ਵਾਸ਼ਿੰਗਟਨ (ਸਮਾਜ ਵੀਕਲੀ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਜੇਕਰ ਵ1ਲਾਦਿਮੀਰ ਪੂਤਿਨ ਨਾਟੋ ਦੇਸ਼ਾਂ ਵਿਚ ਦਾਖਲ ਹੁੰਦੇ ਹਨ ਤਾਂ ਅਮਰੀਕਾ ਦਖ਼ਲ ਦੇਵੇਗਾ। ਬਾਇਡਨ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਉਨ੍ਹਾਂ ਦੇ ਰੂਸੀ ਹਮਰੁਤਬਾ ਨੂੰ ਹੁਣ ਨਾ ਰੋਕਿਆ ਗਿਆ ਤਾਂ ਉਨ੍ਹਾਂ ਦਾ ਹੌਸਲਾ ਵਧੇਗਾ। ਬਾਇਡਨ ਨੇ ਇਸ ਦੌਰਾਨ ਰੂਸ ਖ਼ਿਲਾਫ਼ ਕਈ ਸਖ਼ਤ ਪਾਬੰਦੀਆਂ ਲਗਾਉਣ ਦਾ ਐਲਾਨ ਵੀ ਕੀਤਾ। ਇਨ੍ਹਾਂ ਪਾਬੰਦੀਆਂ ਰਾਹੀਂ ਰੂਸੀ ਬੈਂਕਾਂ, ਕੁਲੀਨ ਵਰਗ ਅਤੇ ਉੱਚ ਤਕਨਾਲੋਜੀ ਵਾਲੇ ਖੇਤਰਾਂ ’ਤੇ ਨਿਸ਼ਾਨਾ ਸੇਧਿਆ ਗਿਆ ਹੈ।
ਬਾਇਡਨ ਨੇ ਕਿਹਾ ਕਿ ਪੂਤਿਨ ਨਾਲ ਗੱਲਬਾਤ ਕਰਨ ਦੀ ਉਨ੍ਹਾਂ ਦੀ ਕੋਈ ਯੋਜਨਾ ਨਹੀਂ ਹੈ ਪਰ ਉਨ੍ਹਾਂ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦਿਮੀਰ ਜੇਲੈਂਸਕੀ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਅਮਰੀਕਾ, ਯੂਕਰੇਨ ਦੇ ਲੋਕਾਂ ਦੇ ਦਰਦ ਨੂੰ ਘੱਟ ਕਰਨ ਲਈ ਮਨੁੱਖੀ ਰਾਹਤ ਮੁਹੱਈਆ ਕਰੇਗਾ। ਬਾਇਡਨ ਨੇ ਵੀਰਵਾਰ ਨੂੰ ਵ੍ਹਾਈਟ ਹਾਊਸ ਵਿਚ ਇਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ, ‘‘ਜੇਕਰ ਉਹ (ਰੂਸੀ ਰਾਸ਼ਟਰਪਤੀ ਵਲਾਦਿਮੀਰ ਪੂਤਿਨ) ਨਾਟੋ ਦੇਸ਼ਾਂ ਵਿਚ ਦਾਖਲ ਹੋਏ ਤਾਂ ਅਸੀਂ ਦਖ਼ਲ ਦੇਵਾਂਗੇ। ਮੈਨੂੰ ਇਸ ਗੱਲ ਦਾ ਪਤਾ ਹੈ ਕਿ ਜੇਕਰ ਅਸੀਂ ਉਨ੍ਹਾਂ ਨੂੰ ਹੁਣੇ ਨਾ ਰੋਕਿਆ ਗਿਆ ਤਾਂ ਉਨ੍ਹਾਂ ਦਾ ਹੌਸਲਾ ਹੋਰ ਵਧੇਗਾ। ਜੇਕਰ ਅਸੀਂ ਉਨ੍ਹਾਂ ਖ਼ਿਲਾਫ਼ ਹੁਣੇ ਸਖ਼ਤ ਪਾਬੰਦੀਆਂ ਨਾ ਲਗਾਈਆਂ ਗਈਆਂ ਤਾਂ ਉਨ੍ਹਾਂ ਦਾ ਹੌਸਲਾ ਵਧੇਗਾ।’’
ਇਕ ਸਵਾਲ ਦੇ ਜਵਾਬ ਵਿਚ ਬਾਇਡਨ ਨੇ ਕਿਹਾ ਕਿ ਇਹ ਪਹਿਲਾਂ ਹੀ ਇਕ ਵੱਡੇ ਸੰਘਰਸ਼ ਦਾ ਰੂਪ ਲੈ ਚੁੱਕਾ ਹੈ। ਇਸੇ ਦੌਰਾਨ ਬਾਇਡਨ ਨੇ ਕਿਹਾ ਕਿ ਅਮਰੀਕਾ ਨੇ ਆਪਣੇ ਨਾਟੋ ਸਹਿਯੋਗੀਆਂ, ਖਾਸ ਕਰ ਕੇ ਦੀ ਰੱਖਿਆ ਲਈ ਵਾਧੂ ਸੈਨਿਕਾਂ ਦੀ ਤਾਇਨਾਤੀ ਕੀਤੀ ਹੈ, ਖ਼ਾਸ ਤੌਰ ’ਤੇ ਪੂਰਬੀ ਯੂਰੋਪ ’ਚ। ਉਨ੍ਹਾਂ ਕਿਹਾ ਕਿ ਅਮਰੀਕੀ ਫ਼ੌਜਾਂ ਯੂਕਰੇਨ ਵਿਚ ਲੜਨ ਲਈ ਯੂਰੋਪ ਨਹੀਂ ਜਾ ਰਹੀਆਂ ਹਨ ਪਰ ਪੂਰਬ ਵਿਚ ਨਾਟੋ ਭਾਈਵਾਲਾਂ ਦੀ ਰੱਖਿਆ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ, ‘‘ਅਸੀਂ ਆਪਣੇ ਨਾਟੋ ਭਾਈਵਾਲਾਂ ਦੀ ਰੱਖਿਆ ਲਈ ਕਦਮ ਉਠਾ ਰਹੇ ਹਨ।’’ ਬਾਇਡਨ ਨੇ ਦਾਅਵਾ ਕੀਤਾ ਕਿ ਯੂਕਰੇਨ ਵਿਚ ਪੂਤਿਨ ਦੀਆਂ ਖ਼ਹਿਸ਼ਾਂ ਕਾਫੀ ਵੱਡੀਆਂ ਹਨ। ਉਨ੍ਹਾਂ ਕਿਹਾ ਕਿ ਪੂਤਿਨ ਅਸਲ ਵਿਚ ਸਾਬਕਾ ਸੋਵੀਅਤ ਯੂਨੀਅਨ ਦਾ ਮੁੜ ਤੋਂ ਗਠਨ ਕਰਨਾ ਚਾਹੁੰਦੇ ਹਨ। ਜ਼ਿਰਕਯੋਗ ਹੈ ਕਿ ਰੂਸ ਨੇ ਵੀਰਵਾਰ ਨੂੰ ਯੂਕਰੇਨ ਖ਼ਿਲਾਫ਼ ਫ਼ੌਜੀ ਕਾਰਵਾਈ ਸ਼ੁਰੂ ਕੀਤੀ ਸੀ ਜੋ ਕਿ ਅੱਜ ਵੀ ਜਾਰੀ ਰਹੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly