ਕੀਵ (ਸਮਾਜ ਵੀਕਲੀ): ਯੂਰੋਪ ਦੇ ਵੱਡੇ ਸ਼ਹਿਰਾਂ ’ਚ ਰੋਸ ਪ੍ਰਗਟਾ ਰਹੇ ਹਜ਼ਾਰਾਂ ਮੁਜ਼ਾਹਰਾਕਾਰੀਆਂ ਨੂੰ ਆਨਲਾਈਨ ਸੰਬੋਧਨ ਕਰਦਿਆਂ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਜੇ ਉਨ੍ਹਾਂ ਦਾ ਦੇਸ਼ ਰੂਸ ਅੱਗੇ ਹਾਰ ਗਿਆ ਤਾਂ ਪੂਰੇ ਦਾ ਪੂਰਾ ਯੂਰੋਪੀ ਮਹਾਦੀਪ ਵੀ ਹਾਰ ਜਾਵੇਗਾ। ਸ਼ੁੱਕਰਵਾਰ ਰਾਤ ਰੂਸ ਦੇ ਹਮਲੇ ਖ਼ਿਲਾਫ਼ ਵੀਏਨਾ, ਤਬਿਲਸੀ, ਪਰਾਗ, ਫਰੈਂਕਫਰਟ, ਵਿਲਨੀਅਸ, ਲਿਓਨ ਤੇ ਬਰਾਟੀਸਲਾਵਾ ਵਿਚ ਰੋਸ ਮੁਜ਼ਾਹਰੇ ਹੋਏ ਹਨ। ਵੀਡੀਓ ਲਿੰਕ ਰਾਹੀਂ ਦਿੱਤੇ ਭਾਸ਼ਣ ਵਿਚ ਜ਼ੇਲੈਂਸਕੀ ਨੇ ਕਿਹਾ, ‘ਚੁੱਪ ਨਾ ਰਹੋ। ਬਾਹਰ ਸੜਕਾਂ ’ਤੇ ਨਿਕਲੋ। ਯੂਕਰੇਨ ਦਾ ਸਾਥ ਦਿਓ। ਸਾਡੀ ਆਜ਼ਾਦੀ ਦਾ ਸਾਥ ਦਿਓ। ਇਹ ਸਾਡੀ ਰੂਸੀ ਫ਼ੌਜ ਉਤੇ ਹੀ ਨਹੀਂ, ਬਲਕਿ ਰੌਸ਼ਨੀ ਦੀ ਹਨੇਰੇੇ ਉਤੇ ਅਤੇ ਨੇਕੀ ਦੀ ਬਦੀ ਉਤੇ ਜਿੱਤ ਹੋਵੇਗੀ। ਜੋ ਹੁਣ ਯੂਕਰੇਨ ਦੀ ਧਰਤੀ ਉਤੇ ਹੋ ਰਿਹਾ ਹੈ, ਇਹ ਉਸ ਉਤੇ ਆਜ਼ਾਦੀ ਦੀ ਜਿੱਤ ਵੀ ਹੋਵੇਗੀ। ਚੁੱਪ ਨਾ ਰਹੋ। ਜੇਕਰ ਯੂਕਰੇਨ ਡਿਗਦਾ ਹੈ ਤਾਂ ਯੂਰੋਪ ਵੀ ਡਿਗੇਗਾ।’
ਉਨ੍ਹਾਂ ਨਾਲ ਹੀ ਕਿਹਾ, ‘ਜੇ ਅਸੀਂ ਜਿੱਤਦੇ ਹਾਂ, ਤੇ ਮੈਨੂੰ ਆਪਣੇ ਲੋਕਾਂ ਵਿਚ ਵਿਸ਼ਵਾਸ ਹੈ, ਮੈਨੂੰ ਤੁਹਾਡੇ ਵਿਚ ਭਰੋਸਾ ਹੈ, ਇਹ ਲੋਕਤੰਤਰ ਲਈ, ਸਾਡੀਆਂ ਕਦਰਾਂ-ਕੀਮਤਾਂ ਲਈ ਤੇ ਆਜ਼ਾਦੀ ਲਈ ਵੀ ਵੱਡੀ ਜਿੱਤ ਹੋਵੇਗੀ।’ ਇਸ ਤੋਂ ਪਹਿਲਾਂ ਰਾਸ਼ਟਰਪਤੀ ਨੇ ਨਾਟੋ ਮੁਲਕਾਂ ਦੇ ਯੂਕਰੇਨ ਉਪਰੋਂ ‘ਨੋ-ਫਲਾਈ’ ਜ਼ੋਨ ਬਣਾਉਣ ਵਿਚ ਨਾਕਾਮ ਰਹਿਣ ’ਤੇ ਉਨ੍ਹਾਂ ਦੀ ਨਿਖੇਧੀ ਵੀ ਕੀਤੀ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly