੇ ਜਿਸਮ ਦਾ ਪਰਦਰਸ਼ਨ ਕਰਦੀਆਂ ਹਨ।

ਕਿੱਥੇ ਗਈਆਂ ਉਹ ਮਾਈ ਭਾਗੋ ਦੀਆਂ ਵਾਰਿਸ ਪੰਜਾਬਣਾਂ? ਜੇਕਰ ਗੱਲ ਸਕੂਲਾਂ ਦੀ ਕੀਤੀ ਜਾਵੇ ਤਾਂ ਨਿੱਜੀ ਸਕੂਲਾਂ ਵਾਲਿਆ ਨੇ ਵੀ ਕੋਈ ਕਸਰ ਬਾਕੀ ਨੀ ਛੱਡੀ।ਪੰਜਾਬ ਦੀ ਸਰ ਜਮੀਨ ਤੇ ਉਸਰੇ ਨਿੱਜੀ ਕਾਰੋਬਾਰ ਵਾਲੇ ਸਕੂਲਾਂ ਵਿੱਚ ਪੰਜਾਬੀ ਬੋਲਣ ਵਾਲੇ ਬੱਚਿਆ ਨੂੰ ਸਜਾ ਦਿੱਤੀ ਜਾਂਦੀ ਹੈ,ਜਦੋ ਕਿ ਹੋਣਾ ਇਹ ਚਾਹੀਦਾ ਹੈ ਕਿ ਉਹਨਾਂ ਸਕੂਲਾਂ ਦੀ ਮਾਨਤਾ ਰੱਦ ਕੀਤੀ ਜਾਣੀ ਚਾਹੀਦੀ ਹੈ,ਜਿੰਨਾ ਸਕੂਲਾਂ ਵਿੱਚ ਪੰਜਾਬੀ ਬੋਲੀ ਲਾਜਮੀ ਨਹੀ ਕੀਤੀ ਜਾਂਦੀ।ਸਾਨੂੰ ਹੀ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆ ਨਾਲ ਪੰਜਾਬੀ ਚ ਗੱਲ ਕਰੀਏ ਤੇ ਉਹਨਾਂ ਨੂੰ ਪੰਜਾਬੀ ਸਕੂਲਾਂ ਵਿੱਚ ਪੜਾਈਏ।ਲੱਚਰ ਸਾਹਿਤ ਨੂੰ ਨਕਾਰਕੇ ਚੰਗੇ ਸਾਹਿਤ ਦੀ ਸਿਰਜਣਾ ਕਰੀਏ।ਲੱਚਰ ਗਾਇਕੀ ਨੂੰ ਨਕਾਰ ਕੇ ਢਾਡੀ ਪਰੰਪਰਾ ਨੂੰ ਉਤਸਾਹਿਤ ਕਰੀਏ ।ਆਪਣੇ ਪਿੰਡਾ ਸ਼ਹਿਰਾ ਨੂੰ ਲਾਇਬ੍ਰੇਰੀਆਂ ਨਾਲ ਜੋੜੀਏ।

ਅੰਤ ਵਿੱਚ ਮੈ ਇਹੀ ਕਹਾਗੀ ਕਿ:-
ਮੈਂ ਪਾਂਧੀ ਸੱਚੀਆਂ ਰਾਹਾਂ ਦਾ,
ਅੱਖਰਾਂ ਨਾਲ ਮੇਰੀ ਯਾਰੀ ।
ਪਿਆਰ ਕਰਾਂ ਸਭ ਧਰਮਾਂ ਨੂੰ,
ਐਪਰ ਮਾਂ ਬੋਲੀ ਪਿਆਰੀ,
ਜੇ ਨਾ ਸਾਂਭਿਆ ਊਡ਼ਾ ਜੂਡ਼ਾ,
ਤੈਨੂੰ ਝੱਲਣੀ ਪਉ ਖੁਆਰੀ ।
ਗਲੀ ਗਲੀ ਮੈ ਹੋਕਾ ਦੇਵਾ,
ਸਾਂਭੋ ਮਾਂ ਬੋਲੀ ਪਿਆਰੀ ।
ਨਿਰਮਲ ਦੇਵੇ ਹੋਕਾ ਭਈ,
ਸਾਂਭੋ ਮਾਂ ਬੋਲੀ ਪਿਆਰੀ।

ਨਿਰਮਲ ਕੌਰ ਕੋਟਲਾ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUNSC elects judge to International Court of Justice
Next articleਮੈ ਹਾਂ ਪੁੱਤ ਪੰਜਾਬ ਦਾ,