“ਜੇ ਹਵਾ ਇਹੀ ਰਹੀ ਤਾਂ ————–?

ਕੁਲਦੀਪ ਸਾਹਿਲ

(ਸਮਾਜ ਵੀਕਲੀ)

ਦੇਸ਼ ਦੇ ਹੋਰ ਸੂਬਿਆਂ ਵਾਂਗ ਪੰਜਾਬ ਵਿੱਚ ਵੀ ਹਵਾ ਦੇ ਪ੍ਰਦੂਸ਼ਨ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਪੰਜਾਬ ਦਾ ਪ੍ਰਸ਼ਾਸਨ, ਸਰਕਾਰ ਅਤੇ ਲੋਕ ਇਸ ਮੁੱਦੇ ਤੇ ਗੰਭੀਰ ਨਹੀਂ ਹਨ । ਪੰਜਾਬ ਵਿੱਚ ਟ੍ਰੈਫਿਕ ਪੁਲਿਸ ਵਲੋਂ ਕਦੇ ਵੀ ਵਾਹਨਾਂ ਦੇ ਪ੍ਰਦੂਸ਼ਨ ਸਰਟੀਫਿਕੇਟਾ ਦੀ ਜਾਂਚ ਤਾਂ ਬਹੁਤ ਦੂਰ ਦੀ ਗੱਲ ਹੈ ਵੱਡੀ ਮਾਤਰਾ ਵਿੱਚ ਧੂਆਂ ਛੱਡ ਰਹੇ ਵਾਹਨਾਂ ਵਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਅਗਰ ਅੰਕੜਿਆਂ ਦੇ ਹਿਸਾਬ ਨਾਲ ਗੱਲ ਕਰੀਏ ਤਾਂ 80% ਤੋਂ ਵੱਧ ਵਾਹਨਾਂ ਦੇ ਪ੍ਰਦੂਸ਼ਨ ਸਰਟੀਫਿਕੇਟ ਨਹੀਂ ਹਨ ਅਗਰ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਸਿਰਫ 10% ਵਾਹਨਾਂ ਦੇ ਸਰਟੀਫਿਕੇਟ ਨਹੀਂ ਹਨ। ਚੰਡੀਗੜ੍ਹ ਵਿੱਚ ਡੀਜ਼ਲ ਆਟੋ ਰਿਕਸ਼ਾ ਤੇ ਪਬੰਦੀ ਹੈ ਜਦੋਂ ਕਿ ਪੰਜਾਬ ਵਿੱਚ ਇਹੋ ਜਿਹੇ ਵਾਹਨਾਂ ਤੇ ਕੋਈ ਰੋਕ ਨਹੀਂ ਹੈ।

ਪੰਜਾਬ ਵਿੱਚ ਹਵਾ ਦੇ ਪ੍ਰਦੂਸ਼ਣ ਦੇ ਮੁੱਖ ਕਾਰਨ ਵਾਹਨਾਂ ਅਤੇ ਉਦਯੋਗਾਂ ਦੀ ਵਧਦੀ ਗਿਣਤੀ, ਨਿਰਮਾਣ ਕਾਰਜ, ਕੂੜੇ ਦੇ ਜਲਦੇ ਢੇਰ, ਥਰਮਲ ਪਲਾਂਟ, ਸੜਕਾਂ ਉਤੇ ਉਡਦੀ ਧੂੜ, ਉਤਰੀ ਰਾਜਾਂ ਵਿਚ ਫਸਲਾਂ ਦੀ ਰਹਿੰਦ-ਖਹੂੰਦ ਨੂੰ ਹਰ ਸਾਲ ਲੱਗਦੀ ਅੱਗ ਅਤੇ ਉਸ ਦਾ ਧੂੰਆਂ ਅਤੇ ਦੀਵਾਲੀ ਸਮੇਂ ਜਲਦੇ ਪਟਾਖੇ ਆਦਿ ਹਨ। ਕੋਵਿਡ-19 ਦੇ ਲੌਕਡਾਊਨ ਸਮੇਂ ਪ੍ਰਦੂਸ਼ਨ ਕਾਫੀ ਹੱਦ ਤੱਕ ਘੱਟ ਗਿਆਂ ਸੀ ਕਿਉਂਕਿ ਸਰਕਾਰ ਨੂੰ ਮਜ਼ਬੂਰੀ ਵੱਸ ਉਦਯੋਗ ਅਤੇ ਨਿੱਜੀਵਾਹਨ ਬੰਦ ਕਰਨੇ ਪਏ ਸਨ ਤਾਂ ਇੱਥੋਂ ਦਾ ਅਸਮਾਨ ਬਿਲਕੁਲ ਸਾਫ ਹੋ ਗਿਆ ਸੀ, ਜਦੋਂ ਕਿ ਉਸ ਸਮੇਂ ਪੰਜਾਬ ਅਤੇ ਹਰਿਆਣੇ ਦੇ ਕਿਸਾਨ ਆਪਣੀ ਹਾੜ੍ਹੀ ਦੀ ਫਸਲ ਚੁੱਕ ਰਹੇ ਅਤੇ ਫਸਲਾਂ ਦੀ ਰਹਿੰਦ-ਖਹੂੰਦ ਨੂੰ ਵੀ ਅੱਗ ਲਾ ਰਹੇ ਸਨ।

ਕੋਇਲੇ ਨਾਲ ਚੱਲਣ ਵਾਲੇ ਥਰਮਲ ਪਲਾਂਟਾਂ, ਜੋ ਹਰ ਰੋਜ਼ ਵਾਤਾਵਰਨ ਵਿਚ ਵੱਡੀ ਮਾਤਰਾ ਵਿਚ ਸਲਫਰਡਾਇਆਕਸਾਈਡ, ਨਾਈਟਰੋਜਨ ਆਕਸਾਈਡ ਅਤੇ ਪੀ. ਐੱਮ. 10 ਅਤੇ ਪੀ. ਐੱਮ. 2.5 ਦੇ ਕਣ ਸੁੱਟਦੇ ਹਨ, ਉਤੇ ਐਮ. ਓ. ਈ. ਐੱਫ. ਸੀ. ਸੀ. ਵੱਲੋਂ 2015 ਵਿਚ ਨਿਰਧਾਰਤ ਕੀਤੇ ਨਿਯਮ ਸਖਤੀ ਨਾਲ ਲਾਗੂ ਕਰਨੇ ਚਾਹੀਦੇ ਹਨ। ਥਰਮਲ ਪਲਾਂਟਾਂ ਦੇ ਮਾਲਕਾਂ ਨੇ 2015 ਦੇ ਵਾਤਾਵਰਣ ਨਿਯਮਾਂ ਵਿਚ ਢਿੱਲ ਦੇਣ ਲਈ ਸੁਪਰੀਮ ਕੋਰਟ ਵਿਚ ਅਰਜ਼ੀ ਦਿੱਤੀ ਸੀ ਅਤੇ ਉਸ ਵਿਚ ਉਨ੍ਹਾਂ ਨੂੰ 2022 ਤੱਕ ਢਿੱਲ ਮਿਲ ਗਈ ਹੈ। ਸੈਂਟਰ ਫਾਰ ਸਾਇੰਸ ਅਤੇ ਇਨਵਾਇਰਨਮੈਂਟ ਦੀ ਇਕ ਰਿਪੋਰਟ ਅਨੁਸਾਰ ਹਾਲ ਦੀ ਘੜੀ ਥਰਮਲ ਪਲਾਂਟਾਂ ਵਿਚੋਂ ਸਿਰਫ 2% ਪਲਾਂਟ ਹੀ ਵਾਤਾਵਰਨ ਨਿਯਮਾਂ ਉਤੇ ਖਰੇ ਉਤਰਦੇ ਹਨ। ਸਰਕਾਰ ਦੀਆਂ ਇਸ ਤਰ੍ਹਾਂ ਦੀਆਂ ਢਿੱਲਾਂ ਪੰਜਾਬ ਦੇ ਵਾਤਾਵਰਨ ਨੂੰ ਤੇਜ਼ੀ ਨਾਲ ਪ੍ਰਦੂਸ਼ਿਤ ਕਰਨ ਲਈ ਜ਼ਿੰਮੇਵਾਰ ਹਨ।

ਹਵਾ ਦਾ ਪ੍ਰਦੂਸ਼ਣ ਇੱਕ ਅਦਿੱਖ ਜ਼ਹਿਰ ਹੈ, ਜੋ ਰੋਜ਼ਾਨਾ ਹਜ਼ਾਰਾਂ ਜ਼ਿੰਦਗੀਆਂ ਨੂੰ ਨਿਗਲ ਰਿਹਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਹਵਾ ਪ੍ਰਦੂਸ਼ਣ ਸਾਡੇ ਫੇਫੜਿਆਂ ਨੂੰ ਕਿੰਨਾ ਪ੍ਰਭਾਵਿਤ ਕਰਦਾ ਹੈ, ਪਰ ਇਹ ਨੁਕਸਾਨ ਸਿਰਫ ਫੇਫੜਿਆਂ ਤੱਕ ਹੀ ਸੀਮਤ ਨਹੀਂ ਹੈ ਪ੍ਰਦੂਸ਼ਣ ਸਾਡੇ ਦਿਲ, ਦਿਮਾਗ, ਅੱਖਾਂ ਅਤੇ ਚਮੜੀ ਦੀ ਸਿਹਤ ਦੇ ਨਾਲ-ਨਾਲ ਗਠੀਏ ਵਰਗੀਆਂ ਆਟੋਇਮਿਊਨ ਬਿਮਾਰੀਆਂ ਦਾ ਕਾਰਨ ਵੀ ਬਣ ਰਿਹਾ ਹੈ। ਦੁਨੀਆਂ ਵਿੱਚ ਹਵਾ ਪ੍ਰਦੂਸ਼ਣ ਕਾਰਨ ਹਰ ਸਾਲ 7 ਮਿਲੀਅਨ ਲੋਕਾਂ ਦੀ ਮੌਤ ਹੁੰਦੀ ਹੈ।

ਭਾਰਤ ਦੇ 22 ਦੇ ਕਰੀਬ ਸ਼ਹਿਰ ਦੁਨੀਆਂ ਦੇ ਸਭ ਤੋਂ ਵੱਧ ਪ੍ਰਦੂਸ਼ਤ ਸ਼ਹਿਰਾਂ ਵਿੱਚੋ ਆਉਂਦੇ ਹਨ। ਪ੍ਰਦੂਸ਼ਣ ਕਾਰਨ ਇਕ ਸਾਲ ਵਿਚ ਲਗਭਗ 24 ਲੱਖ ਭਾਰਤੀਆਂ ਦੀ ਮੌਤ ਹੋਈ, ਜਿਨ੍ਹਾਂ ਵਿਚੋਂ 16.7 ਲੱਖ ਲੋਕ ਇਕੱਲੇ ਹਵਾ ਪ੍ਰਦੂਸ਼ਣ ਕਾਰਨ ਆਪਣੀ ਜਾਨ ਗੁਆ ਬੈਠੇ ਹਨ। ਇਹ ਅੰਕੜਾ ਦੁਨੀਆ ਦੇ ਬਾਕੀ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਵੱਧ ਹੈ। ਪੰਜਾਬ ਵੀ ਹਵਾ ਪ੍ਰਦੂਸ਼ਨ ਕਰਕੇ ਸਿਹਤਮੰਦ ਨਹੀਂ ਰਿਹਾ।ਅਗਰ ਜ਼ਮੀਨੀ ਪੱਧਰ ਤੇ ਦੇਖਿਆ ਜਾਵੇ ਤਾਂ ਪ੍ਰਦੂਸ਼ਨ ਦੇ ਮੁੱਦੇ ਤੇ ਸਰਕਾਰਾਂ ,ਪ੍ਰਸ਼ਾਸਨ ਅਤੇ ਲੋਕ ਬੇਖਬਰ ਹਨ। ਹਵਾ ਪ੍ਰਦੂਸ਼ਨ ਇਨਸਾਨ ਲਈ ਇੱਕ ਮੌਤ ਵੱਲ ਜਾਂਦੇ ਰਸਤੇ ਦੇ ਬਰਾਬਰ ਹੀ ਹੈ।

ਜੇ ਜ਼ਿਆਦਾ ਨਹੀਂ ਤਾਂ ਚੰਡੀਗੜ੍ਹ ਦੀ ਤਰਜ਼ ਤੇ ਪੰਜਾਬ ਵਿੱਚ ਵੀ ਸਰਕਾਰ, ਪ੍ਰਸ਼ਾਸਨ, ਅਤੇ ਲੋਕਾ ਵਲੋਂ ਮਿਲਕੇ ਹਵਾ ਪ੍ਰਦੂਸ਼ਨ ਨੂੰ ਘੱਟ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ।

ਕੁਲਦੀਪ ਸਾਹਿਲ
9417990040
#16A ਫੋਕਲ ਪੁਆਇੰਟ ਰਾਜਪੁਰਾ।

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਭਾਣੋ ਲੰਗਾ ਵਿਖੇ ਕਰਵਾਈਆਂ ਕੁੱਤਿਆਂ ਦੀਆਂ ਦੌੜਾਂ ਲੰਬੀਆਂ ਯਾਦਾਂ ਛੱਡਦੀਆਂ ਸਮਾਪਤ